ਸ਼ਰਾਰਤੀ ਅਨਸਰ ਵਿਗਾੜ ਰਹੇ ਨੇ ਸ਼ਹਿਰ ਦੀ ਸੁੰਦਰਤਾ
ਜਾਸ, ਜਲੰਧਰ : ਜ਼ਿਲ੍ਹਾ
Publish Date: Mon, 18 May 2026 10:57 PM (IST)
Updated Date: Mon, 18 May 2026 11:00 PM (IST)
ਜਾਸ, ਜਲੰਧਰ : ਜ਼ਿਲ੍ਹਾ ਪ੍ਰਸ਼ਾਸਨ ਫਲਾਈਓਵਰ ਦੀਆਂ ਕੰਧਾਂ 'ਤੇ ਵੱਖ-ਵੱਖ ਕਿਸਮ ਦੀਆਂ ਪੇਂਟਿੰਗਾਂ ਬਣਾ ਕੇ ਇਸਨੂੰ ਖੂਬਸੂਰਤ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਫਲਾਈਓਵਰ ਦੇ ਹੇਠਾਂ ਬਾਕਸ ਕ੍ਰਿਕਟ ਮੈਦਾਨ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਸ਼ਹਿਰ ਦੀ ਸੁੰਦਰਤਾ ਵਧੇ। ਫਿਰ ਵੀ ਕੁਝ ਸ਼ਰਾਰਤੀ ਅਨਸਰਾਂ ਨੇ ਸੰਵਿਧਾਨ ਚੌਕ ਦੇ ਫਲਾਈਓਵਰ ਦੀਆਂ ਕੰਧਾਂ 'ਤੇ ਇਤਰਾਜ਼ਯੋਗ ਸ਼ਬਦ ਤੇ ਤਸਵੀਰਾਂ ਬਣਾਈਆਂ ਹੋਈਆਂ ਹਨ। ਇਹ ਸ਼ਬਦ ਤੇ ਤਸਵੀਰਾਂ ਕਿਸੇ ਨੇ ਸਾਫ਼ ਨਹੀਂ ਕੀਤੀਆਂ। ਇਸ ਫਲਾਈਓਵਰ ਰਾਹੀਂ ਲੋਕ ਦੂਜੇ ਜ਼ਿਲ੍ਹਿਆਂ ਵੱਲ ਲੰਘਦੇ ਹਨ। ਇਹ ਸ਼ਬਦ ਦੇਖਦੇ ਤੇ ਪੜ੍ਹਦੇ ਵੀ ਹਨ। ਇਹ ਸ਼ਬਦ ਕਿਸ ਨੇ ਲਿਖੇ, ਕਿਉਂ ਲਿਖੇ ਅਤੇ ਲਿਖਣ ਦੇ ਪਿੱਛੇ ਕੀ ਮਨਸ਼ਾ ਹੈ, ਇਸ ਬਾਰੇ ਕਿਸੇ ਨੂੰ ਵੀ ਪਤਾ ਨਹੀਂ ਹੈ। ਇਸ ਸਮੇਂ ਇਨ੍ਹਾਂ ਸ਼ਬਦਾਂ ਨੂੰ ਲਿਖਣ ਲਈ ਕਾਲੇ ਰੰਗ ਦੇ ਸਪਰੇ ਦੀ ਵਰਤੋਂ ਕੀਤੀ ਗਈ ਹੈ। ਇਹ ਸ਼ਰਾਰਤੀ ਅਨਸਰ ਸ਼ਹਿਰ ਦੀ ਸੁੰਦਰਤਾ ਨੂੰ ਧੱਬਾ ਲਾ ਰਹੇ ਹਨ। ਇਨ੍ਹਾਂ ਸ਼ਬਦਾਂ ਦੇ ਲਿਖੇ ਜਾਣ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਵੀ ਨਹੀਂ ਹੈ।
ਪੁਲਿਸ ਨਾਕੇ ਹੋਣ ਦੇ ਬਾਵਜੂਦ ਕੌਣ ਲਿਖ ਗਿਆ ਇਤਰਾਜਯੋਗ ਸ਼ਬਦ
ਫਲਾਈਓਵਰ ਦੀ ਸਾਈਡ ਦੀ ਗੱਲ ਕਰੀਏ ਤਾਂ ਸੰਵਿਧਾਨ ਚੌਕ 'ਚ ਲੱਗਾ ਪੁਲਿਸ ਦਾ ਨਾਕਾ ਸਿਰਫ 50 ਕਦਮ ਦੂਰ ਹੈ। ਦੂਜਾ ਨਾਕਾ ਨਿੱਜੀ ਕਾਲਜ ਦੇ ਸਾਹਮਣੇ ਲੱਗਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਦੋ ਦੋ ਨਾਕੇ ਹੋਣ ਦੇ ਬਾਵਜੂਦ ਆਖਰਕਾਰ ਇਤਰਾਜ਼ਯੋਗ ਸ਼ਬਦ ਕੌਣ ਲਿਖ ਗਿਆ। ਆਸ-ਪਾਸ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ। ਪ੍ਰਸ਼ਾਸਨ ਚਾਹੇ ਤਾਂ ਇਤਰਾਜ਼ਯੋਗ ਸ਼ਬਦ ਲਿਖਣ ਵਾਲਿਆਂ ਦਾ ਪਤਾ ਲਾਇਆ ਜਾ ਸਕਦਾ ਹੈ। ਦੂਜੇ ਪਾਸੇ, ਫਲਾਈਓਵਰ ਦੇ ਨਾਲ ਇਕ ਨਿੱਜੀ ਕਾਲਜ ਹੈ। ਕਾਲਜ ਦੇ ਵਿਦਿਆਰਥੀ ਹਰ ਰੋਜ਼ ਇਸ ਰੋਡ ਤੋਂ ਗੁਜ਼ਰਦੇ ਹਨ। ਇਨ੍ਹਾਂ ਸ਼ਬਦਾਂ ਤੇ ਤਸਵੀਰਾਂ ਦਾ ਵਿਦਿਆਰਥੀਆਂ 'ਤੇ ਕੀ ਪ੍ਰਭਾਵ ਪਵੇਗਾ।
---
ਸੁੰਦਰਤਾ ਵਿਗਾੜਨ ਵਾਲਿਆਂ 'ਤੇ ਕੀਤੀ ਜਾਵੇਗੀ ਕਾਰਵਾਈ
ਏਸੀਪੀ ਰਾਜੀਵ ਠਾਕੁਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ। ਫਲਾਈਓਵਰ ਦਾ ਨਿਰੀਖਣ ਕਰਵਾਇਆ ਜਾਵੇਗਾ। ਨਿਰੀਖਣ ਕਰਨ ਮਗਰੋਂ ਜਾਂਚ ਕੀਤੀ ਜਾਵੇਗੀ। ਲਿਖਣ ਵਾਲੇ ਦਾ ਪਤਾ ਲਗਾਇਆ ਜਾਵੇਗਾ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।