ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਚਲਾਈ ਜਾਵੇ ਕੰਬਾਇਨ : ਡਾ. ਜਸਵੀਰ ਸਿੰਘ
ਨਾਇਬ ਤਹਿਸੀਲਦਾਰ ਵੱਲੋਂ ਕੰਬਾਈਨ ਤੇ ਬੇਲਰ ਐਸੋਸੀਏਸ਼ਨ ਨਾਲ ਮੀਟਿੰਗ
Publish Date: Tue, 16 Sep 2025 08:10 PM (IST)
Updated Date: Tue, 16 Sep 2025 08:11 PM (IST)

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਝੋਨੇ ਦੀ ਪਰਾਲੀ ਦੀ ਸਚੱਜੀ ਸਾਂਭ-ਸੰਭਾਲ ਕਰਨ ਤੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਕੰਬਾਇਨ ਐਸੋਸੀਏਸ਼ਨ ਤੇ ਬੇਲਰ ਐਸੋਸੀਏਸ਼ਨ ਨਾਲ ਸਬ-ਡਵੀਜ਼ਨ ਦਫ਼ਤਰ ਸ਼ਾਹਕੋਟ ਵਿਖੇ ਮੀਟਿੰਗ ਕੀਤੀ ਗਈ। ਉਪ ਮੰਡਲ ਮੈਜਿਸਟ੍ਰੇਟ ਸ਼ਾਹਕੋਟ ਹੜ੍ਹਾਂ ਦੇ ਕੰਮ 'ਚ ਰੁੱਝੇ ਹੋਣ ਕਰ ਕੇ ਇਸ ਮੀਟਿੰਗ ਦੀ ਅਗਵਾਈ ਬਲਵਿੰਦਰ ਸਿੰਘ ਨਾਇਬ ਤਹਿਸੀਲਦਾਰ ਲੋਹੀਆਂ ਖ਼ਾਸ ਵੱਲੋਂ ਕੀਤੀ ਗਈ। ਇਸ ਮੀਟਿੰਗ ’ਚ ਡਾ. ਜਸਬੀਰ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਸ਼ਾਹਕੋਟ ਵੱਲੋਂ ਕੰਬਾਇਨ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਦੱਸਿਆ ਗਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੰਬਾਇਨ ਨੂੰ ਚਲਾਉਣ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ ਤੇ ਕੰਬਾਇਨ ਨੂੰ ਸੁਪਰ ਐੱਸਐੱਮਐੱਸ ਮਸ਼ੀਨ ਲੱਗੀ ਹੋਣੀ ਲਾਜ਼ਮੀ ਹੋਵੇਗੀ ਤਾਂ ਜੋ ਝੋਨੇ ਦੀ ਪਰਾਲੀ ਨੂੰ ਜ਼ਮੀਨ ’ਚ ਹੀ ਖ਼ਤਮ ਕੀਤਾ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਬੇਲਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਵੀ ਦੱਸਿਆ ਗਿਆ ਕਿ ਉਹ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣਗੇ। ਉਨ੍ਹਾਂ ਕਿਹਾ ਕਿ ਬੇਲਰ ਮਾਲਕ ਇਹ ਵੀ ਯਕੀਨੀ ਬਣਾਉਣ ਕਿ ਉਹ ਬੇਲਰ ਦੀ ਵੱਧ ਤੋਂ ਵੱਧ ਵਰਤੋਂ ਕਰਨ ਤਾਂ ਜੋ ਪਰਾਲੀ ਦੇ ਰੈਕ ਬਣਾ ਕੇ ਉਸ ਨੂੰ ਕਿਸਾਨ ਦੇ ਖੇਤ ’ਚੋਂ ਸਮੇ ਸਿਰ ਚੁੱਕਿਆ ਜਾ ਸਕੇ ਤਾਂ ਕਿ ਕਿਸਾਨ ਆਪਣੀ ਅਗਲੀ ਫ਼ਸਲ ਲਈ ਬਿਜਾਈ ਸਮੇਂ ਸਿਰ ਕਰ ਸਕੇ। ਇਸ ਮੀਟਿੰਗ ’ਚ ਸੁਰਿੰਦਰ ਸਿੰਘ ਨੰਗਲ ਅੰਬੀਆਂ, ਕਮਲਜੀਤ ਸਿੰਘ ਮੀਏਂਵਾਲ ਅਰਾਈਆਂ, ਗੁਰਮੀਤ ਸਿੰਘ ਪਰਜੀਆਂ ਖ਼ੁਰਦ, ਸੰਸਾਰੀ ਲਾਲ ਗੱਟੀ ਪੀਰ ਬਖਸ਼, ਹਰਦੀਪ ਸਿੰਘ ਦਾਨੇਵਾਲ, ਮੰਗਲ ਸਿੰਘ ਰਾਮੇ, ਰੇਸ਼ਮ ਸਿੰਘ ਤਲਵੰਡੀ ਬੂਟੀਆਂ ਆਦਿ ਹਾਜ਼ਰ ਸਨ।