ਪੰਜ ਦਿਨ ਬਾਅਦ ਵੀ ਨੇਹਾ ਪੁਲਿਸ ਦੀ ਗ੍ਰਿਫ਼ਤ ’ਚੋਂ ਬਾਹਰ
-ਕੈਦੀ ਹਿਮਾਂਸ਼ੂ ਦੇ ਮਾਮਲੇ
Publish Date: Sat, 08 Nov 2025 09:58 PM (IST)
Updated Date: Sat, 08 Nov 2025 10:01 PM (IST)

-ਕੈਦੀ ਹਿਮਾਂਸ਼ੂ ਦੇ ਮਾਮਲੇ ’ਚ ਪੂਰੇ ਗਿਰੋਹ ਦੇ ਸ਼ਾਮਲ ਹੋਣ ਦੇ ਸੰਕੇਤ - ਪੁਲਿਸ ਦੀਆਂ ਦੋ ਟੀਮਾਂ ਫ਼ਰਾਰ ਨੇਹਾ ਦੀ ਭਾਲ ’ਚ ਲੱਗੀਆਂ ਸੁਕਰਾਂਤ, ਜਾਗਰਣ, ਜਲੰਧਰ : ਜੇਲ੍ਹ ਤੋਂ ਪੈਰੋਲ ’ਤੇ ਆ ਕੇ ਆਪਣੇ-ਆਪ ਨੂੰ ਮ੍ਰਿਤਕ ਦਿਖਾਉਣ ਵਾਲੇ ਉਮਰ ਕੈਦ ਹਿਮਾਂਸ਼ੂ ਦੇ ਮਾਮਲੇ ’ਚ ਉਸ ਦੀ ਭੈਣ ਨੇਹਾ, ਜੋ ਮੁੱਖ ਸਾਜ਼ਿਸ਼ਕਰਤਾ ਹੈ, ਪੰਜ ਦਿਨਾਂ ਬਾਅਦ ਵੀ ਪੁਲਿਸ ਦੇ ਹੱਥ ਨਹੀਂ ਆਈ ਹੈ। ਪੁਲਿਸ ਨੇ ਉਸ ਦੀ ਗ੍ਰਿਫਤਾਰੀ ਲਈ ਦੋ ਵੱਖ-ਵੱਖ ਟੀਮਾਂ ਬਣਾਈਆਂ ਤੇ ਵੱਖ-ਵੱਖ ਸਥਾਨਾਂ ’ਤੇ ਛਾਪੇ ਮਾਰੇ। ਇਸ ਦੌਰਾਨ, ਸ਼ੁੱਕਰਵਾਰ ਨੂੰ ਪੁਲਿਸ ਨੇ ਹਿਮਾਂਸ਼ੂ ਦੀ ਪਤਨੀ, ਗੁਆਂਢੀ ਤੇ ਪਿੰਡ ਦੇ ਸਰਪੰਚ ਦੇ ਬਿਆਨ ਦਰਜ ਕੀਤੇ ਹਨ। ਜਾਂਚ ਵਿਚ ਇਹ ਸਾਫ਼ ਹੋਇਆ ਹੈ ਕਿ ਹਿਮਾਂਸ਼ੂ ਦੀ ਫਰਜ਼ੀ ਮੌਤ ਦਿਖਾਉਣ ਤੇ ਉਸ ਦਾ ਨਵਾਂ ਜੀਵਨ ਰਚਣ ’ਚ ਪੂਰੇ ਗਿਰੋਹ ਦੀ ਸ਼ਮੂਲੀਅਤ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਨੇਹਾ ਦੀ ਗ੍ਰਿਫਤਾਰੀ ਮਗਰੋਂ ਗਿਰੋਹ ਦੇ ਸਾਰੇ ਮੈਂਬਰਾਂ ਤੇ ਉਨ੍ਹਾਂ ਦੀਆਂ ਭੂਮਿਕਾਵਾਂ ਦਾ ਪਤਾ ਲੱਗ ਜਾਵੇਗਾ। ਨਾਲ ਹੀ, ਪੁਲਿਸ ਨੇ ਹਿਮਾਂਸ਼ੂ ਨੂੰ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਜੇਲ੍ਹ ਭੇਜਣ ਦੇ ਹੁਕਮ ਦਿੱਤੇ ਗਏ ਹਨ। ਹੁਣ ਨੇਹਾ ਦੀ ਗ੍ਰਿਫਤਾਰੀ ਮਗਰੋਂ ਹੀ ਇਸ ਮਾਮਲੇ ਦੀਆਂ ਪਰਤਾਂ ਖੁੱਲ੍ਹਣਗੀਆਂ ਕਿ ਗਿਰੋਹ ’ਚ ਕੌਣ-ਕੌਣ ਲੋਕ ਹਨ ਤੇ ਇਸ ਕਾਂਡ ’ਚ ਕਿਸ-ਕਿਸ ਨੇ ਭੂਮਿਕਾ ਨਿਭਾਈ ਹੈ। --- ਜੇਲ੍ਹ ਪ੍ਰਸ਼ਾਸਨ ਤੋਂ ਵੀ ਪੁੱਛਗਿੱਛ ਪੁਲਿਸ ਨੇ ਹੁਣ ਜਾਂਚ ਨੂੰ ਵਧਾਉਂਦਿਆਂ ਜੇਲ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਵੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਇਹ ਜਾਂਚ ਇਸ ਬਿੰਦੂ ’ਤੇ ਕੇਂਦਰਿਤ ਹੈ ਕਿ ਆਖਿਰ ਕਿਵੇਂ ਜੇਲ੍ਹ ਰਿਕਾਰਡ ’ਚ ਹਿਮਾਂਸ਼ੂ ਨੂੰ ‘ਮਰਿਆ’ ਐਲਾਨਿਆ ਗਿਆ ਜਦਕਿ ਉਹ ਬਾਹਰ ਆਜ਼ਾਦੀ ਵਾਲਾ ਜੀਵਨ ਬਤੀਤ ਕਰ ਰਿਹਾ ਸੀ। ਅਧਿਕਾਰੀਆਂ ਤੋਂ ਇਹ ਵੀ ਪੁੱਛਿਆ ਗਿਆ ਹੈ ਕਿ ਮੌਤ ਦੇ ਪ੍ਰਮਾਣ ਪੱਤਰ ਦੀ ਪੁਸ਼ਟੀ ਲਈ ਕਿਹੜੇ ਦਸਤਾਵੇਜ਼ਾਂ ਦੀ ਵਰਤੋਂ ਕੀਤੀ ਗਈ ਤੇ ਕਿਸ ਪ੍ਰਕਿਰਿਆ ’ਚ ਉਕਾਈ ਹੋਈ। --- ਗਿਰੋਹ ਦੀ ਸ਼ਮੂਲੀਅਤ ਦਾ ਸ਼ੱਕ ਪੁਲਿਸ ਦੀ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਫਰਜ਼ੀ ਮੌਤ ਦਾ ਪ੍ਰਮਾਣ ਪੱਤਰ ਬਣਾਉਣ ਤੋਂ ਲੈ ਕੇ ਸਰਕਾਰੀ ਰਿਕਾਰਡ ’ਚ ਉਸ ਦੀ ਐਂਟਰੀ ਕਰਨ ਤੱਕ ਕਈ ਲੋਕਾਂ ਦੀ ਭੂਮਿਕਾ ਰਹੀ ਹੈ। ਸ਼ੱਕ ਹੈ ਕਿ ਇਹ ਇਕ ਸੰਗਠਿਤ ਗਿਰੋਹ ਸੀ ਜੋ ਫਰਜ਼ੀ ਦਸਤਾਵੇਜ਼ ਤਿਆਰ ਕਰ ਕੇ ਅਪਰਾਧੀਆਂ ਨੂੰ ਨਵੀਂ ਜ਼ਿੰਦਗੀ ਦੇਣ ਦਾ ਕੰਮ ਕਰਦਾ ਸੀ।