ਜਲੰਧਰ ਕਮਿਸ਼ਨਰੇਟ ਪੁਲਿਸ ਦੇ ਸੀਆਈਏ ਸਟਾਫ ਦੀ ਪੁਲਿਸ ਨੇ ਬੰਬੀਹਾ-ਕੌਸ਼ਲ ਗੈਂਗ ਨੂੰ ਹਥਿਆਰ ਸਪਲਾਈ ਕਰਨ ਵਾਲੇ ਜੇਲ੍ਹ ਵਿਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਸਾਥੀ ਗੁਰਭੇਜ ਸਿੰਘ ਸਮੇਤ ਤਿੰਨ ਹੋਰ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ 12 ਬੋਰ ਦੇ 10 ਕਾਰਤੂਸ, 315 ਬੋਰ ਦੇ ਅੱਠ ਕਾਰਤੂਸ ਤੇ 100 ਗ੍ਰਾਮ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਹੈ।

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਕਮਿਸ਼ਨਰੇਟ ਪੁਲਿਸ ਦੇ ਸੀਆਈਏ ਸਟਾਫ ਦੀ ਪੁਲਿਸ ਨੇ ਬੰਬੀਹਾ-ਕੌਸ਼ਲ ਗੈਂਗ ਨੂੰ ਹਥਿਆਰ ਸਪਲਾਈ ਕਰਨ ਵਾਲੇ ਜੇਲ੍ਹ ਵਿਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਸਾਥੀ ਗੁਰਭੇਜ ਸਿੰਘ ਸਮੇਤ ਤਿੰਨ ਹੋਰ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ 12 ਬੋਰ ਦੇ 10 ਕਾਰਤੂਸ, 315 ਬੋਰ ਦੇ ਅੱਠ ਕਾਰਤੂਸ ਤੇ 100 ਗ੍ਰਾਮ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਹੈ। ਮੁਲਜ਼ਮਾਂ ਨੂੰ ਰਿਮਾਂਡ ’ਤੇ ਲੈ ਕੇ ਉਨ੍ਹਾਂ ਦੇ ਸਮੁੱਚੇ ਨੈੱਟਵਰਕ ਦੀਆਂ ਜੜ੍ਹਾਂ ਪੁੱਟੀਆਂ ਜਾ ਰਹੀਆਂ ਹਨ।
ਪੁਲਿਸ ਦਾ ਦਾਅਵਾ ਹੈ ਕਿ ਤਫ਼ਤੀਸ਼ ਤੋਂ ਬਾਅਦ ਇਸ ਗਿਰੋਹ ਸਬੰਧੀ ਹੋਰ ਸਨਸਨੀਖੇਜ਼ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਬਾਰੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਬੰਬੀਹਾ-ਕੌਸ਼ਲ ਗੈਂਗ ਸੂਬੇ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਯੋਜਨਾ ਬਣਾ ਰਿਹਾ ਸੀ। ਇਸ ਤੋਂ ਪਹਿਲਾਂ ਪੁਲਿਸ ਨੇ 5 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਦੇ ਸਬੰਧ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਗੁਰਭੇਜ ਸਿੰਘ ਨਾਲ ਪਾਏ ਗਏ ਸਨ। ਇਸ ਦੌਰਾਨ ਪੁਲਿਸ ਨੇ ਜਾਂਚ ਦੌਰਾਨ ਐੱਮਪੀ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਗੁਰਭੇਜ ਸਿੰਘ ਵਾਸੀ ਪਿੰਡ ਗੋਦਾਰਾ ਥਾਣਾ ਬਾਜਾਖਾਨਾ ਜ਼ਿਲ੍ਹਾ ਫ਼ਰੀਦਕੋਟ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਉਸ ਦੇ ਤਿੰਨ ਹੋਰ ਸਾਥੀ ਲਖਵਿੰਦਰ ਸਿੰਘ ਵਾਸੀ ਪਿੰਡ ਹੈਬੋਵਾਲ ਜ਼ਿਲ੍ਹਾ ਹੁਸ਼ਿਆਰਪੁਰ, ਸਤਿੰਦਰ ਸਿੰਘ ਕਾਕਾ, ਹਰਦੀਪ ਸਿੰਘ ਤੇ ਭਰਤ ਸਿੰਘ ਉਰਫ਼ ਭਾਊ ਵਾਸੀ ਤਰਨਤਾਰਨ ਜ਼ਿਲ੍ਹਾ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਮੁਲਜ਼ਮਾਂ ਲਖਵਿੰਦਰ ਸਿੰਘ ਤੇ ਹਰਸ਼ਦੀਪ ਸਿੰਘ ਖ਼ਿਲਾਫ਼ ਨਸ਼ਾ ਤਸਕਰੀ ਦੇ ਕੇਸ ਦਰਜ ਹਨ। ਇਹ ਦੋਵੇਂ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਦੇ ਮਾਮਲੇ ’ਚ ਵੀ ਸ਼ਾਮਲ ਸਨ ਤੇ ਅੰਮ੍ਰਿਤਪਾਲ ਸਿੰਘ ਦੇ ਨਜ਼ਦੀਕੀ ਸਾਥੀ ਗੁਰਭੇਜ ਸਿੰਘ ਦੇ ਸੰਪਰਕ ’ਚ ਸਨ। ਇਹ ਚਾਰੇ ਮੁਲਜ਼ਮ ਅਜਨਾਲਾ ਥਾਣੇ ’ਤੇ ਹਮਲੇ ਦੇ ਕੇਸ ’ਚ ਕਪੂਰਥਲਾ ਜੇਲ੍ਹ ’ਚ ਬੰਦ ਸਨ ਤਾਂ ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਹੋਈ। ਪੁਲਿਸ ਕਮਿਸ਼ਨਰ ਨੇ ਦਾਅਵਾ ਕੀਤਾ ਕਿ ਇਹ ਮੁਲਜ਼ਮ ਜੇਲ੍ਹ ਦੇ ਅੰਦਰੋਂ ਮੋਬਾਈਲ ਫੋਨਾਂ ਰਾਹੀਂ ਨੈੱਟਵਰਕ ਚਲਾ ਰਹੇ ਸਨ।
ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਸੁਰਿੰਦਰ ਕੁਮਾਰ ਨੇ ਦੱਸਿਆ ਸੀ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੱਧ ਪ੍ਰਦੇਸ਼ ਤੋਂ ਤਸਕਰੀ ਕਰ ਕੇ ਹਥਿਆਰ ਬੰਬੀਹਾ-ਕੌਸ਼ਲ ਗਿਰੋਹ ਵੱਲੋਂ ਪਹੁੰਚਾਏ ਗਏ ਸਨ। ਇਹ ਹਥਿਆਰ ਜੇਲ੍ਹ ’ਚ ਬੰਦ ਬਦਨਾਮ ਗੈਂਗਸਟਰ ਗੁਰਭੇਜ ਸਿੰਘ, ਜੋ ਕਿ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦਾ ਕਰੀਬੀ ਦੱਸਿਆ ਜਾਂਦਾ ਹੈ, ਨੇ ਆਪਣੇ ਨੈੱਟਵਰਕ ਰਾਹੀਂ ਮੁਹੱਈਆ ਕਰਵਾਏ ਸੀ। ਇਨ੍ਹਾਂ ਹਥਿਆਰਾਂ ਨਾਲ ਸੂਬੇ ’ਚ ਗੈਂਗਵਾਰ ਤੇ ਸੁਪਾਰੀ ਕਤਲ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਣਾ ਸੀ ਪਰ ਕਮਿਸ਼ਨਰੇਟ ਪੁਲਿਸ ਦੀ ਮੁਸਤੈਦੀ ਕਾਰਨ ਇਹ ਸਨਸਨੀਖੇਜ਼ ਘਟਨਾਵਾਂ ਟਲ ਗਈਆਂ।
ਸੀਆਈਏ ਅਨੁਸਾਰ ਦੋ ਹੋਰ ਮੁਲਜ਼ਮਾਂ ਸਤਿੰਦਰ ਕਾਲਾ ਤੇ ਆਕਾਸ਼ ਲੱਕੀ ਦੇ ਨਾਂ ਵੀ ਹਥਿਆਰਾਂ ਦੀ ਸਪਲਾਈ ਤੇ ਨਸ਼ਾ ਤਸਕਰੀ ’ਚ ਸਾਹਮਣੇ ਆਏ ਸਨ। ਪੁਲਿਸ ਅਧਿਕਾਰੀਆਂ ਦੀ ਮੰਨੀਏ ਤਾਂ ਗੁਰਭੇਜ ਸਿੰਘ ਦੇ ਇਸ਼ਾਰੇ 'ਤੇ ਇਸ ਦੇ ਪੂਰੇ ਨੈੱਟਵਰਕ ਦੀ ਜਾਂਚ ਕੀਤੀ ਜਾਵੇਗੀ। ਸੀਆਈਏ ਇੰਚਾਰਜ ਅਨੁਸਾਰ ਹੁਣ ਤੱਕ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਹਰਸ਼ਦੀਪ ਸਿੰਘ ਹਥਿਆਰਾਂ ਦੀ ਸਪਲਾਈ ਦੇ ਨਾਲ-ਨਾਲ ਨਸ਼ਾ ਤਸਕਰੀ ਵੀ ਕਰਦੇ ਹਨ। ਪੁਲਿਸ ਅਧਿਕਾਰੀਆਂ ਅਨੁਸਾਰ ਡਰੱਗ ਰੈਕੇਟ ਦੀ ਅਹਿਮ ਜਾਣਕਾਰੀ ਪੁਲਿਸ ਦੇ ਹੱਥ ਉਨ੍ਹਾਂ ਦੇ ਮੋਬਾਈਲ ਫ਼ੋਨਾਂ ਰਾਹੀਂ ਆਈ ਹੈ।