ਨਗਰ ਕੌਂਸਲ ਆਦਮਪੁਰ ਦਾ ਕਾਰਜਕਾਲ ਪੂਰਾ, ਵਿਦਾਈ ਸਮਾਗਮ ਮੌਕੇ ਸਨਮਾਨ
ਨਗਰ ਕੌਂਸਲ ਆਦਮਪੁਰ ਦਾ ਕਾਰਜਕਾਲ ਪੂਰਾ, ਵਿਦਾਈ ਸਮਾਗਮ ’ਚ ਕੀਤਾ ਸਨਮਾਨ
Publish Date: Mon, 20 Apr 2026 11:04 PM (IST)
Updated Date: Mon, 20 Apr 2026 11:06 PM (IST)

ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਨਗਰ ਕੌਂਸਲ ਆਦਮਪੁਰ ਦੇ ਮੌਜੂਦਾ ਪ੍ਰਧਾਨ ਦਰਸ਼ਨ ਸਿੰਘ ਕਰਵਲ ਤੇ ਸਮੂਹ ਕੌਂਸਲਰਾਂ ਦਾ ਪੰਜ ਸਾਲਾ ਕਾਰਜਕਾਲ ਪੂਰਾ ਹੋਣ ’ਤੇ ਵਿਦਾਈ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ਼ਹਿਰ ਦੇ ਦੁਕਾਨਦਾਰਾਂ ਤੇ ਨਿਵਾਸੀਆਂ ਵੱਲੋਂ ਪ੍ਰਧਾਨ ਕਰਵਲ ਤੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੂੰ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਦੌਰਾਨ ਪ੍ਰਧਾਨ ਦਰਸ਼ਨ ਸਿੰਘ ਕਰਵਲ ਨੇ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਸ਼ਹਿਰ ’ਚ ਲਗਭਗ 99 ਫੀਸਦੀ ਵਿਕਾਸ ਕੰਮ ਪੂਰੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕੁਝ ਸੜਕਾਂ ਤੇ ਹੋਰ ਛੋਟੇ ਕੰਮ ਅਜੇ ਅਧੂਰੇ ਹਨ, ਜਿਨ੍ਹਾਂ ਦੇ ਟੈਂਡਰ ਹੋ ਚੁੱਕੇ ਹਨ ਤੇ ਜਲਦੀ ਹੀ ਪੂਰੇ ਕਰ ਦਿੱਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਭਵਿੱਖ ’ਚ ਮੁੜ ਸੇਵਾ ਕਰਨ ਦਾ ਮੌਕਾ ਮਿਲਿਆ ਤਾਂ ਉਹ ਹੋਰ ਵੀ ਵਧੀਆ ਢੰਗ ਨਾਲ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਣਗੇ। ਕਰਵਲ ਨੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਕੌਂਸਲਰਾਂ ਤੇ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰੇ ਦੇ ਸਹਿਯੋਗ ਨਾਲ ਹੀ ਸ਼ਹਿਰ ’ਚ ਵਿਕਾਸ ਸੰਭਵ ਹੋ ਸਕਿਆ। ਵਿਧਾਇਕ ਕੋਟਲੀ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਨਗਰ ਕੌਂਸਲ ਦੇ ਪ੍ਰਧਾਨ ਤੇ ਕੌਂਸਲਰਾਂ ਨੇ ਮਿਲ-ਜੁਲ ਕੇ ਸ਼ਹਿਰ ਦੇ ਵਿਕਾਸ ਲਈ ਵਧੀਆ ਕੰਮ ਕੀਤਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਆਦਮਪੁਰ ਦੇ ਦੁਕਾਨਦਾਰਾਂ ਵੱਲੋਂ ਵਿਧਾਇਕ ਕੋਟਲੀ ਤੇ ਪ੍ਰਧਾਨ ਦਰਸ਼ਨ ਕਰਵਲ ਨੂੰ ਸਨਮਾਨਿਤ ਕੀਤਾ ਗਿਆ। ਸ਼ਹਿਰ ਨਿਵਾਸੀਆਂ ਨੇ ਉਨ੍ਹਾਂ ਨੂੰ ਸਿਰੋਪਾਓ ਤੇ ਸਨਮਾਨ ਚਿੰਨ੍ਹ ਭੇਟ ਕੀਤੇ ਤੇ ਸਹਿਯੋਗ ਜਾਰੀ ਰੱਖਣ ਦਾ ਭਰੋਸਾ ਦਿੱਤਾ। ਸਮਾਗਮ ’ਚ ਨਗਰ ਕੌਂਸਲ ਮੈਂਬਰ, ਸਥਾਨਕ ਦੁਕਾਨਦਾਰ ਤੇ ਵੱਡੀ ਗਿਣਤੀ ’ਚ ਸ਼ਹਿਰ ਨਿਵਾਸੀ ਹਾਜ਼ਰ ਸਨ।