ਮਿਊਂਸੀਪਲ ਕਾਮਿਆਂ ਦੀ ਹੜਤਾਲ ਕਾਰਨ ਕੰਮ-ਕਾਜ ਠੱਪ
ਮਿਊਂਸਿਪਲ ਕਾਮਿਆਂ ਦੀ ਹੜਤਾਲ ਤੇਜ਼, ਨਗਰ ਪੰਚਾਇਤ ਮਹਿਤਪੁਰ ਦਾ ਕੰਮਕਾਜ ਠੱਪ
Publish Date: Tue, 12 May 2026 08:06 PM (IST)
Updated Date: Tue, 12 May 2026 08:09 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : 6 ਮਈ ਤੋਂ ਅਣਮਿੱਥੇ ਸਮੇਂ ਲਈ ਸ਼ੁਰੂ ਕੀਤੀ ਗਈ ਹੜਤਾਲ ਨੂੰ ਉਸ ਵੇਲੇ ਹੋਰ ਮਜ਼ਬੂਤੀ ਮਿਲੀ ਜਦੋਂ ਨਗਰ ਪੰਚਾਇਤ ਮਹਿਤਪੁਰ ਦੇ ਸਫਾਈ ਸੇਵਕਾਂ ਦੇ ਨਾਲ-ਨਾਲ ਕੰਪਿਊਟਰ ਆਪ੍ਰੇਟਰ, ਇਲੈਕਟ੍ਰੀਸ਼ਨ, ਪੰਪ ਆਪਰੇਟਰ, ਡਰਾਈਵਰ ਤੇ ਦਫ਼ਤਰੀ ਸਟਾਫ ਵੀ ਸੰਘਰਸ਼ ’ਚ ਸ਼ਾਮਲ ਹੋ ਗਏ। ਹੜਤਾਲ ਕਾਰਨ ਨਗਰ ਪੰਚਾਇਤ ਦਫ਼ਤਰ ਦਾ ਸਾਰਾ ਕੰਮਕਾਜ ਠੱਪ ਹੋ ਗਿਆ। ਹੜਤਾਲੀ ਮਿਊਂਸੀਪਲ ਕਾਮਿਆਂ ਨੇ ਨਗਰ ਪੰਚਾਇਤ ਦਫ਼ਤਰ ਅੱਗੇ ਰੈਲੀ ਕਰਕੇ ਐਲਾਨ ਕੀਤਾ ਕਿ ਜਦੋਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਰੈਲੀ ਨੂੰ ਸੰਬੋਧਨ ਕਰਦਿਆਂ ਸਫਾਈ ਮਜ਼ਦੂਰ ਆਗੂ ਪੱਪੂ ਪ੍ਰਧਾਨ, ਓਮ ਪ੍ਰਕਾਸ਼, ਕੁਲਵਿੰਦਰ, ਕਾਂਤਾ ਦੇਵੀ ਅਤੇ ਚਰਨਜੀਤ ਨੇ ਕਿਹਾ ਕਿ ਮਹਿੰਗਾਈ ਦੇ ਇਸ ਦੌਰ ਵਿੱਚ ਸਫਾਈ ਕਾਮੇ ਕੇਵਲ 10 ਹਜ਼ਾਰ ਰੁਪਏ ਜਿਹੀ ਨਿਗੂਣੀ ਤਨਖਾਹ ’ਤੇ ਗੁਜ਼ਾਰਾ ਕਰਨ ਲਈ ਮਜਬੂਰ ਹਨ। ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ ਅਤੇ ਘੱਟੋ-ਘੱਟ ਉਜਰਤ ਵਿੱਚ ਵਾਧਾ ਕਰਨ ਦੇ ਵਾਅਦੇ ਕੀਤੇ ਸਨ, ਪਰ ਸਰਕਾਰ ਬਣਨ ਤੋਂ ਬਾਅਦ ਇਹ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਤੇ ਪੇਂਡੂ ਸਫਾਈ ਕਰਮਚਾਰੀ ਯੂਨੀਅਨ ਦੇ ਸੂਬਾਈ ਆਗੂ ਪ੍ਰੇਮ ਸਰਸਰ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ।