ਪੜਤਾਲ ਉਪਰੰਤ 447 ਨਾਮਜ਼ਦਗੀ ਪੱਤਰ ਯੋਗ ਪਾਏ
ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ : ਪੜਤਾਲ ਉਪਰੰਤ 447 ਨਾਮਜ਼ਦਗੀ ਪੱਤਰ ਯੋਗ ਪਾਏ
Publish Date: Mon, 18 May 2026 09:34 PM (IST)
Updated Date: Mon, 18 May 2026 09:36 PM (IST)
ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹੇ ’ਚ ਨਗਰ ਕੌਂਸਲ ਤੇ ਨਗਰ ਪੰਚਾਇਤ ਦੀਆਂ ਚੋਣਾਂ ਲਈ ਅੱਜ ਨਾਮਜ਼ਦਗੀਆਂ ਦੀ ਪੜਤਾਲ ਉਪਰੰਤ ਕੁੱਲ 447 ਨਾਮਜ਼ਦਗੀ ਪੱਤਰ ਯੋਗ ਪਾਏ ਗਏ। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ, ਜਲੰਧਰ ਦਿਵਿਆ ਪੀ. ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿਚਲੀਆਂ 5 ਨਗਰ ਕੌਂਸਲਾਂ ਤੇ 2 ਨਗਰ ਪੰਚਾਇਤਾਂ ਦੇ 99 ਵਾਰਡਾਂ ਲਈ ਕੁੱਲ 452 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ ਅਤੇ ਪੜਤਾਲ ਉਪਰੰਤ 5 ਨਾਮਜ਼ਦਗੀਆਂ ਅਯੋਗ ਪਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਆਦਮਪੁਰ ਲਈ 53, ਨਗਰ ਕੌਂਸਲ ਕਰਤਾਰਪੁਰ ਲਈ 55, ਨਗਰ ਕੌਂਸਲ ਨਕੋਦਰ ਲਈ 88, ਨਗਰ ਕੌਂਸਲ ਨੂਰਮਹਿਲ ਲਈ 64 ਅਤੇ ਨਗਰ ਕੌਂਸਲ ਫਿਲੌਰ ਲਈ 63 ਨਾਮਜ਼ਦਗੀ ਪੱਤਰ ਯੋਗ ਪਾਏ ਗਏ ਹਨ। ਇਸੇ ਤਰ੍ਹਾਂ ਨਗਰ ਪੰਚਾਇਤ ਮਹਿਤਪੁਰ ਲਈ 63 ਅਤੇ ਨਗਰ ਪੰਚਾਇਤ ਲੋਹੀਆਂ ਖਾਸ ਲਈ 61 ਨਾਮਜ਼ਦਗੀਆਂ ਯੋਗ ਪਾਈਆਂ ਗਈਆਂ ਹਨ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਮੀਦਵਾਰ 19 ਮਈ ਬਾਅਦ ਦੁਪਹਿਰ 3 ਵਜੇ ਤੱਕ ਆਪਣੇ ਕਾਗਜ਼ ਵਾਪਸ ਲੈ ਸਕਦੇ ਹਨ। ਵੋਟਾਂ 26 ਮਈ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 29 ਮਈ ਨੂੰ ਹੋਵੇਗੀ।