ਬਦਲੀਆਂ ਨੂੰ ਲੈ ਕੇ ਨਿਗਮ ਯੂਨੀਅਨ ਵੱਲੋਂ ਕਮਿਸ਼ਨਰ ਦਫਤਰ ਅੱਗੇ ਧਰਨਾ
ਬਦਲੀਆਂ ਨੂੰ ਲੈ ਕੇ ਨਿਗਮ ਯੂਨੀਅਨ ਵਲੋਂ ਕਮਿਸ਼ਨਰ ਦਫੱਤਰ ਅੱਗੇ ਦਿੱਤਾ ਧਰਨਾ
Publish Date: Fri, 22 May 2026 08:13 PM (IST)
Updated Date: Fri, 22 May 2026 08:16 PM (IST)
-ਡਰਾਈਵਰ ਤੇ ਜੇਸੀਬੀ ਆਪ੍ਰੇਟਰ ਯੂਨੀਅਨ ਦਾ ਧਰਨੇ ਨਾਲ ਕੋਈ ਸਬੰਧ ਨਹੀਂ : ਸਭਰਵਾਲ
-ਵਾਲਮੀਕਿ ਸਮਾਜ ਨਾਲ ਹੋਏ ਧੱਕੇ ਦਾ ਜਵਾਬ 2027 ਦੀਆਂ ਚੋਣਾਂ ’ਚ ਦਿੱਤਾ ਜਾਵੇਗਾ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ
ਨਗਰ ਨਿਗਮ ਦੀਆਂ ਸਮੂਹ ਯੂਨੀਅਨਾਂ ਵੱਲੋਂ ਨਗਰ ਨਿਗਮ ਪ੍ਰਸ਼ਾਸਨ ਵਲੋਂ ਵੱਖ ਵੱਖ ਬ੍ਰਾਂਚਾਂ ਦੇ ਸਟਾਫ ਦੀਆਂ ਕੀਤੀਆਂ ਗਈਆਂ ਬਦਲੀਆਂ ਦੇ ਵਿਰੋਧ ’ਚ 3 ਘੰਟੇ ਦਾ ਰੋਸ ਧਰਨਾ ਦਿੱਤਾ ਤੇ ਮੰਗ ਕੀਤੀ ਕਿ ਉਕਤ ਬਦਲੇ ਗਏ ਸਟਾਫ ਨੂੰ ਉਸੇ ਬ੍ਰਾਂਚ ’ਚ ਬਹਾਲ ਕੀਤਾ ਜਾਵੇ। ਸ਼ੁੱਕਰਵਾਰ ਨੂੰ ਨਿਗਮ ਦੀਆਂ ਸਮੂਹ ਯੂਨੀਅਨਾਂ ਦੇ ਪ੍ਰਧਾਨ ਬੰਟੂ ਸਭਰਵਾਲ ਅਤੇ ਡਰਾਈਵਰ ਤੇ ਟੈਕਨੀਕਲ ਯੂਨੀਅਨ ਦੇ ਪ੍ਰਧਾਨ ਸ਼ੰਮੀ ਲੂਥਰ ਦੀ ਅਗਵਾਈ ’ਚ ਉਕਤ ਧਰਨਾ ਦਿੱਤਾ ਗਿਆ ਤੇ ਉਨ੍ਹਾਂ ਕਿਹਾ ਕਿ ਧਰਨਾ ਸੋਮਵਾਰ ਨੂੰ ਵੀ ਜਾਰੀ ਰਹੇਗਾ। ਉਨ੍ਹਾਂ ਦੋਸ਼ ਲਾਇਆ ਕਿ ਨਿਗਮ ਪ੍ਰਸ਼ਾਸਨ ਨੇ ਤਹਿ ਬਾਜ਼ਾਰੀ ਅਤੇ ਹੈਲਥ ਬ੍ਰਾਂਚ ਦੇ ਸਾਰੇ ਸਟਾਫ ਨੂੰ ਬਦਲ ਦਿੱਤਾ ਜੋ ਵਾਲਮੀਕਿ ਸਮਾਜ ਨਾਲ ਧੱਕਾ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਿਗਮ ਪ੍ਰਸ਼ਾਸਨ ਨੇ ਵਾਲਮੀਕਿ ਸਮਾਜ ਨਾਲ ਸਬੰਧਤ ਮੁਲਾਜ਼ਮਾਂ ਦੀਆਂ ਬਦਲੀਆਂ ਕੀਤੀਆਂ ਹਨ। ਹਾਕਮ ਧਿਰ ਦੇ ਇਸ਼ਾਰਿਆਂ ’ਤੇ ਸਾਰਾ ਕੁਝ ਹੋ ਰਿਹਾ ਹੈ, ਜਿਸ ਦਾ ਜਵਾਬ ਆਉਂਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਦਿੱਤਾ ਜਾਏਗਾ। ਉਨ੍ਹਾਂ ਦੇ ਧਰਨੇ ਦੀ ਹਮਾਇਤ ’ਚ ਵੱਖ ਵੱਖ ਵਾਲਮੀਕਿ ਜਥੇਬੰਦੀਆਂ ਤੇ ਗਰੂ ਰਵਿਦਾਸ ਭਾਈਚਾਰੇ ਵੱਲੋਂ ਹਮਾਇਤ ਦੇ ਸੱਦਾ ਪੱਤਰ ਆ ਰਹੇ ਹਨ। ਉਨ੍ਹਾਂ ਨੇ ਚਿਤਾਵਨੀ ਦਿੱਤੀ ਜੇ ਨਿਗਮ ਪ੍ਰਸ਼ਾਸਨ ਨੇ ਕੀਤੀਆਂ ਗਈਆਂਅ ਬਦਲੀਆਂ ’ਤੇ ਰੋਕ ਨਾ ਲਾਈ ਤਾਂ ਸੜਕਾਂ ’ਤੇ ਆ ਪ੍ਰਦਰਸ਼ਨ ਕੀਤਾ ਜਾਵੇ। ਧਰਨੇ ’ਚ ਮਨੀਸ਼ ਬਾਠ, ਸਿਕੰਦਰ ਖੋਸਲਾ, ਰਾਜਨ ਕਲਿਆਣ, ਹੈਪੀ ਥਾਪਰ ਆਦਿ ਨੇ ਸ਼ਮੂਲੀਅਤ ਕੀਤੀ।
ਸ਼ੁੱਕਰਵਾਰ ਨੂੰ ਨਿਗਮ ਯੂਨੀਅਨਾਂ ਵੱਲੋਂ ਦਿੱਤੇ ਗਏ ਧਰਨੇ ਦੌਰਾਨ ਸ਼ਹਿਰ ’ਚੋਂ ਕੂੜੇ ਦੀ ਢੁਆਈ ਨਾ ਹੋਣ ਦਾ ਦਾਅਵਾ ਕੀਤਾ ਗਿਆ ਹੈ ਤੇ ਕਿਹਾ ਹੈ ਕਿ ਸੋਵਮਾਰ ਵੀ ਧਰਨਾ ਤੇ ਵਿਖਾਵਾ ਜਾਰੀ ਰਹੇਗਾ।
ਧਰਨੇ ਨਾਲ ਕੋਈ ਸਬੰਧ ਨਹੀਂ : ਇਸ ਦੌਰਾਨ ਨਗਰ ਨਿਗਮ ਦੀ ਡਰਾਈਵਰ ਤੇ ਜੇਸੀਬੀ ਯੂਨੀਅਨ ਨੇ ਕਿਹਾ ਹੈ ਕਿ ਨਗਰ ਨਿਗਮ ’ਚ ਦਿੱਤੇ ਗਏ ਧਰਨੇ ਨਾਲ ਕੋਈ ਸਬੰਧ ਨਹੀ ਹੈ ਤੇ ਉਨ੍ਹਾਂ ਦੇ ਮੁਲਾਜ਼ਮਾਂ ਨੇ ਬਕਾਇਦਾ ਸ਼ੁੱਕਰਵਾਰ ਨੂੰ ਕੂੜੇ ਦੀ ਢੁਆਈ ਕੀਤੀ ਹੈ। ਇਸ ਸਬੰਧੀ ਡਰਾਈਵਰ ਐਂਡ ਜੇਸੀਬੀ ਅਪ੍ਰੇਟਰ ਯੂਨੀਅਨ ਦੇ ਪ੍ਰਧਾਨ ਅਨਿਲ ਸਭਰਵਾਲ ਤੇ ਸ਼ਾਮ ਲਾਲ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਉਕਤ ਧਰਨੇ ਪ੍ਰਦਰਸ਼ਨ ਨਾਲ ਕੋਈ ਸਬੰਧ ਨਹੀ ਤੇ ਉਨ੍ਹਾਂ ਦੀ ਜਥੇਬੰਦੀ ਨੇ ਬਕਾਇਦਾ ਸ਼ਹਿਰ ਦੇ ਡੰਪਾਂ ਤੋਂ ਕੂੜੇ ਦੀ ਢਆਈ ਦਾ ਕੰਮ ਕੀਤਾ। ਬੀਐੱਮਸੀ ਚੌਕ ਤੇ ਕਿੰਗ ਹੋਟਲ ਦੇ ਡੰਪ ’ਤੇ ਬਕਾਇਦਾ ਡੰਪਾਂ ਦੀ ਸਫਾਈ ਕੀਤੀ ਗਈ ਹੈ।