-ਹਾਈਕੋਰਟ ਦੇ ਹੁਕਮ 'ਤੇ

-ਹਾਈਕੋਰਟ ਦੇ ਹੁਕਮ 'ਤੇ ਸਾਰੇ ਬੂਥਾਂ 'ਤੇ ਅੰਦਰੋਂ ਬਾਹਰ ਤੱਕ ਸੀਸੀਟੀਵੀ ਕੈਮਰੇ ਨਾਲ ਨਿਗਰਾਨੀ
-ਫੋਟੋ:
ਜਾਸ, ਜਲੰਧਰ : ਜ਼ਿਲ੍ਹੇ ਦੇ ਪੰਜ ਨਗਰ ਕੌਂਸਲ ਤੇ ਦੋ ਨਗਰ ਪੰਚਾਇਤਾਂ ਦੇ 99 ਵਾਰਡਾਂ ’ਚ ਬਣੇ 133 ਬੂਥਾਂ 'ਤੇ ਮੰਗਲਵਾਰ ਸ਼ਾਮ ਨੂੰ ਵੋਟਾਂ ਪਈਆਂ। ਸਾਰੀਆਂ ਥਾਵਾਂ 'ਤੇ ਸ਼ਾਂਤਮਈ ਪੋਲਿੰਗ ਹੋਈ। ਪੰਜਾਂ ਨਗਰ ਕੌਂਸਲਾਂ ’ਚ 65.19 ਫੀਸਦ ਤੇ ਦੋ ਨਗਰ ਪੰਚਾਇਤਾਂ ’ਚ 70.34 ਫੀਸਦੀ ਮਤਦਾਨ ਦਰਜ ਕੀਤਾ ਗਿਆ, ਜਦਕਿ ਜ਼ਿਲ੍ਹੇ ’ਚ ਕੁੱਲ ਮਤਦਾਨ 65 ਫੀਸਦੀ ਹੋਇਆ। ਇਹ ਦਸੰਬਰ 2025 ’ਚ ਹੋਏ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤੀ ਚੋਣਾਂ ’ਚ ਹੋਏ 44 ਫੀਸਦੀ ਮਤਦਾਨ ਨਾਲੋਂ ਬਿਹਤਰ ਹੈ। ਸਾਰੇ 133 ਬੂਥਾਂ 'ਤੇ ਹਾਈਕੋਰਟ ਦੇ ਹੁਕਮ ਮੁਤਾਬਕ ਬਾਹਰ ਤੋਂ ਲੈ ਕੇ ਅੰਦਰ ਤੱਕ ਸੀਸੀਟੀਵੀ ਕੈਮਰੇ ਦੀ ਨਿਗਰਾਨੀ ਰਹੀ। ਡਾਟਾ ਇਕ ਸਾਲ ਤੱਕ ਸੁਰੱਖਿਅਤ ਰੱਖਣ ਦਾ ਹੁਕਮ ਜਾਰੀ ਕੀਤਾ ਗਿਆ ਹੈ।
ਇਨ੍ਹਾਂ ਚੋਣਾਂ ’ਚ ਖਾਸ ਗੱਲ ਇਹ ਰਹੀ ਕਿ ਪੰਜ ਹਲਕਿਆਂ ’ਚ ਹੋਏ ਮਤਦਾਨ ’ਚੋਂ ਚਾਰ ਹਲਕਿਆਂ ਦੇ ਵਿਧਾਇਕ ਵੋਟ ਨਹੀਂ ਪਾ ਸਕੇ। ਇਹ ਵਿਧਾਇਕਾਂ ਦਾ ਘਰ ਨਗਰ ਕੌਂਸਲ ਅਤੇ ਨਗਰ ਪੰਚਾਇਤ ਦੀ ਹੱਦ ਤੋਂ ਬਾਹਰ ਹੈ ਜਾਂ ਉਨ੍ਹਾਂ ਦੀ ਰਿਹਾਇਸ਼ ਸ਼ਹਿਰ ’ਚ ਹੈ। ਸਿਰਫ ਫਿਲੌਰ ਦੇ ਕਾਂਗਰਸ ਵਿਧਾਇਕ ਚੌਧਰੀ ਵਿਕਰਮਜੀਤ ਸਿੰਘ ਨੇ ਮਤਦਾਨ ਕੀਤਾ। ਜਦਕਿ ਆਦਮਪੁਰ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸਾਬਕਾ ਸੀਪੀਐੱਸ ਪਵਨ ਟੀਨੂ ਹੀ ਵੋਟ ਪਾ ਸਕੇ।
---
ਬਜ਼ੁਰਗਾਂ ਨੇ ਵੋਟ ਪਾ ਕੇ ਵਧਾਇਆ ਮਨੋਬਲ
ਅੱਜਕੱਲ੍ਹ ਜਦੋਂ ਲੋਕ ਵੋਟ ਪਾਉਣ ਤੋਂ ਪਰਹੇਜ਼ ਕਰਦੇ ਹਨ, ਉਸ ਵੇਲੇ ਕਰਤਾਰਪੁਰ ਨਗਰ ਪੰਚਾਇਤ ਦੇ ਵੱਖ-ਵੱਖ ਵਾਰਡਾਂ ਵਿਚ ਬਜ਼ੁਰਗਾਂ ਨੇ ਵੋਟਾਂ ਪਾ ਕੇ ਲੋਕਾਂ ਦਾ ਮਨੋਬਲ ਵਧਾਇਆ। ਨਗਰ ਕੌਂਸਲ ਦੇ ਵਾਰਡ 10 ’ਚ 100 ਸਾਲਾ ਪ੍ਰਕਾਸ਼ ਕੌਰ, ਇਸੇ ਬੂਥ 'ਤੇ 85 ਸਾਲਾ ਚੰਨੋ ਨੇ ਤੇ ਦੂਜੇ ਬੂਥ 'ਤੇ 90 ਸਾਲਾ ਮਹਿੰਦਰ ਪਾਲ ਭੰਡਾਰੀ ਨੇ ਵੋਟਾਂ ਪਾ ਕੇ ਆਮ ਵੋਟਰਾਂ ਦਾ ਮਨੋਬਲ ਵਧਾਇਆ। ਇਨ੍ਹਾਂ ਦੇ ਨਾਲ ਦਿਵਿਆਂਗ ਵਿਸ਼ਾਲ ਨੇ ਤੇ ਵਾਰਡ ਨੰਬਰ 8 ਵਿਚ ਨਵ-ਵਿਆਹੇ ਨਿਤਿਕਾ ਸ਼ਰਮਾ ਨੇ ਪਹਿਲੀ ਵਾਰ ਵੋਟ ਪਾਈ। ਜਦਕਿ ਲੋਹੀਆਂ ਖਾਸ ਨਗਰ ਪੰਚਾਇਤ ਲਈ ਪਹਿਲੀ ਵਾਰ ਮੁਸਕਾਨ ਨੇ ਆਪਣੇ ਮਤ ਦੀ ਵਰਤੋਂ ਕੀਤਾ।
---
ਕਿਸ ਨਗਰ ਕੌਂਸਲ ਤੇ ਨਗਰ ਪੰਚਾਇਤ ’ਚ ਕਿੰਨੇ ਵੋਟਰ
5 ਨਗਰ ਕੌਂਸਲ ਤੇ 2 ਨਗਰ ਪੰਚਾਇਤਾਂ ’ਚ ਕੁੱਲ ਵੋਟਰ : 1,08,067, ਜਿਨ੍ਹਾਂ ’ਚ 54,943 ਮਰਦ, 53,116 ਔਰਤ ਤੇ 8 ਥਰਡ ਜੈਂਡਰ
-ਨਗਰ ਕੌਂਸਲ ਨਕੋਦਰ ’ਚ 27,964 ਵੋਟਰ, ਜਿਨ੍ਹਾਂ ਵਿਚ 14,173 ਮਰਦ, 13,788 ਔਰਤ ਤੇ 3 ਥਰਡ ਜੈਂਡਰ
-ਨਗਰ ਕੌਂਸਲ ਆਦਮਪੁਰ ’ਚ 12,610 ਵੋਟਰ, ਜਿਨ੍ਹਾਂ ’ਚ 6,415 ਮਰਦ, 6,194 ਔਰਤ ਤੇ 1 ਥਰਡ ਜੈਂਡਰ
-ਕਰਤਾਰਪੁਰ ਨਗਰ ਕੌਂਸਲ ’ਚ 19,736 ਵੋਟਰ, ਜਿਨ੍ਹਾਂ ਵਿਚ 10,120 ਮਰਦ, 9,614 ਔਰਤ ਤੇ 2 ਥਰਡ ਜੈਂਡਰ
-ਨੂਰਮਹਿਲ ਨਗਰ ਕੌਂਸਲ ’ਚ 11,105 ਵੋਟਰ, ਜਿਨ੍ਹਾਂ ’ਚ 5,695 ਪੁਰਸ਼, 5,410 ਔਰਤ
-ਨਗਰ ਕੌਂਸਲ ਫਿਲੌਰ ’ਚ 19,179 ਵੋਟਰ, ਜਿਨ੍ਹਾਂ ’ਚ 9,710 ਮਰਦ, 9,468 ਔਰਤ ਤੇ 1 ਥਰਡ ਜੈਂਡਰ
- ਨਗਰ ਪੰਚਾਇਤ ਲੋਹੀਆਂ ਖਾਸ ’ਚ 7,958 ਮਤਦਾਤਾ, ਜਿਨ੍ਹਾਂ ’ਚ 3,914 ਮਰਦ ਤੇ 4,044 ਔਰਤ
- ਨਗਰ ਪੰਚਾਇਤ ਮਹਿਤਪੁਰ ’ਚ 9,515 ਵੋਟਰ, ਜਿਨ੍ਹਾਂ ’ਚ 4,916 ਪੁਰਸ਼, 4,598 ਔਰਤ ਤੇ 1 ਥਰਡ ਜੈਂਡਰ
---
341 ਉਮੀਦਵਾਰ ਮੈਦਾਨ ’ਚ
- ਨਗਰ ਕੌਂਸਲ ਆਦਮਪੁਰ ਦੇ 13 ਵਾਰਡਾਂ ਦੇ 13 ਬੂਥਾਂ ’ਚ 44 ਉਮੀਦਵਾਰ
- ਨਗਰ ਕੌਂਸਲ ਕਰਤਾਰਪੁਰ ਦੇ 15 ਵਾਰਡਾਂ ’ਚ 27 ਬੂਥਾਂ ਦੇ 50 ਉਮੀਦਵਾਰ
- ਨਕੋਦਰ ਦੇ 17 ਵਾਰਡਾਂ ਵਿਚ 32 ਬੂਥਾਂ ਦੇ 55 ਉਮੀਦਵਾਰ
- ਨੂਰਮਹਿਲ ਦੇ 13 ਵਾਰਡਾਂ ਵਿਚ 13 ਬੂਥਾਂ ਦੇ 41 ਉਮੀਦਵਾਰ
- ਨਗਰ ਕੌਂਸਲ ਫਿਲੌਰ ਦੇ 15 ਵਾਰਡਾਂ ’ਚ 22 ਬੂਥਾਂ ਦੇ 57 ਉਮੀਦਵਾਰ
- ਨਗਰ ਪੰਚਾਇਤ ਮਹਿਤਪੁਰ 13 ਵਾਰਡਾਂ ਵਿਚ 13 ਬੂਥਾਂ ਵਿਚ 47 ਉਮੀਦਵਾਰ
- ਨਗਰ ਪੰਚਾਇਤ ਲੋਹੀਆਂ ਖਾਸ ਦੇ 13 ਵਾਰਡਾਂ ’ਚ 13 ਬੂਥਾਂ ਦੇ 47 ਉਮੀਦਵਾਰ ਚੋਣ ਮੈਦਾਨ ’ਚ ਹਨ।
---
ਚੋਣ ਸ਼ਿਕਾਇਤ ਸੈੱਲ ’ਚ ਨਹੀਂ ਮਿਲੀ ਕੋਈ ਸ਼ਿਕਾਇਤ
ਜਾਸ, ਜਲੰਧਰ
ਜ਼ਿਲ੍ਹੇ ਦੇ ਪੰਜ ਨਗਰ ਕੌਂਸਲ ਤੇ ਦੋ ਨਗਰ ਪੰਚਾਇਤਾਂ ਸਬੰਧੀ ਵੋਟਾਂ ਸ਼ਾਤੀਪੂਰਨ ਢੰਗ ਨਾਲ ਪਈਆਂ। ਚੋਣ ਮੈਦਾਨ ’ਚ ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ ਸਮੇਤ ਕੁੱਲ 341 ਉਮੀਦਵਾਰ ਹਨ ਪਰ ਦਿਨ ਭਰ ਕੋਈ ਵਿਵਾਦ ਜਾਂ ਹਿੰਸਕ ਘਟਨਾ ਦੀ ਜਾਣਕਾਰੀ ਨਹੀਂ ਮਿਲੀ। ਨਾ ਹੀ ਸ਼ਿਕਾਇਤ ਸੈਲ ’ਚ ਕੋਈ ਸ਼ਿਕਾਇਤ ਦਰਜ ਹੋਈ। ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਦੀ ਤੀਜੀ ਮੰਜ਼ਿਲ 'ਤੇ ਸਥਿਤ ਜ਼ਿਲ੍ਹਾ ਰੁਜ਼ਗਾਰ ਦਫ਼ਤਰ ’ਚ ਸ਼ਿਕਾਇਤ ਸੈੱਲ ਬਣਾਈ ਗਈ ਸੀ, ਜਿਸ ਲਈ ਦੋ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਸਨ। ਸੈੱਲ ਦੇ ਨੋਡਲ ਅਫ਼ਸਰ ਰੁਜ਼ਗਾਰ ਅਧਿਕਾਰੀ ਨਰੇਸ਼ ਕੁਮਾਰ ਨੇ ਦੱਸਿਆ ਕਿ ਸਵੇਰੇ ਤੋਂ ਸ਼ਾਮ ਤੱਕ ਸੈਲ ’ਚ ਕੋਈ ਸ਼ਿਕਾਇਤ ਨਹੀਂ ਆਈ। ਉਨ੍ਹਾਂ ਦੇ ਨਾਲ ਸਹਾਇਕ ਨੋਡਲ ਅਫ਼ਸਰ ਨੀਰਜ ਪਾਠਕ, ਐੱਮਸੀ ਪੀਏਐੱਮਪੀ ਦੇ ਮਾਸਟਰ ਟ੍ਰੇਨਰ ਰੰਜੀਤ ਸਿੰਘ ਸਮੇਤ 10 ਸਹਾਇਕ ਸਟਾਫ਼ ਸੈਲ ’ਚ ਮੌਜੂਦ ਸਨ, ਜੋ ਸਮੇਂ-ਸਮੇਂ 'ਤੇ ਵੋਟਿੰਗ ਦੀ ਜਾਣਕਾਰੀ ਲੈ ਕੇ ਚੋਣ ਦਫ਼ਤਰ ਨੂੰ ਅਪਡੇਟ ਕਰਨ ਵਿਚ ਲੱਗੇ ਰਹੇ।
---
ਲੋਹੀਆਂ ਖਾਸ ’ਚ ਸਭ ਤੋਂ ਵੱਧ ਤੇ ਫਿਲੌਰ ’ਚ ਸਭ ਤੋਂ ਘੱਟ ਵੋਟਾਂ ਪਈਆਂ
- ਆਦਮਪੁਰ (ਨਗਰ ਕੌਂਸਲ): 64.59%
- ਕਰਤਾਰਪੁਰ (ਨਗਰ ਕੌਂਸਲ): 65.02%
- ਨਕੋਦਰ (ਨਗਰ ਕੌਂਸਲ): 65.58%
- ਨੂਰਮਹਿਲ (ਨਗਰ ਕੌਂਸਲ): 69.58%
- ਫਿਲੌਰ (ਨਗਰ ਕੌਂਸਲ): 61.22%
- ਮਹਿਤਪੁਰ (ਨਗਰ ਪੰਚਾਇਤ): 68.97%
- ਲੋਹੀਆਂ ਖਾਸ (ਨਗਰ ਪੰਚਾਇਤ): 71.72%