ਵਿਧਾਇਕਾਂ ਤੇ ਮੇਅਰ ਨੇ ਕੀਤੀ ਸੰਤ ਸੀਚੇਵਾਲ ਨਾਲ ਕੀਤੀ ਮੁਲਾਕਾਤ
ਵਿਧਾਇਕਾਂ ਤੇ ਮੇਅਰ ਨੇ ਕੀਤੀ ਸੰਤ ਸੀਚੇਵਾਲ ਨਾਲ ਕੀਤੀ ਮੁਲਾਕਾਤ
Publish Date: Wed, 29 Apr 2026 09:13 PM (IST)
Updated Date: Wed, 29 Apr 2026 09:16 PM (IST)

--ਪੰਜਾਬ ਦੇ ਵਾਤਾਵਰਨ ਨੂੰ ਸੁਧਾਰਨ ਲਈ ਨਿਰਮਲ ਕੁਟੀਆ ਸੀਚੇਵਾਲ ਬਣੀ ਚਰਚਾ ਦਾ ਕੇਂਦਰ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਨਿਰਮਲ ਕੁਟੀਆ ਸੀਚੇਵਾਲ ਬੁੱਧਵਾਰ ਪੰਜਾਬ ਦੇ ਵਾਤਾਵਰਣ ਨੂੰ ਸੁਧਾਰਨ ਲਈ ਚਰਚਾ ਦਾ ਕੇਂਦਰ ਬਣੀ ਰਹੀ। ਜੇਲ੍ਹ ਮੰਤਰੀ ਡਾ. ਰਵਜੋਤ ਸਿੰਘ, ਲੁਧਿਆਣਾ ਪੂਰਬੀ ਹਲਕੇ ਦੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਤੇ ਲੁਧਿਆਣਾ ਕੇਂਦਰੀ ਹਲਕੇ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਅਤੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਸੀਚੇਵਾਲ ਪਹੁੰਚ ਕੇ ਨਿਰਮਲ ਕੁਟੀਆ ਵਿੱਚ ਸੰਤ ਸੀਚੇਵਾਲ ਨਾਲ ਪੰਜਾਬ ਦੇ ਦਰਿਆਈ ਪਾਣੀ ਦੇ ਪ੍ਰਦੂਸ਼ਣ ਨੂੰ ਅਤੇ ਖ਼ਾਸ ਕਰਕੇ ਬੁੱਢੇ ਦਰਿਆ ਦੇ ਪ੍ਰਦੂਸ਼ਣ ਨੂੰ ਮੁਕੰਮਲ ਤੌਰ ‘ਤੇ ਖ਼ਤਮ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ। ਜਦਕਿ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾ ਦਾ ਕਿਸੇ ਕਾਰਨ ਕਰਕੇ ਨਿਰਮਲ ਕੁਟੀਆ ਆਉਣ ਦਾ ਮਿੱਥਿਆ ਹੋਇਆ ਪ੍ਰੋਗਰਾਮ ਐਨ ਮੌਕੇ ‘ਤੇ ਰੱਦ ਹੋ ਗਿਆ ਸੀ। ਉਨ੍ਹਾਂ ਨੇ ਟੈਲੀਫੋਨ ‘ਤੇ ਸੰਤ ਸੀਚੇਵਾਲ ਨਾਲ ਦਰਿਆਈ ਪਾਣੀਆਂ ਦੇ ਪ੍ਰਦੂਸ਼ਣ ਨੂੰ ਘੱਟ ਕਰਨ ਬਾਰੇ ਸੰਖੇਪ ਵਿੱਚ ਚਰਚਾ ਕੀਤੀ। ਬੁੱਢੇ ਦਰਿਆ ਦੀ ਦੋ ਸਾਲਾਂ ਤੋਂ ਕਾਰ ਸੇਵਾ ਕਰਵਾ ਰਹੇ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨਿਰਮਲ ਕੁਟੀਆ ਆਏ ਆਗੂਆਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਵਾਤਾਵਰਣ ਪੱਖ ਤੋਂ ਪੰਜਾਬ ਦੇ ਹਲਾਤ ਸੁਖਾਵੇ ਬਣਾਉਣ ਲਈ ਜਾਮ ਹੋ ਚੁੱਕੇ ਪ੍ਰਸ਼ਾਸ਼ਨਿਕ ਸਿਸਟਮ ਨੂੰ ਚਾਲੂ ਕਰਨ ਦੀ ਸਖ਼ਤ ਲੋੜ ਹੈ। ਸੰਤ ਸੀਚੇਵਾਲ ਨੇ 7 ਮਈ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੰਭਾਵਿਤ ਦੌਰੇ ਦੀਆਂ ਤਿਆਰੀਆਂ ਲਈ ਵਿਧਾਇਕਾਂ ਅਤੇ ਮੇਅਰ ਨਾਲ ਚਰਚਾ ਕੀਤੀ। ਲੁਧਿਆਣੇ ਦੀ ਮੇਅਰ ਬੀਬੀ ਇੰਦਰਜੀਤ ਕੌਰ ਅਤੇ ਦੋ ਵਿਧਾਇਕਾਂ ਨੂੰ ਸੰਤ ਸੀਚੇਵਾਲ ਨੇ ਦੱਸਿਆ ਕਿ ਬੁੱਢੇ ਦਰਿਆ ਵਿੱਚ ਜਿਹੜੇ ਸੁਧਾਰ ਹੋਏ ਹਨ, ਉਨ੍ਹਾਂ ਵਿੱਚ ਪਹਿਲੇ ਨੰਬਰ ‘ਤੇ ਪੇਂਡੂ ਖੇਤਰ ਦੀਆਂ 79 ਡੇਅਰੀਆਂ ਦਾ ਗੋਹਾ ਦਰਿਆ ਵਿੱਚ ਸੁੱਟਣ ਤੋਂ ਬੰਦ ਕੀਤਾ ਗਿਆ ਹੈ। ਤਾਜਪੁਰ ਤੇ ਹੈਬੋਬਾਲ ਦੀਆਂ ਡੇਅਰੀਆਂ ਨੇੜੇ ਆਰਜ਼ੀ ਸੀਚੇਵਾਲ ਮਾਡਲ ਸਥਾਪਿਤ ਕਰਕੇ ਸੀਬੀਜੀ ਪਲਾਂਟ ਵਿੱਚ ਮੂਤਰਾਲ ਜਾਣ ਦਾ ਪ੍ਰਬੰਧ ਕੀਤਾ ਗਿਆ ਹੈ। ਸ਼ਹਿਰ ਦੀਆਂ ਤਿੰਨ ਕਲੋਨੀਆਂ ਦਾ ਗੰਦਾ ਪਾਣੀ ਮੁੱਖ ਸੀਵਰ ਦੀ ਪਾਈਪਲਾਇਨ ਨਾਲ ਜੋੜਿਆ ਜਾ ਰਿਹਾ ਹੈ। 8 ਪਿੰਡ ਚੜ੍ਹਦੇ ਪਾਸੇ ਦੇ ਅਤੇ ਲਹਿੰਦੇ ਪਾਸੇ ਦੇ ਤਿੰਨ ਪਿੰਡਾਂ ਦਾ ਪਾਣੀ ਦਰਿਆ ਵਿੱਚ ਜਾਣ ਤੋਂ ਰੋਕਿਆ ਗਿਆ ਸੀ। ਪਾਣੀ ਦੀ ਗੁਣਵੱਤਾ ਵਿੱਚ ਵੱਡੇ ਸੁਧਾਰਾਂ ਦੇ ਬਾਵਜੂਦ ਵੱਡੀਆਂ ਚੁਣੌਤੀਆਂ ਅਜੇ ਵੀ ਖੜ੍ਹੀ ਹਨ। ਜਮਾਲਪੁਰ ਡਰੇਨ ਦਾ 70 ਐੱਮਐੱਲਡੀ ਗੰਦਾ ਪਾਣੀ ਸਿੱਧਾ ਦਰਿਆ ਵਿੱਚ ਜਾਣ ਤੋਂ ਰੋਕਿਆ ਗਿਆ ਹੈ। ਭੱਟੀਆਂ ਟਰੀਟਮੈਂਟ ਪਲਾਂਟ ਨੂੰ ਜਾਣ ਵਾਲੀ ਪਾਇਪ ਲਾਈਨ ਜਿਹੜੀ 15 ਸਾਲਾਂ ਤੋਂ ਬੰਦ ਪਾਈ ਸੀ ਉਸ ਦੀ ਸਫਾਈ ਕਰਵਾਈ ਜਾ ਰਹੀ ਹੈ। ਤਲਵਾੜਾ ਪਿੰਡ ਦੇ ਗੰਦੇ ਪਾਣੀ ਨੂੰ ਸੋਧਣ ਲਈ ਸੀਚੇਵਾਲ ਮਾਡਲ ਅੰਤਮ ਪੜਾਅ ’ਚ ਹੈ। ------------------------- ਰੀਚਾਰਜ ਮਾਡਲ ਦੇਖ ਕੇ ਦੰਗ ਰਹੇ ਵਿਧਾਇਕ ਤੇ ਮੇਅਰ ਲੁਧਿਆਣੇ ਦੇ ਦੋਵੇਂ ਵਿਧਾਇਕ ਤੇ ਮੇਅਰ ਨੂੰ ਸੰਤ ਸੀਚੇਵਾਲ ਨੇ ਨਰਸਰੀ, ਨਵੇਂ ਪਲਵਾਨਾਂ ਦੀਆਂ ਕੁਸ਼ਤੀਆਂ ਦਾ ਅਭਿਆਸ ਤੇ ਨਾਨਕ ਹੱਟ ਬਾਰੇ ਜਾਣਕਾਰੀ ਦਿੱਤੀ ਤੇ ਉਨ੍ਹਾਂ ਨੂੰ ਮੌਕੇ ’ਤੇ ਲਿਜਾ ਕੇ ਸਾਰੇ ਅਦਾਰੇ ਦਿਖਾਏ। ਖੇਤ ਦਾ ਪਾਣੀ ਖੇਤ ਵਿੱਚ ਰੀਚਾਰਜ ਕਰਨ ਦਾ ਸਥਾਪਿਤ ਕੀਤਾ ਮਾਡਲ ਦੇਖ ਕੇ ਵਿਧਾਇਕ ਤੇ ਮੇਅਰ ਦੰਗ ਰਹਿ ਗਏ। ਇਸ ਮੌਕੇ ਆਈਆਂ ਸਖਸ਼ੀਅਤਾਂ ਨੂੰ ਬੂਟੇ ਦੇ ਕੇ ਸਨਮਾਨਿਤ ਕੀਤਾ।