ਪੋਲੀਥਿਨ ਲਿਫ਼ਾਫ਼ਿਆਂ ’ਤੇ ਪਾਬੰਦੀ ਲਾਉਣ ’ਚ ਨਿਗਮ ਫੇਲ੍ਹ
ਪੋਲੀਥਿਨ ਲਿਫਾਫਿਆਂ ਤੇ ਪਾਬੰਦੀ ਲਾਉਣ ’ਚ ਨਗਰ ਨਿਗਮ ਹੋਈ ਫੇਲ
Publish Date: Fri, 01 May 2026 07:55 PM (IST)
Updated Date: Fri, 01 May 2026 07:56 PM (IST)
-ਸ਼ਰੇਆਮ ਦੁਕਾਨਦਾਰਾਂ ਵੱਲੋਂ ਕੀਤੀ ਜਾ ਰਹੀ ਹੈ ਵਰਤੋਂ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ
ਨਗਰ ਨਿਗਮ ਪੋਲੀਥਿਨ ਦੇ ਲਿਫਾਫਿਆਂ ’ਤੇ ਪਾਬੰਦੀ ਲਾਉਣ ’ਚ ਅਸਫਲ ਰਹੀ ਹੈ ਤੇ ਦੁਕਾਨਦਾਰਾਂ ਸ਼ਰੇਆਮ ਇਨ੍ਹਾਂ ਦੀ ਵਰਤੋਂ ਕਰ ਰਹੇ ਹਨ। ਕੇਂਦਰ ਸਰਕਾਰ ਵੱਲੋਂ ਦੇਸ਼ ਭਰ ’ਚ ਇਸ ਸਬੰਧੀ ਪਾਬੰਦੀ ਲਾਗੂ ਕੀਤੀ ਸੀ ਤੇ ਸ਼ੁਰੂ-ਸ਼ੁਰੂ ’ਚ ਹੈਲਥ ਬਰਾਂਚ ਦੇ ਸਹਾਇਕ ਸਿਹਤ ਅਫਸਰ, ਡਾ. ਸ੍ਰੀ ਕ੍ਰਿਸ਼ਨ ਸ਼ਰਮਾ, ਡਾ. ਸੁਮਿਤਾ ਅਬਰੋਲ ਸਮੇਤ ਸਾਰਾ ਸਟਾਫ ਸਰਗਰਮ ਹੋਇਆ ਸੀ ਤੇ ਦੁਕਾਨਦਾਰਾਂ ਦੇ ਚਲਾਨ ਕੀਤੇ ਗਏ ਤੇ ਦੁਕਾਨਾਂ ਤੋਂ ਪੋਲੀਥਿਨ ਬਰਾਮਦ ਕਰ ਕੇ ਕਬਜ਼ੇ ’ਚ ਲਏ ਸਨ। ਅਜਿਹਾ ਹੋਣ ਨਾਲ ਇਕ ਵਾਰ ਤਾਂ ਸ਼ਹਿਰ ਦੇ ਦੁਕਾਨਦਾਰਾਂ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਸੀ ਪਰ ਦੁਕਾਨਦਾਰ ਫਿਰ ਵੀ ਚੋਰੀ-ਛੁਪੇ ਪੋਲੀਥਿਨ ਦੀ ਵਰਤੋਂ ਕਰਦੇ ਰਹੇ ਹਨ।
---
ਇਕ ਫੈਕਟਰੀ ਨੂੰ ਕੀਤਾ ਸੀ 50 ਹਜ਼ਾਰ ਜੁਰਮਾਨਾ : ਇਸ ਦੌਰਾਨ ਜਦੋਂ ਪੋਲੀਥਿਨ ਲਿਫਾਫਿਆਂ ਦੀ ਵਰਤੋਂ ਵਿਰੁੱਧ ਨਗਰ ਨਿਗਮ ਨੇ ਮੁਹਿੰਮ ਸ਼ੁਰੂ ਕੀਤੀ ਸੀ ਤਾਂ ਦੁਕਾਨਦਾਰਾਂ ’ਤੇ ਛਾਪੇਮਾਰੀ ਦੀ ਬਜਾਏ ਪੋਲੀਥਿਨ ਲਿਫਾਫੇ ਬਣਾਉਣ ਵਾਲੀਆਂ ਫੈਕਟਰੀਆਂ ਵੱਲ ਫੋਕਸ ਕੀਤਾ ਸੀ ਤੇ ਹੈਲਥ ਬਰਾਂਚ ਦੇ ਉਸ ਸਮੇਂ ਦੇ ਇੰਚਾਰਜ ਡਾ. ਸ੍ਰੀ ਕ੍ਰਿਸ਼ਨ ਸ਼ਰਮਾ ਨੇ ਇਕ ਫੈਕਟਰੀ ਤੋਂ ਇਕ ਕੁਇੰਟਲ ਤੋਂ ਵੱਧ ਪੋਲੀਥਿਨ ਬਰਾਮਦ ਕਰਕੇ ਜਿਥੇ ਉਸ ਦਾ ਚਲਾਨ ਕੀਤਾ ਸੀ, ਉਥੇ ਉਸ ਨੂੰ 50 ਹਜ਼ਾਰ ਰੁਪਏ ਜੁਰਮਾਨਾ ਕਰ ਕੇ ਫੈਕਟਰੀ ਸੀਲ ਕਰ ਦਿੱਤੀ ਸੀ। ਇਸ ਮਗਰੋਂ ਫੈਕਟਰੀਆਂ ਦੇ ਇਕ ਵਫਦ ਨੇ ਉਸ ਸਮੇਂ ਦੇ ਮੇਅਰ ਨਾਲ ਮੁਲਾਕਾਤ ਕਰਕੇ ਕਾਰਵਾਈ ਬੰਦ ਕਰਨ ਦੀ ਮੰਗ ਕੀਤੀ ਸੀ ਤੇ ਮੇਅਰ ਨੇ ਉਨ੍ਹਾਂ ਤੋਂ ਲਿਖਤੀ ਤੌਰ ’ਤੇ ਲਿਆ ਸੀ ਕਿ ਉਹ ਯਕੀਨੀ ਬਨਾਉਣ ਦੀ ਉਹ ਭਵਿੱਖ ’ਚ ਪੋਲੀਥਿਨ ਨਹੀਂ ਬਣਾਉਣਗੇ ਤੇ ਉਸ ਦੇ ਬਾਅਦ ਕਾਰਵਾਈ ਮੁਅੱਤਲ ਕੀਤੀ ਗਈ ਸੀ।
---
ਤਹਿ-ਬਾਜ਼ਾਰੀ ਨੇ ਵੀ ਕੀਤੀ ਸੀ ਕਾਰਵਾਈ : ਇਸ ਦੌਰਾਨ ਨਗਰ ਨਿਗਮ ਦੀ ਤਹਿ-ਬਾਜ਼ਾਰੀ ਬਰਾਂਚ ਨੇ ਵੀ ਪੋਲੀਥਿਨ ਤੇ ਪਾਬੰਦੀ ਨੂੰ ਅਮਲੀ ਰੂਪ ਦੇਣ ਲਈ ਵੱਡੀਆਂ ਮੰਡੀਆਂ ਜਿਵੇਂ ਮਕਸੂਦਾਂ ਦੀ ਸਬਜ਼ੀ ਮੰਡੀ, ਪਟੇਲ ਚੌਕ ਦੀ ਸਬਜ਼ੀ ਮੰਡੀ ਤੋਂ ਇਲਾਵਾ ਜਿਹੜੇ ਹੋਲ ਸੇਲਰ ਦੁਕਾਨਦਾਰਾਂ ਨੂੰ ਪੋਲੀਥਿਨ ਦੀ ਸਪਲਾਈ ਕਰਦੇ ਸਨ, ਉਨ੍ਹਾਂ ਦੇ ਗੁਦਾਮਾਂ ’ਤੇ ਛਾਪੇਮਾਰੀ ਕਰਕੇ ਕੁਇੰਟਲਾਂ ਦੇ ਹਿਸਾਬ ਨਾਲ ਪੋਲੀਥਿਨ ਲਿਫਾਫੇ ਬਰਾਮਦ ਕਰਕੇ ਨਗਰ ਨਿਗਮ ਦੇ ਗੁਦਾਮ ’ਚ ਜਮ੍ਹਾਂ ਕਰਵਾਏ ਸਨ।