ਜਲੰਧਰ ’ਚ ਮਾਂ ਦੀ ਬਹਾਦਰੀ: ਧੀ ਨੂੰ ਅਗਵਾ ਕਰ ਰਹੇ ਨਸ਼ੇੜੀ ਨੂੰ ਜੜਿਆ ਅਜਿਹਾ ਥੱਪੜ, 3 ਮਿੰਟ ਤੱਕ ਨਹੀਂ ਆਇਆ ਹੋਸ਼; ਲੋਕਾਂ ਨੇ ਖੰਭੇ ਨਾਲ ਬੰਨ੍ਹ ਕੇ ਕੁੱਟਿਆ
ਬੱਚਿਆਂ ਲਈ ਮਾਂ ਕਿੰਨੀ ਤਾਕਤਵਰ ਹੋ ਸਕਦੀ ਹੈ, ਇਸਦਾ ਪਤਾ ਲਾਂਬੜਾ ’ਚ ਉਸ ਸਮੇਂ ਲੱਗਾ ਜਦੋਂ ਇਕ ਨਸ਼ੇੜੀ ਤਿੰਨ ਸਾਲ ਦੀ ਮਾਸੂਮ ਨੂੰ ਅਗਵਾ ਕਰਨ ਲੱਗਾ ਤਾਂ ਮਾਂ ਨੇ ਅਜਿਹਾ ਥੱਪੜ ਮਾਰਿਆ ਕਿ ਉਹ ਹੇਠਾਂ ਜਾਂ ਡਿੱਗਾ। ਤਿੰਨ ਮਿੰਟ ਤੱਕ ਉਸਨੂੰ ਹੋਸ਼ ਨਹੀਂ ਆਇਆ। ਬਾਅਦ ’ਚ ਲੋਕਾਂ ਨੇ ਉਸਨੂੰ ਕਾਬੂ ਕੀਤਾ, ਹੱਥ ਪੈਰ ਬੰਨ੍ਹ ਕੇ ਕੁੱਟਿਆ ਤੇ ਫਿਰ ਲਾਂਬੜਾ ਥਾਣਾ ਪੁਲਿਸ ਦੇ ਹਵਾਲੇ ਕਰ ਦਿੱਤਾ।
Publish Date: Sat, 30 May 2026 10:42 AM (IST)
Updated Date: Sat, 30 May 2026 10:46 AM (IST)
ਜਾਸ, ਜਲੰਧਰ : ਬੱਚਿਆਂ ਲਈ ਮਾਂ ਕਿੰਨੀ ਤਾਕਤਵਰ ਹੋ ਸਕਦੀ ਹੈ, ਇਸਦਾ ਪਤਾ ਲਾਂਬੜਾ ’ਚ ਉਸ ਸਮੇਂ ਲੱਗਾ ਜਦੋਂ ਇਕ ਨਸ਼ੇੜੀ ਤਿੰਨ ਸਾਲ ਦੀ ਮਾਸੂਮ ਨੂੰ ਅਗਵਾ ਕਰਨ ਲੱਗਾ ਤਾਂ ਮਾਂ ਨੇ ਅਜਿਹਾ ਥੱਪੜ ਮਾਰਿਆ ਕਿ ਉਹ ਹੇਠਾਂ ਜਾਂ ਡਿੱਗਾ। ਤਿੰਨ ਮਿੰਟ ਤੱਕ ਉਸਨੂੰ ਹੋਸ਼ ਨਹੀਂ ਆਇਆ। ਬਾਅਦ ’ਚ ਲੋਕਾਂ ਨੇ ਉਸਨੂੰ ਕਾਬੂ ਕੀਤਾ, ਹੱਥ ਪੈਰ ਬੰਨ੍ਹ ਕੇ ਕੁੱਟਿਆ ਤੇ ਫਿਰ ਲਾਂਬੜਾ ਥਾਣਾ ਪੁਲਿਸ ਦੇ ਹਵਾਲੇ ਕਰ ਦਿੱਤਾ।
ਸ਼ੁੱਕਰਵਾਰ ਨੂੰ ਇਕ ਮਾਂ ਦੀ ਚੌਕਸੀ ਤੇ ਬਹਾਦਰੀ ਨਾਲ ਤਿੰਨ ਸਾਲ ਦੀ ਮਾਸੂਮ ਬੱਚੀ ਕਿਡਨੈਪ ਹੋਣ ਤੋਂ ਵਾਲ-ਵਾਲ ਬਚ ਗਈ। ਨਾਲ਼ਾ ਪੁਲ ਇਲਾਕੇ ’ਚ ਨਸ਼ੇ ’ਚ ਧੁੱਤ ਇਕ ਮਜ਼ਦੂਰ ਨੇ ਬੱਚੀ ਦੇ ਮੂੰਹ ’ਤੇ ਕੱਪੜਾ ਪਾ ਕੇ ਉਸਨੂੰ ਚੁੱਕਣ ਦੀ ਕੋਸ਼ਿਸ਼ ਕੀਤੀ, ਪਰ ਮਾਂ ਨੇ ਸਮਾਂ ਰਹਿੰਦੇ ਮੁਲਜ਼ਮ ਨੂੰ ਦੇਖ ਲਿਆ ਤੇ ਬੱਚੀ ਨੂੰ ਉਸਦੇ ਚੁੰਗਲ ’ਚੋਂ ਛੁਡਾ ਲਿਆ।
ਜਾਣਕਾਰੀ ਮੁਤਾਬਕ, ਔਰਤ ਨਿਹਾਲ ਛੁੱਟੀਆਂ ਕਾਰਨ ਆਪਣੇ ਪੇਕੇ ਆਈ ਹੋਈ ਸੀ। ਸ਼ੁੱਕਰਵਾਰ ਸਵੇਰੇ ਉਹ ਆਪਣੀ ਛੋਟੀ ਬੱਚੀ ਨੂੰ ਦਵਾਈ ਦਿਵਾਉਣ ਲਈ ਸਿਵਲ ਹਸਪਤਾਲ ਜਾਣ ਲਈ ਸੜਕ ਕਿਨਾਰੇ ਆਟੋ ਦਾ ਇੰਤਜ਼ਾਰ ਕਰ ਰਹੀ ਸੀ। ਔਰਤ ਦਾ ਦੋਸ਼ ਸੀ ਕਿ ਇਸੇ ਦੌਰਾਨ ਇਕ ਆਦਮੀ ਕਾਫ਼ੀ ਦੇਰ ਤੋਂ ਪਿੱਛਾ ਕਰ ਰਿਹਾ ਸੀ।
ਜਿਵੇਂ ਹੀ ਉਹ ਆਟੋ ’ਚ ਬੈਠਣ ਲਈ ਮੁੜੀ, ਮੁਲਜ਼ਮ ਨੇ ਪਿੱਛੇ ਤੋਂ ਬੱਚੀ ਦੇ ਮੂੰਹ ’ਤੇ ਕੱਪੜਾ ਪਾ ਦਿੱਤਾ, ਤਾਂ ਜੋ ਉਹ ਰੌਲਾ ਨਾ ਪਾ ਸਕੇ। ਇਸ ਤੋਂ ਬਾਅਦ ਉਹ ਬੱਚੀ ਨੂੰ ਚੁੱਕ ਕੇ ਲਿਜਾਣ ਲੱਗਾ। ਅਚਾਨਕ ਬੱਚੀ ਦੀ ਆਵਾਜ਼ ਬੰਦ ਹੋਣ ’ਤੇ ਔਰਤ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਮੁਲਜ਼ਮ ਬੱਚੀ ਨੂੰ ਲੈ ਕੇ ਜਾ ਰਿਹਾ ਸੀ।
ਉਸਨੇ ਦੱਸਿਆ ਕਿ ਇਹ ਦੇਖ ਕੇ ਪਹਿਲਾਂ ਤਾਂ ਉਹ ਘਬਰਾ ਗਈ, ਪਰ ਉਸਨੇ ਹਿੰਮਤ ਨਹੀਂ ਛੱਡੀ। ਉਹ ਤੁਰੰਤ ਮੁਲਜ਼ਮ ਵੱਲ ਦੌੜੀ ਤੇ ਉਸਦੇ ਮੂੰਹ ’ਤੇ ਜ਼ੋਰਦਾਰ ਥੱਪੜ ਮਾਰ ਦਿੱਤਾ। ਥੱਪੜ ਲੱਗਦੇ ਹੀ ਮੁਲਜ਼ਮ ਜ਼ਮੀਨ ’ਤੇ ਡਿੱਗ ਗਿਆ ਤੇ ਔਰਤ ਨੇ ਤੁਰੰਤ ਬੱਚੀ ਨੂੰ ਆਪਣੀ ਗੋਦ ’ਚ ਚੁੱਕ ਲਿਆ।
ਮੁਲਜ਼ਮ ਬੋਲਿਆ, ਬੱਚੀ ਨੂੰ ਟਾਫੀ ਦੇਣ ਲੱਗਾ ਸੀ
ਫੜੇ ਜਾਣ ’ਤੇ ਮੁਲਜ਼ਮ ਨੇ ਕਿਹਾ ਕਿ ਉਹ ਬੱਚੀ ਨੂੰ ਟਾਫੀ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਬੱਚੀ ਦੇ ਮੂੰਹ ’ਤੇ ਕੱਪੜਾ ਪਾਉਣ ਦੇ ਸਵਾਲ ਦਾ ਉਹ ਕੋਈ ਜਵਾਬ ਨਹੀਂ ਦੇ ਸਕਿਆ। ਇਸਦੇ ਬਾਅਦ ਆਸਪਾਸ ਦੇ ਲੋਕਾਂ ਨੂੰ ਉਸਦੀ ਨੀਅਤ ’ਤੇ ਸੱਕ ਹੋ ਗਿਆ। ਮੁਲਜ਼ਮ ਕਈ ਵਾਰੀ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰਦਾ ਰਿਹਾ, ਪਰ ਲੋਕਾਂ ਨੇ ਉਸਦੇ ਹੱਥ-ਪੈਰ ਬੰਨ੍ਹ ਕੇ ਉਸਨੂੰ ਉੱਥੇ ਹੀ ਕਾਬੂ ਕਰ ਲਿਆ। ਬਾਅਦ ’ਚ ਉਸਨੂੰ ਲਾਂਬੜਾ ਥਾਣਾ ਪੁਲਿਸ ਦੇ ਹਵਾਲੇ ਕਰ ਦਿੱਤਾ।
ਪੁਲਿਸ ਦੇ ਦੇਰ ਨਾਲ ਪੁੱਜਣ ’ਤੇ ਭੜਕੇ ਲੋਕ
ਲੋਕਾਂ ਦਾ ਕਹਿਣਾ ਸੀ ਕਿ ਸੂਚਨਾ ਮਿਲਣ ’ਤੇ ਪੁਲਿਸ ਦੇਰ ਨਾਲ ਪਹੁੰਚੀ। ਲੋਕਾਂ ਨੇ ਦੋਸ਼ ਲਗਾਇਆ ਕਿ ਘਟਨਾ ਦੇ ਬਾਅਦ ਪੁਲਿਸ ਨੂੰ 100 ਤੇ 112 ਨੰਬਰ ’ਤੇ ਸੂਚਨਾ ਦਿੱਤੀ ਗਈ, ਪਰ ਪੁਲਿਸ ਕਰੀਬ ਸਵਾ ਘੰਟੇ ਬਾਅਦ ਮੌਕੇ ’ਤੇ ਪਹੁੰਚੀ। ਮੁਲਜ਼ਮ ਖੁੱਲ੍ਹੇਆਮ ਧਮਕੀ ਦੇ ਰਿਹਾ ਸੀ ਕਿ ਉਹ ਇਕ ਫੋਨ ਕਰ ਕੇ ਜੇਲ੍ਹ ਤੋਂ ਬਾਹਰ ਆ ਜਾਏਗਾ। ਉੱਥੇ ਥਾਣਾ ਇੰਚਾਰਜ ਬਲਵੀਰ ਸਿੰਘ ਨੇ ਕਿਹਾ ਕਿ ਮੁਲਜ਼ਮ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।