ਹੋਰਮੁਜ਼ ਸਟ੍ਰੇਟ ’ਚ ਬਾਰੂਦੀ ਸੁਰੰਗਾਂ ਨੂੰ ਲੱਭ ਰਿਹਾ ਅਮਰੀਕਾ
ਬਾਰੂਦੀ ਸੁਰੰਗਾਂ ਨੂੰ ਹਟਾਉਣ
Publish Date: Sat, 25 Apr 2026 08:55 PM (IST)
Updated Date: Sat, 25 Apr 2026 08:58 PM (IST)

ਬਾਰੂਦੀ ਸੁਰੰਗਾਂ ਨੂੰ ਹਟਾਉਣ ’ਚ ਛੇ ਮਹੀਨਿਆਂ ਦਾ ਸਮਾਂ ਲੱਗ ਸਕਦੈ ਮਾਹਰਾਂ ਦੀ ਚਿੰਤਾ, ਨਾਵਿਕਾਂ ਨੂੰ ਭਰੋਸਾ ਦਿਵਾਉਣ ’ਚ ਆਉਣਗੀਆਂ ਮੁਸ਼ਕਿਲਾਂ ਵਾਸ਼ਿੰਗਟਨ (ਏਪੀ) : ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਅਮਰੀਕੀ ਜਲ ਸੈਨਾ ਹੋਰਮੁਜ਼ ਜਲਡਮਰੂਮੱਧ ਤੋਂ ਈਰਾਨੀ ਬਾਰੂਦੀ ਸੁਰੰਗਾਂ ਹਟਾ ਰਹੀ ਹੈ। ਇਹ ਜਲਡਮਰੂਮੱਧ ਤੇਲ ਟ੍ਰਾਂਸਪੋਰਟ ਦਾ ਮਹੱਤਵਪੂਰਨ ਸਮੁੰਦਰੀ ਮਾਰਗ ਹੈ, ਜਿਸ ਦੇ ਰੁਕਣ ਨਾਲ ਆਲਮੀ ਅਰਥਵਿਵਸਥਾ ਨੂੰ ਖ਼ਤਰਾ ਬਣਿਆ ਹੋਇਆ ਹੈ। ਪੇਂਟਾਗਨ ਦੇ ਅਧਿਕਾਰੀਆਂ ਨੇ ਸੰਸਦ ਮੈਂਬਰਾਂ ਨੂੰ ਦਸਿਆ ਕਿ ਈਰਾਨ ਵੱਲੋਂ ਜਲਡਮਰੂਮੱਧ ’ਚ ਵਿਛਾਈਆਂ ਗਈਆਂ ਬਾਰੂਦੀ ਸੁਰੰਗਾਂ ਨੂੰ ਹਟਾਉਣ ’ਚ ਸ਼ਾਇਦ ਛੇ ਮਹੀਨੇ ਲੱਗਣਗੇ। ਇਹ ਜਾਣਕਾਰੀ ਮਾਮਲੇ ਤੋਂ ਜਾਣੂ ਇਕ ਵਿਅਕਤੀ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਦਿੱਤੀ। ਇਹ ਜਾਣਕਾਰੀ ਮੰਗਲਵਾਰ ਨੂੰ ਪ੍ਰਤੀਨਿਧੀ ਸਭਾ ਦੀ ਹਥਿਆਰਬੰਦ ਸੇਵਾ ਕਮੇਟੀ ਦੀ ਗੁਪਤ ਬ੍ਰੀਫਿੰਗ ਦੌਰਾਨ ਦਿੱਤੀ ਗਈ। ਇਸ ਅਨੁਮਾਨ ਬਾਰੇ ਪੁੱਛੇ ਜਾਣ ’ਤੇ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਫ਼ੌਜ ਸਮਾਂਹੱਦ ’ਤੇ ਕੋਈ ਅਟਕਲ ਨਹੀਂ ਲਗਾਏਗੀ ਪਰ ਉਨ੍ਹਾਂ ਨੇ ਇਸ ਤੋਂ ਨਾਂਹ ਵੀ ਨਹੀਂ ਕੀਤੀ। ਉੱਧਰ ਮਾਹਰਾਂ ਦਾ ਕਹਿਣਾ ਹੈ ਕਿ ਭਵਿੱਖ ’ਚ ਅਮਰੀਕਾ ਵੱਲੋਂ ਇਸ ਜਲਮਾਰਗ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਐਲਾਨੇ ਜਾਣ ਦੇ ਦਾਅਵੇ ਕਮਰਸ਼ੀਅਲ ਮਾਲਵਾਹਕ ਕੰਪਨੀਆਂ ਤੇ ਉਨ੍ਹਾਂ ਦੇ ਬੀਮਾਕਰਤਾਵਾਂ ਨੂੰ ਇਹ ਭਰੋਸਾ ਦਿਵਾਉਣ ’ਚ ਨਾਕਾਮ ਹੋ ਸਕਦੇ ਹਨ ਕਿ ਇਹ ਮਾਰਗ ਹੁਣ ਸੁਰੱਖਿਅਤ ਹੈ। ਫਾਰੇਨ ਪਾਲਿਸੀ ਰਿਸਰਚ ਇੰਸਟੀਚਿਊਟ ਦੇ ਰਾਸ਼ਟਰੀ ਸੁਰੱਖਿਆ ਪ੍ਰੋਗਰਾਮ ਨਾਲ ਜੁੜੀ ਐਮਾ ਸੈਲਿਸਬਰੀ ਨੇ ਕਿਹਾ,‘ਬਾਰੂਦੀ ਸੁਰੰਗਾਂ ਵਿਛਾਉਣ ਦੀ ਵੀ ਲੋੜ ਨਹੀਂ ਹੈ। ਤੁਹਾਨੂੰ ਬੱਸ ਲੋਕਾਂ ਨੂੰ ਇਹ ਯਕੀਨ ਦਿਵਾਉਣਾ ਹੋਵੇਗਾ ਕਿ ਤੁਸੀਂ ਸੁਰੰਗਾਂ ਵਿਛਾਈਆਂ ਹਨ ਤੇ ਭਾਵੇਂ ਹੀ ਅਮਰੀਕਾ ਜਲਡਮਰੂਮੱਧ ਦੀ ਪੂਰੀ ਤਰ੍ਹਾਂ ਛਾਣਬੀਨ ਕਰ ਲਵੇ ਤੇ ਕਹੇ ਕਿ ਸਭ ਕੁਝ ਸਾਫ਼ ਹੈ, ਈਰਾਨੀਆਂ ਨੇ ਬੱਸ ਇੰਨਾ ਹੀ ਕਹਿਣਾ ਹੈ,‘ਅਸਲ ’ਚ ਤੁਸੀਂ ਅਜੇ ਤੱਕ ਸਾਰਿਆਂ ਨੂੰ ਨਹੀਂ ਲੱਭਿਆ ਹੈ।’