ਅਮਰੀਕਾ ਨਹੀਂ ਛੱਡ ਰਿਹਾ ਨਾਟੋ ਗੱਠਜੋੜ
ਨਾਟੋ ਜਨਰਲ ਸਕੱਤਰ ਮਾਰਕ
Publish Date: Sun, 19 Apr 2026 08:45 PM (IST)
Updated Date: Sun, 19 Apr 2026 08:48 PM (IST)

ਨਾਟੋ ਜਨਰਲ ਸਕੱਤਰ ਮਾਰਕ ਰੂਟ ਨੇ ਜਤਾਇਆ ਭਰੋਸਾ ਈਰਾਨ ਮਸਲੇ ’ਤੇ ਨਾਟੋ ਦੇਸ਼ਾਂ ਤੋਂ ਨਾਰਾਜ਼ ਹਨ ਟਰੰਪ ਬ੍ਰਸੇਲਸ (ਏਐੱਨਆਈ) : ਪਹਿਲਾਂ ਯੂਕ੍ਰੇਨ ਜੰਗ ਤੇ ਉਸ ਤੋਂ ਬਾਅਦ ਈਰਾਨ ਜੰਗ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਉੱਤਰ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਪ੍ਰਤੀ ਨਾਰਾਜ਼ਗੀ ਜ਼ਾਹਿਰ ਹੋ ਚੁੱਕੀ ਹੈ। ਈਰਾਨ ਜੰਗ ’ਚ ਨਾਟੋ ਦੇ ਸਹਿਯੋਗੀ ਦੇਸ਼ਾਂ ਦੇ ਸ਼ਾਮਲ ਨਾ ਹੋਣ ਨਾਲ ਨਾਰਾਜ਼ ਟਰੰਪ ਨੇ ਉਨ੍ਹਾਂ ਨੂੰ ਪੇਪਰ ਟਾਈਗਰ ਤੱਕ ਕਰਾਰ ਦੇ ਦਿੱਤਾ ਤੇ ਕਿਹਾ ਕਿ ਅਮਰੀਕਾ ਵੀ ਭਵਿੱਖ ’ਚ ਹੋਣ ਵਾਲੀ ਕਿਸੇ ਵੀ ਜੰਗ ’ਚ ਨਾਟੋ ਦੇਸ਼ਾਂ ਦਾ ਸਾਥ ਨਹੀਂ ਦੇਵੇਗਾ। ਇਸ ਤੋਂ ਬਾਅਦ ਅਮਰੀਕਾ ਦੇ ਨਾਟੋ ਛੱਡਨ ਦੀ ਚਰਚਾ ਨੇ ਜ਼ੋਰ ਫੜ ਲਿਆ ਪਰ ਨਾਟੋ ਦੇ ਜਨਰਲ ਸਕੱਤਰ ਮਾਰਕ ਰੂਟ ਨੇ ਇਨ੍ਹਾਂ ਚਰਚਿਆਂ ਨੂੰ ਖਾਰਜ ਕਰ ਦਿੱਤਾ ਹੈ। ਜਰਮਨ ਅਖਬਾਰ ਡੀ ਵੇਲਟ ਨੂੰ ਦਿੱਤੀ ਇੰਟਰਵਿਊ ’ਚ ਰੂਟ ਨੇ ਕਿਹਾ,‘ਉਹ ਅਜਿਹੇ ਕੋਈ ਆਸਾਰ ਨਹੀਂ ਦੇਖ ਰਹੇ ਹਨ, ਜਿਸ ’ਚ ਅਮਰੀਕਾ ਨਾਟੋ ਨੂੰ ਛੱਡ ਰਿਹਾ ਹੋਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ’ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਯੂਰਪ ਦੀ ਪ੍ਰਮਾਣੂ ਹਥਿਆਰਾਂ ਤੋਂ ਰੱਖਿਆ ਦੇ ਸੰਕਲਪ ਤੋਂ ਪਿੱਛੇ ਹਟੇਗਾ। ਉਨ੍ਹਾਂ ਕਿਹਾ ਕਿ ਅਮਰੀਕਾ ਦੀ ਰਣਨੀਤਿਕ ਸਥਿਤੀ ਬੇਹੱਦ ਗੁੰਝਲਦਾਰ ਹੈ ਪਰ ਅਮਰੀਕਾ ਦੀ ਪ੍ਰਮਾਣੂ ਤਾਕਤ ਯੂਰਪ ਦੀ ਸੁਰੱਖਿਆ ਦੀ ਗਾਰੰਟੀ ਦੇਣ ਵਾਲੀ ਹੈ ਤੇ ਅਮਰੀਕਾ ਦੇ ਰੁਖ਼ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ ਕਿ ਉਹ ਆਪਣੀ ਜ਼ਿੰਮੇਵਾਰੀ ਭਵਿੱਖ ’ਚ ਵੀ ਨਿਭਾਏਗਾ। ਜ਼ਿਕਰਯੋਗ ਹੈ ਕਿ 32 ਦੇਸ਼ਾਂ ਦੇ ਇਸ ਫੌਜੀ ਗੱਠਜੋੜ ਦੀ ਅਗਵਾਈ ਅਣ-ਐਲਾਨੇ ਤੌਰ ’ਤੇ ਅਮਰੀਕਾ ਕਰਦਾ ਹੈ ਤੇ ਉਹੀ ਉਸ ਦਾ 60 ਫੀਸਦ ਤੋਂ ਵੱਧ ਦਾ ਖਰਚ ਚੁੱਕਦਾ ਹੈ। ਇਸ ਲਈ ਖਾਸ ਤੌਰ ’ਤੇ ਈਰਾਨ ਜੰਗ ’ਚ ਨਾਟੋ ਸਹਿਯੋਗੀਆਂ ਵੱਲੋਂ ਸਾਥ ਨਾ ਦਿੱਤੇ ਜਾਣ ਨਾਲ ਰਾਸ਼ਟਰਪਤੀ ਟਰੰਪ ਨਾਰਾਜ਼ ਹਨ। ਇਸ ਤੋਂ ਪਹਿਲਾਂ ਯੂਕ੍ਰੇਨ ਜੰਗ ’ਚ ਰੂਸੀ ਰਾਸ਼ਟਰਪਤੀ ਵਾਲਦੀਮਿਰ ਪੁਤਿਨ ਨਾਲ ਗੱਲਬਾਤ ਦੇ ਮਸਲੇ ’ਤੇ ਟਰੰਪ ਨੇ ਜਿਸ ਤਰ੍ਹਾਂ ਨਾਲ ਯੂਰਪ ਨੂੰ ਹਾਸ਼ੀਏ ’ਤੇ ਰੱਖ ਦਿੱਤਾ ਸੀ, ਉਸ ਨਾਲ ਅਮਰੀਕਾ ਤੇ ਯੁਰਪ ਵਿਚਾਲੇ ਮਤਭੇਦ ਉਜਾਗਰ ਹੋਏ ਸਨ। ਉਂਝ ਟਰੰਪ ਦੀ ਅਗਵਾਈ ’ਚ ਅਮਰੀਕਾ ਕਈ ਕੌਮਾਂਤਰੀ ਸੰਸਥਾਵਾਂ ਤੋਂ ਪਾਸਾ ਵਟ ਚੁੱਕਾ ਹੈ। ਜੇ ਟਰੰਪ ਨੇ ਨਾਟੋ ਤੋਂ ਵੀ ਵੱਖ ਦੀ ਪਹਿਲ ਕੀਤੀ ਤਾਂ ਉਨ੍ਹਾਂ ਨੂੰ ਸੀਨੇਟ ਦੇ ਦੋ-ਤਿਹਾਈ ਬਹੁਮਤ ਨਾਲ ਸਮਰਥਨ ਦੀ ਲੋੜ ਹੋਵੇਗੀ। ਰਿਪਬਲੀਕਨ ਰਾਸ਼ਟਰਪਤੀ ਨੂੰ ਸੀਨੇਟ ’ਚ ਇੰਨਾ ਵੱਡਾ ਸਮਰਥਨ ਮਿਲਨਾ ਬੇਹੱਦ ਮੁਸ਼ਕਿਲ ਹੈ।