ਖੜ੍ਹੇ ਟਿੱਪਰ ਨਾਲ ਬਾਈਕ ਦੀ ਟੱਕਰ, ਸਵਾਰ ਦੀ ਮੌਤ
ਖੜ੍ਹੇ ਟਿੱਪਰ ਨਾਲ ਮੋਟਰਸਾਈਕਲ ਦੀ ਟੱਕਰ, ਬਿਜਲੀ ਕਰਮਚਾਰੀ ਦੀ ਮੌਤ
Publish Date: Wed, 20 May 2026 07:39 PM (IST)
Updated Date: Wed, 20 May 2026 07:43 PM (IST)

ਵਰਿੰਦਰ ਲਵਲੀ, ਪੰਜਾਬੀ ਜਾਗਰਣ, ਕਰਤਾਰਪੁਰ : ਬੀਤੀ ਦੇਰ ਰਾਤ ਕਰਤਾਰਪੁਰ ਨੇੜੇ ਇੱਕ ਦਰਦਨਾਕ ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਡਵੀਜ਼ਨ ਨੰਬਰ-2 ਵਿਚ ਮੁਲਾਜ਼ਮ ਸੀ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਰਾਤ ਸਮੇਂ ਬਿਜਲੀ ਦਾ ਫਾਲਟ ਠੀਕ ਕਰਨ ਤੋਂ ਬਾਅਦ ਮੋਟਰਸਾਈਕਲ ਨੰਬਰ ਪੀਬੀ-10-ਡੀਬੀ-4342 ’ਤੇ ਘਰ ਵਾਪਸ ਆ ਰਿਹਾ ਸੀ। ਜਦੋਂ ਉਹ ਪਿੰਡ ਕਾਹਲਵਾਂ ਨੇੜੇ ਸੈਂਟ ਫਰਾਂਸਿਸ ਕਾਨਵੈਂਟ ਸਕੂਲ ਕੋਲ ਸਰਵਿਸ ਲਾਈਨ ’ਤੇ ਪੁੱਜਾ ਤਾਂ ਉੱਥੇ ਪਹਿਲਾਂ ਤੋਂ ਖੜ੍ਹੇ ਟਿੱਪਰ ਟਰੱਕ ਨੰਬਰ ਪੀਬੀ-23-ਐਮ-8524 ਨਾਲ ਜਾ ਟਕਰਾਇਆ। ਹਾਦਸਾ ਇੰਨਾ ਭਿਆਨਕ ਸੀ ਕਿ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਫਤਿਹਪੁਰ, ਥਾਣਾ ਲੰਬੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਤੇ ਦੋਵੇਂ ਵਾਹਨ ਕਬਜ਼ੇ ਵਿੱਚ ਲੈ ਕੇ ਟਿੱਪਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਘਟਨਾ ਸਥਾਨ ਨੇੜੇ ਇਕ ਸੀਮੈਂਟ ਕੰਪਨੀ ਦਾ ਡੰਪ ਬਣਿਆ ਹੋਇਆ ਹੈ, ਜਿੱਥੇ ਅਕਸਰ ਟਿੱਪਰ ਟਰੱਕ ਖੜ੍ਹੇ ਰਹਿੰਦੇ ਹਨ। ਇਲਾਕਾ ਵਾਸੀਆਂ ਨੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਇੱਥੇ ਟਰੱਕਾਂ ਦੀ ਬੇਤਰਤੀਬ ਪਾਰਕਿੰਗ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਅਣਸੁਖਾਵੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।