ਕੌਮੀ ਲੋਕ ਅਦਾਲਤ ਦੌਰਾਨ 46,813 ਕੇਸਾਂ ਦਾ ਨਿਪਟਾਰਾ
ਜਲੰਧਰ, ਫਿਲੌਰ ਤੇ ਨਕੋਦਰ ’ਚ ਕੌਮੀ ਲੋਕ ਅਦਾਲਤ ਦਾ ਆਯੋਜਨ, 46,813 ਕੇਸਾਂ ਦਾ ਰਾਜ਼ੀਨਾਮੇ ਰਾਹੀਂ ਨਿਪਟਾਰਾ
Publish Date: Sat, 13 Dec 2025 06:59 PM (IST)
Updated Date: Sat, 13 Dec 2025 07:00 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼ਨਿਚਰਵਾਰ ਨੂੰ ਜਲੰਧਰ, ਫਿਲੌਰ ਤੇ ਨਕੋਦਰ ਦੇ ਜੁਡੀਸ਼ੀਅਲ ਕੋਰਟ ਕੰਪਲੈਕਸਾਂ ’ਚ ਕੌਮੀ ਲੋਕ ਅਦਾਲਤ ਲਗਾਈ ਗਈ। ਇਸ ਲੋਕ ਅਦਾਲਤ ’ਚ ਸਿਵਲ ਕੇਸ, ਵਿਆਹ ਸਬੰਧੀ ਮਾਮਲੇ, ਐੱਮਏਸੀਟੀ ਕੇਸ, ਰਾਜ਼ੀਨਾਮਾ ਯੋਗ ਫੌਜਦਾਰੀ ਕੇਸ, ਟ੍ਰੈਫਿਕ ਚਲਾਨਾਂ ਤੇ ਬੈਂਕਾਂ, ਵਿੱਤੀ ਸੰਸਥਾਵਾਂ, ਬੀਐੱਸਐੱਨਐੱਲ, ਪੀਐੱਸਪੀਸੀਐੱਨ ਤੇ ਮਾਲ ਵਿਭਾਗ ਨਾਲ ਸਬੰਧਤ ਮੁਕੱਦਮੇ ਤੋਂ ਪਹਿਲਾਂ ਵਾਲੇ ਕੇਸ ਸੁਣਵਾਈ ਲਈ ਲਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨਿਰਭਉ ਸਿੰਘ ਗਿੱਲ ਨੇ ਦੱਸਿਆ ਕਿ ਜਲੰਧਰ, ਫਿਲੌਰ ਤੇ ਨਕੋਦਰ ’ਚ ਕੁੱਲ 25 ਬੈਂਚਾਂ ਦਾ ਗਠਨ ਕੀਤਾ ਗਿਆ। ਲੋਕ ਅਦਾਲਤ ’ਚ ਕੁੱਲ 47,702 ਕੇਸ ਸੁਣਵਾਈ ਲਈ ਲਏ ਗਏ, ਜਿਨ੍ਹਾਂ ’ਚੋਂ 46,813 ਕੇਸਾਂ ਦਾ ਰਾਜ਼ੀਨਾਮੇ ਰਾਹੀਂ ਸਫ਼ਲ ਨਿਪਟਾਰਾ ਕੀਤਾ ਗਿਆ। ਲੋਕ ਅਦਾਲਤ ਦੌਰਾਨ ਕੁੱਲ 35 ਕਰੋੜ 82 ਲੱਖ 19 ਹਜ਼ਾਰ 255 ਰੁਪਏ ਦੇ ਐਵਾਰਡ ਨਿਪਟਾਏ ਗਏ। ਨਿਰਭਉ ਸਿੰਘ ਗਿੱਲ ਤੇ ਰਾਹੁਲ ਕੁਮਾਰ, ਮੁੱਖ ਨਿਆਇਕ ਮੈਜਿਸਟਰੇਟ-ਕਮ-ਸਕੱਤਰ, ਡੀਐੱਲਐੱਸਏ ਜਲੰਧਰ ਵੱਲੋਂ ਜਲੰਧਰ ’ਚ ਗਠਿਤ ਬੈਂਚਾਂ ਦਾ ਨਿਰੀਖਣ ਵੀ ਕੀਤਾ ਗਿਆ। ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਕਿਹਾ ਕਿ ਲੋਕ ਅਦਾਲਤ ਰਾਹੀਂ ਲੋਕਾਂ ਨੂੰ ਤੇਜ਼ੀ ਤੇ ਘੱਟ ਖਰਚੇ ਨਾਲ ਨਿਆਂ ਮਿਲਦਾ ਹੈ। ਲੋਕ ਅਦਾਲਤ ਦਾ ਫੈਸਲਾ ਅੰਤਿਮ ਹੁੰਦਾ ਹੈ, ਜਿਸ ਵਿਰੁੱਧ ਕੋਈ ਅਪੀਲ ਨਹੀਂ ਹੁੰਦੀ। ਇਹ ਫੈਸਲੇ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਦੇ ਆਧਾਰ ’ਤੇ ਕੀਤੇ ਜਾਂਦੇ ਹਨ ਤੇ ਅਰਜ਼ੀਕਰਤਾ ਵੱਲੋਂ ਜਮ੍ਹਾਂ ਕਰਵਾਈ ਅਦਾਲਤੀ ਫੀਸ ਵੀ ਵਾਪਸ ਕੀਤੀ ਜਾਂਦੀ ਹੈ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ-ਕਮ-ਸੀਜੇਐੱਮ ਰਾਹੁਲ ਕੁਮਾਰ ਨੇ ਦੱਸਿਆ ਕਿ ਕੇਸਾਂ ਦੇ ਨਿਪਟਾਰੇ ਲਈ ਸਮੇਂ-ਸਮੇਂ ’ਤੇ ਲੋਕ ਅਦਾਲਤਾਂ ਲਗਾਈਆਂ ਜਾਂਦੀਆਂ ਹਨ। ਲੋਕ ਅਦਾਲਤ ’ਚ ਕੇਸ ਦਰਜ ਕਰਵਾਉਣ ਜਾਂ ਮੁਫ਼ਤ ਕਾਨੂੰਨੀ ਸਹਾਇਤਾ ਸਬੰਧੀ ਜਾਣਕਾਰੀ ਲਈ ਕੋਈ ਵੀ ਵਿਅਕਤੀ ਟੋਲ ਫ੍ਰੀ ਨੰਬਰ 15100 ’ਤੇ ਸੰਪਰਕ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਅਗਲੀ ਲੋਕ ਅਦਾਲਤ 10 ਮਾਰਚ 2026 ਨੂੰ ਲਗਾਈ ਜਾਵੇਗੀ।