ਵੱਖ-ਵੱਖ ਵਾਰਡਾਂ ’ਚ ਚੱਲ ਰਹੇ 53 ਕਰੋੜ ਦੇ ਵਿਕਾਸ ਕੰਮ
ਮਦਨ ਭਾਰਦਵਾਜ, ਪੰਜਾਬੀ ਜਾਗਰਣ
Publish Date: Sat, 09 May 2026 09:25 PM (IST)
Updated Date: Sat, 09 May 2026 09:27 PM (IST)

ਮਦਨ ਭਾਰਦਵਾਜ, ਪੰਜਾਬੀ ਜਾਗਰਣ ਜਲੰਧਰ : ਨਗਰ ਨਿਗਮ ਨੂੰ ਚੱਲ ਰਹੇ ਵਿਕਾਸ ਕੰਮਾਂ ਦੀ ਲਗਪਗ 9 ਕਰੋੜ ਰੁਪਏ ਦੀ ਰਕਮ ਆਉਣ ਦੀ ਆਸ ਹੈ, ਜਦੋਂਕਿ ਇਸ ਸਮੇਂ 9 ਕੰਮਾਂ ਦੇ 53 ਕਰੋੜ ਦੇ ਵਿਕਾਸ ਕੰਮ ਜਾਰੀ ਹਨ। ਨਗਰ ਨਿਗਮ ਦੇ ਸੂਤਰਾਂ ਅਨੁਸਾਰ ਉਕਤ 53 ਕਰੋੜ ਰੁਪਏ ਦੇ ਕੰਮ ਵੱਖ-ਵੱਖ ਵਾਰਡਾਂ ’ਚ ਜਾਰੀ ਹਨ ਅਤੇ ਇਹ ਕੰਮ ਉਸ ਸਮੇਂ ਦੇ ਚੱਲ ਰਹੇ ਹਨ, ਜਦੋਂ ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲਾ ਨੇ ਜਲੰਧਰ ਨਗਰ ਨਿਗਮ ਨੂੰ ਵਿਕਾਸ ਕੰਮਾਂ ਲਈ 85 ਕਰੋੜ ਦੀ ਰਕਮ ਭੇਜਣੀ ਸੀ ਅਤੇ ਵਿਕਾਸ ਕੰਮ ਬੀਤੀ 31 ਮਾਰਚ ਤਕ ਪੂਰੇ ਕਰਨ ਦਾ ਸਮਾਂ ਵੀ ਨਿਰਧਾਰਤ ਕੀਤਾ ਗਿਆ ਸੀ ਪਰ ਮੌਸਮ ਖ਼ਰਾਬ ਹੋਣ ਕਾਰਨ ਕੰਮ ਤਾਂ ਨਗਰ ਨਿਗਮ ਨੇ ਸ਼ੁਰੂ ਕਰ ਦਿੱਤੇ ਸਨ ਪਰ ਨਿਰਧਾਰਿਤ ਸਮੇਂ ਅਨੁਸਾਰ ਪੂਰੇ ਨਹੀਂ ਹੋ ਸਕੇ ਸਨ ਅਤੇ ਹੁਣ ਇਹ ਕੰਮ ਚੱਲ ਰਹੇ ਹਨ। ਜਿੰਨੇ ਕੰਮ ਹੋਏ ਹਨ, ਉਨ੍ਹਾਂ ਦੇ ਲਗਪਗ 9 ਕਰੋੜ ਰੁਪਏ ਦੇ ਬਿੱਲ ਬਣਾ ਕੇ ਨਗਰ ਨਿਗਮ ਨੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੂੰ ਭੇਜ ਦਿੱਤੇ ਹਨ। ਨਗਰ ਨਿਗਮ ਨੂੰ ਆਸ ਹੈ ਕਿ ਆਉਂਦੇ ਸੋਮਵਾਰ ਤਕ ਨਗਰ ਨਿਗਮ ਦੇ ਖਾਤੇ ’ਚ 9 ਕਰੋੜ ਦੀ ਰਕਮ ਜਮ੍ਹਾਂ ਹੋ ਜਾਵੇਗੀ ਅਤੇ ਵਿਕਾਸ ਕੰਮ ਕਰ ਰਹੇ ਠੇਕੇਦਾਰਾਂ ਨੂੰ ਰਕਮ ਦਾ ਭੁਗਤਾਨ ਹੋਣ ਨਾਲ ੳਨ੍ਹਾਂ ਦੀ ਆਰਥਿਕ ਤੰਗੀ ਤੋਂ ਨਿਜ਼ਾਤ ਮਿਲੇਗੀ। ਵਰਨਣਯੋਗ ਹੈ ਕਿ ਉਕਤ ਰਕਮ ਮਿਊਂਸੀਪਲ ਡਿਵੈਲਪਮੈਂਟ ਫੰਡ/ਐੱਮਡੀਐੱਫ ਦੇ ਖਾਤੇ ’ਚੋਂ ਡਿਪਟੀ ਕਮਿਸ਼ਨਰ (ਵਿਕਾਸ) ਦੇ ਖਾਤੇ ’ਚ ਸਰਕਾਰ ਵੱਲੋਂ ਭੇਜੀ ਜਾ ਚੁੱਕੀ ਹੈ। ਵਿਕਾਸ ਕੰਮ ਬੰਦ ਸਨ : ਨਗਰ ਨਿਗਮ ਵੱਲੋਂ ਠੇਕੇਦਾਰਾਂ ਨੂੰ ਚੱਲ ਰਹੇ ਵਿਕਾਸ ਕੰਮਾਂ ਦੇ ਪੈਸੇ ਨਾ ਮਿਲਣ ਕਾਰਨ ਉਨ੍ਹਾਂ ’ਚੋਂ ਕੁਝ ਨੇ ਕੰਮ ਬੰਦ ਕਰ ਦਿੱਤਾ ਸੀ, ਜਦੋਂਕਿ ਕੁਝ ਨੇ ਕੰਮਾਂ ਦੀ ਰਫਤਾਰ ਹੌਲੀ ਕਰ ਦਿੱਤੀ ਸੀ, ਜਿਸ ਕਾਰਨ ਨਗਰ ਨਿਗਮ ਪ੍ਰਸ਼ਾਸਨ ਨੂੰ ਮੁਸ਼ਕਿਲ ਪੈਦਾ ਹੋ ਗਈ ਸੀ। ਹੁਣ ਰਕਮ ਆਉਣ ’ਤੇ ਠੇਕੇਦਾਰਾਂ ਨੂੰ ਭੁਗਤਾਨ ਤੋਂ ਬਾਅਦ ਵਿਕਾਸ ਕੰਮਾਂ ਦੀ ਰਫਤਾਰ ’ਚ ਤੇਜ਼ੀ ਆਉਣ ਦੀ ਸੰਭਾਵਨਾ ਹੈ। ਨਗਰ ਨਿਗਮ ਦੇ ਚੱਲ ਰਹੇ ਵਿਕਾਸ ਕੰਮਾਂ ਦੀ ਰਕਮ ਦੇ 9 ਕਰੋੜ ਦੇ ਬਿੱਲ ਭੇਜਣ ਸਬੰਧੀ ਐੱਸਈ ਰਜਨੀਸ਼ ਡੋਗਰਾ ਨੇ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਠੇਕੇਦਾਰਾਂ ਨੂੰ ਭੁਗਤਾਨ ਹੋਣ ’ਤੇ ਵਿਕਾਸ ਕੰਮਾਂ ’ਚ ਤੇਜ਼ੀ ਆਏਗੀ ਅਤੇ ਆਉਂਦੇ ਸਮੇਂ ਦੌਰਾਨ ਵਿਕਾਸ ਕੰਮ ਦਿਖਾਈ ਦੇਣ ਲੱਗਣਗੇ। ਵਰਨਣਯੋਗ ਹੈ ਕਿ ਵਿਕਾਸ ਕੰਮਾਂ ਦੀ ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲਾ ਦੀ 85 ਕਰੋੜ ਰੁਪਏ ਦੀ ਰਕਮ ਪ੍ਰਾਪਤ ਕਰਨ ਲਈ ਜਲੰਧਰ ਨਗਰ ਨਿਗਮ ਬੀਤੀ 18 ਨਵੰਬਰ 2025 ਨੂੰ ਨਗਰ ਨਿਗਮ ਹਾਊਸ ਦੀ ਵਿਸ਼ੇਸ਼ ਮੀਟਿੰਗ ਬੁਲਾਈ ਗਈ ਸੀ, ਜਿਸ ’ਚ ਵਿਕਾਸ ਕੰਮਾਂ ਦਾ ਏਜੰਡਾ ਪਾਸ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਸਰਕਾਰ ਨੂੰ ਏਜੰਡਾ ਪਾਸ ਕਰਨ ਲਈ ਚੰਡੀਗੜ੍ਹ ਭੇਜਿਆ ਗਿਆ ਸੀ।