ਨਸ਼ਾ ਸਮਾਜ ਦੀਆਂ ਜੜ੍ਹਾਂ ਨੂੰ ਕਰ ਰਿਹੈ ਖੋਖਲਾ, ਲੋਕਾਂ ਦਾ ਸਹਿਯੋਗ ਜ਼ਰੂਰੀ : ਸਿੰਗਲਾ
ਨਵੀਨ ਸਿੰਗਲਾਂ ਆਈਪੀਐੱਸ ਵੱਲੋਂ ਜਲੰਧਰ ਦਿਹਾਤੀ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ
Publish Date: Tue, 26 Aug 2025 07:36 PM (IST)
Updated Date: Wed, 27 Aug 2025 04:08 AM (IST)

-ਡੀਆਈਜੀ ਨਵੀਨ ਸਿੰਗਲਾ ਵੱਲੋਂ ਜ਼ਿਲ੍ਹਾ ਦਿਹਾਤੀ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹੇ ’ਚ ਅਮਨ-ਚੈਨ ਨੂੰ ਮਜ਼ਬੂਤ ਕਰਨ ਤੇ ਸਮਾਜ ਨੂੰ ਨਸ਼ਾ, ਅਪਰਾਧ ਤੇ ਭ੍ਰਿਸ਼ਟਾਚਾਰ ਵਿਰੁੱਧ ਪੁਲਿਸ ਕਾਰਜਕੁਸ਼ਲਤਾ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਲਈ ਡੀਆਈਜੀ ਜਲੰਧਰ ਰੇਂਜ ਨਵੀਨ ਸਿੰਗਲਾ ਨੇ ਜ਼ਿਲ੍ਹਾ ਦਿਹਾਤੀ ਦੇ ਪੁਲਿਸ ਅਧਿਕਾਰੀਆ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ’ਚ ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਸਮੇਤ ਸਰਬਜੀਤ ਰਾਏ ਐੱਸਪੀ ਤਫ਼ਤੀਸ਼, ਪਰਮਿੰਦਰ ਸਿੰਘ ਹੀਰ ਐੱਸਪੀ ਹੈੱਡ ਕੁਆਟਰ, ਮਨਜੀਤ ਕੌਰ ਐੱਸਪੀਪੀਬੀਆਈ, ਜ਼ਿਲ੍ਹੇ ਦੇ ਸਾਰੇ ਡੀਐੱਸਪੀ, ਐੱਸਐੱਚਓ, ਚੌਕੀ ਇੰਚਾਰਜ, ਮੱਦ ਇੰਚਾਰਜ ਤੇ ਹੋਰ ਕਰਮਚਾਰੀ ਵੀ ਸ਼ਾਮਲ ਹੋਏ। ਡੀਆਈਜੀ ਸਿੰਗਲਾ ਵੱਲੋਂ ਨਸ਼ਾ ਤਸਕਰੀ ਵਿਰੁੱਧ ਸਖ਼ਤ ਹੁਕਮ ਜਾਰੀ ਕੀਤੇ ਗਏ। ਉਨ੍ਹਾਂ ਨੇ ਕਿਹਾ ਕਿ ਨਸ਼ਾ ਸਮਾਜ ਦੀਆਂ ਜੜ੍ਹਾਂ ਨੂੰ ਖੋਖਲਾ ਕਰ ਰਿਹਾ ਹੈ ਤੇ ਇਸ ਵਿਰੁੱਧ ਪੁਲਿਸ ਦੇ ਨਾਲ ਜਨਤਾ ਦਾ ਸਹਿਯੋਗ ਹਾਸਲ ਕਰਨਾ ਜ਼ਰੂਰੀ ਹੈ। ਕਾਨੂੰਨੀ ਕਾਰਵਾਈ ਦੇ ਨਾਲ-ਨਾਲ ਜਾਗਰੂਕਤਾ ਮੁਹਿੰਮਾਂ ਕਰਵਾਉਣੀਆਂ ਚਾਹੀਦੀਆਂ ਹਨ। ਅਪਰਾਧ ਰੋਕਥਾਮ ਤੇ ਕਾਨੂੰਨ ਵਿਵਸਥਾ ਕਤਲ, ਚੋਰੀ, ਲੁੱਟ ਤੇ ਗੁੰਡਾਗਰਦੀ ਵਰਗੇ ਅਪਰਾਧਾਂ ਨੂੰ ਲੈ ਕੇ ਚਿੰਤਾ ਜਤਾਈ ਗਈ। ਥਾਣਾ ਮੁਖੀਆਂ ਨੂੰ ਰੋਜ਼ਾਨਾ ਗਸ਼ਤ, ਲੋਕਾਂ ਨਾਲ ਸੰਪਰਕ ਤੇ ਸ਼ੱਕੀ ਵਿਅਕਤੀਆਂ ’ਤੇ ਨਿਗਰਾਨੀ ਵਧਾਉਣ ਦੇ ਹੁਕਮ ਦਿੱਤੇ ਗਏ, ਤਾਂ ਜੋ ਅਪਰਾਧਾਂ ਨੂੰ ਪਹਿਲਾਂ ਹੀ ਰੋਕਿਆ ਜਾ ਸਕੇ। ਡੀਆਈਜੀ ਵੱਲੋਂ ਹਦਾਇਤ ਦਿੱਤੀ ਗਈ ਕਿ ਪੁਲਿਸ ਕੰਮਕਾਜ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਤਕਨੀਕੀ ਸਾਧਨਾਂ ਅਤੇ ਨਵੀਨਤਾ ਲਿਆਉਣ ਦੀ ਲੋੜ ਹੈ, ਖੁਫੀਆ ਨੈਟਵਰਕ ਨੂੰ ਮਜ਼ਬੂਤ ਕੀਤਾ ਜਾਵੇ ਤੇ ਰਿਪੋਰਟਿੰਗ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਇਆ ਜਾਵੇ। ਜਨਤਾ ਨਾਲ ਸੰਪਰਕ ਮਜ਼ਬੂਤ ਕਰਨ ਲਈ ਨਸ਼ਾ ਵਿਰੁੱਧ ਲੈਕਚਰਾਂ, ਸਮਾਜਕ ਮੀਟਿੰਗਾਂ ਤੇ ਸਕੂਲ-ਕਾਲਜ ਸਤਰ ’ਤੇ ਜਾਗਰੂਕਤਾ ਕੈਂਪ ਤੇ ਸੰਪਰਕ ਮੀਟਿੰਗਾਂ ਕੀਤੀਆਂ ਜਾਣ। ਪੁਲਿਸ ਨੂੰ ਸਿਰਫ਼ ਕਾਨੂੰਨ ਲਾਗੂ ਕਰਨ ਵਾਲਾ ਅੰਗ ਨਹੀਂ ਸਗੋਂ ਸਮਾਜ ਦਾ ਸਾਂਝੀਦਾਰ ਦਰਸਾਉਣ ’ਤੇ ਜ਼ੋਰ ਦਿੱਤਾ ਗਿਆ। ਭ੍ਰਿਸ਼ਟਾਚਾਰ ਖ਼ਿਲਾਫ਼ ਸਖ਼ਤ ਨੀਤੀ ਡੀਆਈਜੀ ਵੱਲੋਂ ਭ੍ਰਿਸ਼ਟਾਚਾਰ ਪ੍ਰਤੀ ‘ਜ਼ੀਰੋ ਟਾਲਰੈਂਸ’ ਨੀਤੀ ਦੀ ਪੁਸ਼ਟੀ ਕੀਤੀ ਗਈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਭ੍ਰਿਸ਼ਟ ਅਧਿਕਾਰੀਆਂ ਨੂੰ ਕਿਸੇ ਵੀ ਹਾਲਤ ’ਚ ਬਖ਼ਸ਼ਿਆ ਨਹੀਂ ਜਾਵੇਗਾ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ, ਤਾਂ ਜੋ ਜਨਤਾ ਦਾ ਵਿਸ਼ਵਾਸ ਪੁਲਿਸ ’ਚ ਮਜ਼ਬੂਤ ਕੀਤਾ ਜਾ ਸਕੇ। ਅੰਤ ’ਚ ਡੀਆਈਜੀ ਵੱਲੋਂ ਸਾਰੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਉਹ ਆਪਣੇ ਇਲਾਕਿਆਂ ’ਚ ਕੰਟਰੋਲ ਵਧਾਉਣ, ਲੋਕਾਂ ਦੀਆਂ ਸ਼ਿਕਾਇਤਾਂ ’ਤੇ ਤੁਰੰਤ ਕਾਰਵਾਈ ਕਰਨ ਤੇ ਪੁਲਿਸ ਦੀ ਚੰਗੀ ਛਵੀ ਨੂੰ ਬਣਾਈ ਰੱਖਣ ਲਈ ਸੰਵੇਦਨਸ਼ੀਲਤਾ ਤੇ ਇਮਾਨਦਾਰੀ ਨਾਲ ਕੰਮ ਕਰਨ।