ਸਾਫ਼ ਹਵਾ ਲਈ ਇਕਜੁੱਟ ਤੇ ਸਾਂਝੇ ਯਤਨਾਂ ਦੀ ਲੋੜ : ਏਡੀਸੀ
ਸਾਫ਼ ਹਵਾ ਲਈ ਇਕਜੁੱਟ ਤੇ ਸਾਂਝੇ ਯਤਨਾਂ ਦੀ ਲੋੜ : ਵਧੀਕ ਡਿਪਟੀ ਕਮਿਸ਼ਨਰ
Publish Date: Wed, 20 May 2026 08:18 PM (IST)
Updated Date: Wed, 20 May 2026 08:19 PM (IST)

-ਜ਼ਿਲ੍ਹਾ ਪ੍ਰਸ਼ਾਸਨ ਤੇ ਲੰਗ ਕੇਅਰ ਫਾਊਂਡੇਸ਼ਨ ਵੱਲੋਂ ‘ਸਾਂਝੀ ਹਵਾ ਤੇ ਸਿਹਤ’ ਵਿਸ਼ੇ ’ਤੇ ਵਿਸ਼ੇਸ਼ ਸਮਰੱਥਾ ਨਿਰਮਾਣ ਸੈਸ਼ਨ ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਵਿਚ ਹਵਾ ਪ੍ਰਦੂਸ਼ਣ ਅਤੇ ਜਨਤਕ ਸਿਹਤ ਸਬੰਧੀ ਸਥਾਨਕ ਪੱਧਰ ਦੀਆਂ ਕਾਰਵਾਈਆਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਵੱਲ ਇੱਕ ਅਹਿਮ ਕਦਮ ਚੁੱਕਦਿਆਂ ਜਲੰਧਰ ਪ੍ਰਸ਼ਾਸਨ ਵੱਲੋਂ ਲੰਗ ਕੇਅਰ ਫਾਊਂਡੇਸ਼ਨ ਦੇ ਸਹਿਯੋਗ ਨਾਲ ‘ਸਾਂਝੀ ਹਵਾ ਤੇ ਸਿਹਤ’ ਸਿਰਲੇਖ ਹੇਠ ਇੱਕ ਵਿਸ਼ੇਸ਼ ਸਮਰੱਥਾ ਨਿਰਮਾਣ ਸੈਸ਼ਨ ਕਰਵਾਇਆ ਗਿਆ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਹ ਸੈਸ਼ਨ ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ (ਯੂ.ਐਨ.ਈ.ਪੀ.) ਦੇ ਸਹਿਯੋਗ ਨਾਲ ਚੱਲ ਰਹੇ ਯਤਨਾਂ ਤਹਿਤ ਕਰਵਾਇਆ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਮਨਿੰਦਰ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਅਗਵਾਈ ਵਿਚ ਜ਼ਿਲ੍ਹਾ ਪ੍ਰਸ਼ਾਸਨ ਹਵਾ ਪ੍ਰਦੂਸ਼ਣ ਦੀ ਰੋਕਥਾਮ ਲਈ ਵਚਨਬੱਧ ਹੈ। ਸਾਫ਼ ਹਵਾ ਸਿਰਫ਼ ਇਕ ਵਾਤਾਵਰਨ ਨਾਲ ਜੁੜੀ ਚਿੰਤਾ ਨਹੀਂ ਸਗੋਂ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ, ਜਿਸ ਲਈ ਇਕਜੁੱਟ ਹੋ ਕੇ ਸਾਂਝੇ ਯਤਨ ਕੀਤੇ ਜਾਣੇ ਚਾਹੀਦੇ ਹਨ। ਸੈਸ਼ਨ ਦੌਰਾਨ ਜਲੰਧਰ ਦੇ ਪਿੰਡਾਂ ਤੋਂ ਸਰਵੇਖਣ ਦੇ ਨਤੀਜਿਆਂ ਦੀ ਪੇਸ਼ਕਾਰੀ, ਅੰਮਿ੍ਰਤਸਰ ਵਿਚ ਜਾਗਰੂਕਤਾ ਅਤੇ ਸਮਰੱਥਾ-ਨਿਰਮਾਣ ਦੇ ਯਤਨਾਂ ਤੋਂ ਮਿਲੀਆਂ ਸਿੱਖਿਆਵਾਂ, ਭਾਈਚਾਰਕ ਸ਼ਮੂਲੀਅਤ ਅਤੇ ਜ਼ਮੀਨੀ ਪੱਧਰ ’ਤੇ ਹੱਲ ਤਿਆਰ ਕਰਨਾ ਆਦਿ ਵਿਸ਼ਿਆਂ ‘ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।ਇਸ ਤੋਂ ਪਹਿਲਾਂ ਆਨਰੇਰੀ ਪ੍ਰਧਾਨ, ਪੰਜਾਬ (ਡੀ.ਐਫ.ਸੀ.ਏ.) ਡਾ.ਪੀ.ਐੱਸ. ਬਖ਼ਸ਼ੀ ਤੇ ਸੰਸਥਾਪਕ ਟਰੱਸਟੀ, ਲੰਗ ਕੇਅਰ ਫਾਊਂਡੇਸ਼ਨ ਡਾ. ਰਾਜੀਵ ਖੁਰਾਨਾ ਨੇ ਫਾਊਂਡੇਸ਼ਨ ਵੱਲੋਂ ਸਿਹਤਮੰਦ ਹਵਾ ਤੇ ਸਿਹਤਮੰਦ ਜੀਵਨ ਯਕੀਨੀ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ’ਤੇ ਚਾਨਣਾ ਪਾਇਆ। ਇਸ ਮੌਕੇ ਅੰਸ਼ਿਕਾ ਕਾਂਸਲ, ਰਿਤਵਿਕਾ ਮਾਮਾਣੀਆ ਅਤੇ ਡਾ. ਸੋਨਾਲੀ ਵੋਹਰਾ ਵੱਲੋਂ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਐੱਸ.ਡੀ.ਐਮ. ਸ਼ੁਭੀ ਆਂਗਰਾ, ਸਹਾਇਕ ਕਮਿਸ਼ਨਰ (ਜ) ਬਾਦਲਦੀਨ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ।