ਮਾਂ-ਧੀ ਨਾਲ ਘਰ ’ਚ ਵੜ ਕੇ ਕੁੱਟਮਾਰ
-ਕੁੜੀ ਨਾਲ ਛੇੜਛਾੜ ਦਾ
Publish Date: Mon, 18 May 2026 09:16 PM (IST)
Updated Date: Mon, 18 May 2026 09:18 PM (IST)
-ਕੁੜੀ ਨਾਲ ਛੇੜਛਾੜ ਦਾ ਦੋਸ਼, ਵਿਰੋਧ ਕਰਨ 'ਤੇ ਮਾਂ ਨੂੰ ਵੀ ਕੁੱਟਿਆ, ਫੋਨ ਤੋੜ ਕੇ ਫ਼ਰਾਰ ਹੋਇਆ ਮੁਲਜ਼ਮ
ਜਾਸ, ਜਲੰਧਰ : ਥਾਣਾ ਬਾਰਾਦਰੀ ਇਲਾਕੇ ’ਚ ਰਹਿਣ ਵਾਲੀ ਇਕ ਕੁੜੀ ਤੇ ਉਸ ਦੀ ਮਾਂ ਨਾਲ ਘਰ ’ਚ ਵੜ ਹੋ ਕੇ ਕੁੱਟਮਾਰ ਤੇ ਬਦਸਲੂਕੀ ਕੀਤੀ ਗਈ। ਪੀੜਤ ਨੇ ਦੋਸ਼ ਲਾਇਆ ਹੈ ਕਿ ਹਰਜੀਤ ਉਸ ਦੇ ਘਰ ’ਚ ਦਾਖਲ ਹੋਇਆ ਤੇ ਕੁੱਟਮਾਰ ਕਰਨ ਦੇ ਨਾਲ-ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਉਸ ਦੀ ਮਾਂ ਬਚਾਅ ਲਈ ਆਈ ਤਾਂ ਉਨ੍ਹਾਂ ਨਾਲ ਵੀ ਹੱਥੋਪਾਈ ਕੀਤੀ। ਘਟਨਾ ਦੌਰਾਨ, ਮੁਲਜ਼ਮ ਨੇ ਪੀੜਤ ਦਾ ਮੋਬਾਈਲ ਫੋਨ ਵੀ ਤੋੜ ਦਿੱਤਾ ਤਾਂ ਜੋ ਉਹ ਕਿਸੇ ਨੂੰ ਮਦਦ ਲਈ ਕਾਲ ਨਾ ਕਰ ਸਕੇ।
ਘਟਨਾ ਮਗਰੋਂ ਜ਼ਖਮੀ ਮਾਂ-ਧੀ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ, ਜਿੱਥੇ ਦੋਵਾਂ ਦਾ ਇਲਾਜ ਚੱਲ ਰਿਹਾ ਹੈ। ਡਾਕਟਰਾਂ ਦੀ ਨਿਗਰਾਨੀ ’ਚ ਉਨ੍ਹਾਂ ਦੀ ਮੈਡੀਕਲ ਲੇਗਲ ਰਿਪੋਰਟ ਤਿਆਰ ਕੀਤੀ ਗਈ। ਪੀੜਤ ਧਿਰ ਨੇ ਹੁਣ ਪੁਲਿਸ ’ਚ ਸ਼ਿਕਾਇਤ ਦਰਜ ਕਰਵਾਈ ਹੈ। ਪੀੜਤ ਨੇ ਦੱਸਿਆ ਕਿ ਲਗਪਗ ਡੇਢ ਸਾਲ ਪਹਿਲਾਂ ਉਸ ਦਾ ਤਲਾਕ ਹੋ ਗਿਆ ਸੀ ਤੇ ਉਦੋਂ ਉਹ ਆਪਣੀ ਮਾਂ ਨਾਲ ਰਹਿ ਰਹੀ ਹੈ। ਮੁਲਜ਼ਮ ਹਰਜੀਤ ਲਗਾਤਾਰ ਉਸ 'ਤੇ ਆਪਣੇ ਨਾਲ ਰਹਿਣ ਦਾ ਦਬਾਅ ਬਣਾਉਂਦਾ ਰਿਹਾ ਸੀ। ਉਹ ਕੰਮ 'ਤੇ ਆਉਣ-ਜਾਣ ਨੂੰ ਲੈ ਕੇ ਵੀ ਪਰੇਸ਼ਾਨ ਕਰਦਾ ਸੀ ਤੇ ਕਈ ਵਾਰੀ ਧਮਕੀਆਂ ਵੀ ਦੇ ਚੁੱਕਾ ਸੀ।
ਪੀੜਤ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਮੁਲਜ਼ਮ ਜ਼ਬਰਦਸਤੀ ਘਰ ’ਚ ਦਾਖਲ ਹੋਇਆ ਤੇ ਉਸ ਨਾਲ ਬਦਸਲੂਕੀ ਕਰਨ ਲੱਗਾ। ਵਿਰੋਧ ਕਰਨ 'ਤੇ ਕੁੱਟਮਾਰ ਸ਼ੁਰੂ ਕਰ ਦਿੱਤੀ। ਲੜਕੀ ਨੇ ਦੋਸ਼ ਲਾਇਆ ਕਿ ਮੁਲਜ਼ਮ ਨੇ ਉਸ ਨਾਲ ਗਲਤ ਹਰਕਤ ਤੇ ਛੇੜਛਾੜ ਕਰਨ ਦੀ ਕੋਸ਼ਿਸ਼ ਵੀ ਕੀਤੀ। ਰੌਲਾ ਸੁਣ ਕੇ ਜਦੋਂ ਉਸ ਦੀ ਮਾਂ ਵਿਚਾਲੇ ਆਈ ਤਾਂ ਮੁਲਜ਼ਮ ਨੇ ਉਨ੍ਹਾਂ ਨੂੰ ਵੀ ਨਹੀਂ ਛੱਡਿਆ ਤੇ ਕੁੱਟਮਾਰ ਕੀਤੀ।
ਪੀੜਤ ਨੇ ਦੱਸਿਆ ਕਿ ਵਾਰਦਾਤ ਦੌਰਾਨ ਉਸ ਨੇ ਪੁਲਿਸ ਜਾਂ ਜਾਣ-ਪਛਾਣ ਵਾਲਿਆਂ ਨੂੰ ਕਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਮੁਲਜ਼ਮ ਨੇ ਉਸ ਦਾ ਮੋਬਾਈਲ ਖੋਹ ਕੇ ਤੋੜ ਦਿੱਤਾ। ਘਟਨਾ ਮਗਰੋਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਪੀੜਤ ਲੜਕੀ ਦਾ ਕਹਿਣਾ ਹੈ ਕਿ ਉਸ ਨੇ ਮੁਲਜ਼ਮ ਦੇ ਮਾਤਾ-ਪਿਤਾ ਨਾਲ ਵੀ ਇਸ ਸਬੰਧੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਲਟਾ ਉਸ 'ਤੇ ਹੀ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ। ਇਸ ਸਮੇਂ ਹਸਪਤਾਲ ’ਚ ਦੋਵਾਂ ਦਾ ਇਲਾਜ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸ਼ਿਕਾਇਤ ਮਿਲਣ ਮਗਰੋਂ ਮਾਮਲੇ ਦੀ ਜਾਂਚ ਕਰਕੇ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ।