ਨੇਪਾਲ ਸਰਕਾਰ ਨੇ ਕਾਠਮੰਡੂ ’ਚ ਸੈਂਕੜੇ ਨਾਜਾਇਜ਼ ਢਾਂਚੇ ਤੋੜੇ
ਕਾਠਮੰਡੂ (ਪੀਟੀਆਈ) : ਨੇਪਾਲ
Publish Date: Sat, 25 Apr 2026 08:22 PM (IST)
Updated Date: Sat, 25 Apr 2026 08:25 PM (IST)
ਕਾਠਮੰਡੂ (ਪੀਟੀਆਈ) : ਨੇਪਾਲ ਸਰਕਾਰ ਨੇ ਸ਼ਨੀਵਾਰ ਨੂੰ ਕਾਠਮੰਡੂ ਦੇ ਥਾਪਾਥਲੀ ਤੇ ਗੈਰੇਗਾਓਂ ਇਲਾਕਿਆਂ ’ਚ ਬਾਗਮਤੀ ਨਦੀ ਦੇ ਕਿਨਾਰੇ ਵਸੇ ਸੈਂਕੜੇ ਨਾਜਾਇਜ਼ ਢਾਂਚਿਆਂ ਨੂੰ ਤੋੜ ਦਿੱਤਾ। ਨਾਜਾਇਜ਼ ਕਬਜ਼ਿਆਂ ਵਿਰੁੱਧ ਬਾਲੇਂਦਰਸ਼ਾਹ ਦੀ ਸਖ਼ਤੀ ਪੀਐੱਮ ਬਣਨ ਤੋਂ ਬਾਅਦ ਵੀ ਨਜ਼ਰ ਆ ਰਹੀ ਹੈ।
ਨਾਜਾਇਜ਼ ਢਾਂਚਿਆਂ ਨੂੰ ਹਟਾਉਣਾ ਕਾਠਮੰਡੂ ਮਹਾਨਗਰਪਾਲਿਕਾ ਦੇ ਸੁੰਦਰੀਕਰਨ ਤੇ ਬਾਗਮਤੀ ਨਦੀ ਦੇ ਕਿਨਾਰਿਆਂ ਨੂੰ ਠੀਕ ਕਰਨ ਲਈ ਸਰਕਾਰ ਦੀ ਯੋਜਨਾ ਦਾ ਹਿੱਸਾ ਹੈ। ਕੁਝ ਸਾਲ ਪਹਿਲਾਂ ਜਦ ਬਾਲੇਂਦਰਸ਼ਾਹ ਕਾਠਮੰਡੂ ਦੇ ਮੇਅਰ ਸਨ, ਉਦੋਂ ਉਨ੍ਹਾਂ ਨੇ ਬਾਗਮਤੀ ਨਦੀ ਦੇ ਕਿਨਾਰੇ ਸਥਿਤ ਥਾਪਾਥਲੀ ’ਚ ਨਾਜਾਇਜ਼ ਢਾਂਚਿਆਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਸੀ। ਇਹ ਕੋਸ਼ਿਸ਼ ਉਦੋਂ ਸਫਲ ਨਹੀਂ ਹੋ ਸਕੀ ਸੀ ਕਿਉਂਕਿ ਕੇਪੀ ਓਲੀ ਦੀ ਅਗਵਾਈ ਵਾਲੀ ਸਰਕਾਰ ਨੇ ਉਨ੍ਹਾਂ ਦਾ ਸਹਿਯੋਗ ਨਹੀਂ ਕੀਤਾ ਸੀ। ਪੁਲਿਸ ਨੇ ਦੱਸਿਆ ਕਿ ਥਾਪਾਥਲੀ ਇਲਾਕੇ ਤੋਂ ਝੌਂਪੜੀਆਂ ਤੇ ਅਸਥਾਈ ਢਾਂਚਿਆਂ ’ਚ ਰਹਿ ਰਹੇ 146 ਪਰਿਵਾਰਾਂ ਨੂੰ ਹਟਾਇਆ ਗਿਆ, ਜਦਕਿ ਗੈਰੇਗਾਓਂ ਇਲਾਕੇ ਤੋਂ 200 ਪਰਿਵਾਰਾਂ ਨੂੰ ਹਟਾਇਆ ਗਿਆ। ਪਰਿਵਾਰਾਂ ਨੂੰ ਕਾਠਮੰਡੂ ਦੇ ਦਸ਼ਰਥ ਸਟੇਡੀਅਮ ਤੇ ਕੀਰਤੀਪੁਰ ਨਗਰਪਾਲਿਕਾ ’ਚ ਬਣੇ ਅਸਥਾਈ ਪਨਾਹਗਾਹਾਂ ’ਚ ਤਬਦੀਲ ਕਰ ਦਿੱਤਾ ਗਿਆ ਹੈ।