ਕੰਟੇਨਰ ਚਾਲਕ ਨੂੰ ਰੋਕ ਕੇ ਬਦਮਾਸ਼ਾਂ ਨੇ ਲਾਹੇ ਟਾਇਰ
-ਪਠਾਨਕੋਟ ਚੌਕ ਦੇ ਨੇੜੇ
Publish Date: Thu, 14 May 2026 10:22 PM (IST)
Updated Date: Thu, 14 May 2026 10:24 PM (IST)
-ਪਠਾਨਕੋਟ ਚੌਕ ਦੇ ਨੇੜੇ ਰਾਤ ਦੇ ਸਮੇਂ ਵਾਪਰੀ ਘਟਨਾ, ਮਾਰੁਤੀ ਕਾਰ ਸਵਾਰਾਂ ਨੇ ਦਿੱਤਾ ਹਾਦਸੇ ਦਾ ਝਾਂਸਾ
ਜਾਸ, ਜਲੰਧਰ : ਜਲੰਧਰ ਦੇ ਪਠਾਨਕੋਟ ਚੌਕ ਨੇੜੇ ਬੁੱਧਵਾਰ ਰਾਤ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ, ਜਿੱਥੇ ਮਾਰੂਤੀ ਕਾਰ ਸਵਾਰ ਕੁਝ ਨੌਜਵਾਨਾਂ ਨੇ ਇਕ ਕੰਟੇਨਰ ਚਾਲਕ ਨੂੰ ਰੋਕ ਕੇ ਗੱਡੀ ਦੇ ਦੋ ਟਾਇਰ ਲਾਹ ਲਏ ਤੇ ਫਰਾਰ ਹੋ ਗਏ। ਜਾਣਕਾਰੀ ਦੇਣ ਵਾਲੇ ਬਿਹਾਰ ਦੇ ਰਹਿਣ ਵਾਲੇ ਕੰਟੇਨਰ ਚਾਲਕ ਸੁਰੇਸ਼ ਯਾਦਵ ਨੇ ਦੱਸਿਆ ਕਿ ਉਹ ਕਪੂਰਥਲਾ ਤੋਂ ਸਾਮਾਨ ਲੈ ਕੇ ਰਾਜਪੁਰਾ ਜਾ ਰਿਹਾ ਸੀ। ਰਾਤ ਦੇ ਸਮੇਂ ਜਦੋਂ ਉਹ ਪਠਾਨਕੋਟ ਚੌਕ ਨੇੜੇ ਪੁੱਜਾ ਤਾਂ ਪਿੱਛੇ ਆਈ ਇਕ ਮਾਰੂਤੀ ਕਾਰ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਕਾਰ ਸਵਾਰਾਂ ਨੇ ਦੋਸ਼ ਲਾਇਆ ਕਿ ਕੰਟੇਨਰ ਦੀ ਟੱਕਰ ਉਨ੍ਹਾਂ ਦੀ ਗੱਡੀ ਨਾਲ ਹੋਈ ਹੈ।
ਸੁਰੇਸ਼ ਯਾਦਵ ਨੇ ਦੱਸਿਆ ਕਿ ਜਿਵੇਂ ਹੀ ਉਸ ਨੇ ਸੜਕ ਕੰਢੇ ਗੱਡੀ ਰੋਕੀ, ਕਾਰ ਸਵਾਰ ਨੌਜਵਾਨਾਂ ਨੇ ਉਸ ਨੂੰ ਫੜ ਲਿਆ। ਇਸ ਦੌਰਾਨ ਪਿੱਛੇ ਆਏ ਇਕ ਛੋਟੇ ਹਾਥੀ ਵਾਹਨ ’ਚ ਸਵਾਰ ਲੋਕਾਂ ਨੇ ਕੰਟੇਨਰ ਦੇ ਦੋ ਟਾਇਰ ਲਾਹ ਲਏ। ਘਟਨਾ ਨੂੰ ਅੰਜਾਮ ਦੇਣ ਦੇ ਬਾਅਦ ਸਾਰੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਜਾਣਕਾਰੀ ਮਿਲਦਿਆਂ ਹੀ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਮੌਕੇ 'ਤੇ ਪੁੱਜ ਗਈ। ਏਐੱਸਆਈ ਗੁਰਮੇਲ ਸਿੰਘ ਨੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।