ਨਕੋਦਰ-ਮਹਿਤਪੁਰ ਸੜਕ 30 ਦਿਨਾਂ ਲਈ ਰਹੇਗੀ ਬੰਦ, ਬਦਲਵੇਂ ਰੂਟ ਜਾਰੀ
ਨਕੋਦਰ-ਮਹਿਤਪੁਰ ਸੜਕ 30 ਦਿਨਾਂ ਲਈ ਰਹੇਗੀ ਬੰਦ, ਬਦਲਵੇਂ ਰੂਟ ਜਾਰੀ
Publish Date: Sun, 10 May 2026 08:25 PM (IST)
Updated Date: Mon, 11 May 2026 04:15 AM (IST)

ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ : ਨਕੋਦਰ-ਮਹਿਤਪੁਰ-ਜਗਰਾਓ ਸੜਕ ਦੀ ਅਪਗ੍ਰੇਡੇਸ਼ਨ ਤੇ ਮੁਰੰਮਤ ਦਾ ਕੰਮ 11 ਮਈ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਪੰਜਾਬ ਲੋਕ ਨਿਰਮਾਣ ਵਿਭਾਗ (ਭ ਅਤੇ ਮ ਸ਼ਾਖਾ), ਜਲੰਧਰ ਕੈਂਟ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਨਕੋਦਰ-ਨੂਰਮਹਿਲ ਸੜਕ ਤੋਂ ਮਹਿਤਪੁਰ ਤੱਕ ਦੇ ਹਿੱਸੇ ਦੀ ਮੁਰੰਮਤ ਕੀਤੀ ਜਾਵੇਗੀ। ਵਿਭਾਗੀ ਅਧਿਕਾਰੀਆਂ ਨੇ ਦੱਸਿਆ ਕਿ ਨਕੋਦਰ ਇਲਾਕੇ ’ਚ ਕਰੀਬ 650 ਮੀਟਰ ਲੰਬੀ ਕੰਕਰੀਟ ਸੜਕ ਤਿਆਰ ਕੀਤੀ ਜਾਵੇਗੀ। ਇਸ ਕੰਮ ਨੂੰ ਮੁਕੰਮਲ ਕਰਨ ਲਈ ਲੱਗਭਗ 30 ਦਿਨਾਂ ਦਾ ਸਮਾਂ ਲੱਗੇਗਾ। ਕੰਮ ਦੀ ਗੁਣਵੱਤਾ ਤੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਇਸ ਦੌਰਾਨ ਸੜਕ ਆਵਾਜਾਈ ਲਈ ਪੂਰੀ ਤਰ੍ਹਾਂ ਬੰਦ ਰਹੇਗੀ। ਲੋਕਾਂ ਦੀ ਸਹੂਲਤ ਲਈ ਪ੍ਰਸ਼ਾਸਨ ਵੱਲੋਂ ਬਦਲਵੇਂ ਰੂਟ ਵੀ ਜਾਰੀ ਕੀਤੇ ਗਏ ਹਨ। ਜਲੰਧਰ ਜਾਂ ਨਕੋਦਰ ਤੋਂ ਜਗਰਾਓ ਜਾਣ ਵਾਲੀ ਟ੍ਰੈਫਿਕ ਬੀਰ ਪਿੰਡ ਤੋਂ ਮੋਹਿਮ ਪਿੰਡ ਰਾਹੀਂ ਮਹਿਤਪੁਰ ਵੱਲ ਭੇਜੀ ਜਾਵੇਗੀ। ਇਸੇ ਤਰ੍ਹਾਂ ਜਲੰਧਰ, ਨਕੋਦਰ ਤੇ ਮੋਗਾ ਜਾਣ ਵਾਲੀ ਆਵਾਜਾਈ ਪਡੋਰੀ ਖਾਸ ਤੋਂ ਹੋ ਕੇ ਨੈਸ਼ਨਲ ਹਾਈਵੇ (ਮੋਗਾ-ਜਲੰਧਰ ਰੋਡ) ਰਾਹੀਂ ਗੁਜ਼ਰੇਗੀ। ਕਾਰਜਕਾਰੀ ਇੰਜੀਨੀਅਰ, ਪ੍ਰਾਂਤਕ ਮੰਡਲ (ਲੋਕ ਨਿਰਮਾਣ ਵਿਭਾਗ) ਜਲੰਧਰ ਕੈਂਟ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਭਾਗ ਦਾ ਸਹਿਯੋਗ ਕਰਨ ਤੇ ਜਾਰੀ ਕੀਤੇ ਗਏ ਬਦਲਵੇਂ ਰੂਟਾਂ ਦੀ ਵਰਤੋਂ ਕਰ ਕੇ ਯਾਤਰਾ ਕਰਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਿਆ ਜਾ ਸਕੇ।