59ਵੇਂ ਸਾਲਾਨਾ ਉਰਸ ਦੀਆਂ ਤਿਆਰੀਆਂ ਸਬੰਧੀ ਇਕੱਤਰਤਾ
59ਵੇਂ ਸਲਾਨਾ ਉਰਸ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਹੋਈ
Publish Date: Thu, 14 May 2026 06:47 PM (IST)
Updated Date: Thu, 14 May 2026 06:48 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਸਰਕਾਰ ਸਯਦ ਬਾਬਾ ਉਮਰ ਬਖ਼ਸ਼ ਭੂਰੀ ਵਾਲੇ ਚਿਸਤੀ ਸਾਬਰੀ ਅਤੇ ਸਾਈ ਸੁੰਦਰ ਸ਼ਾਹ ਜੀ ਚਿਸਤੀ ਸਾਬਰੀ ਜੀ ਦੇ 59ਵੇਂ ਸਾਲਾਨਾ ਉਰਸ ਸਬੰਧੀ ਮੀਟਿੰਗ ਦਰਬਾਰ ਸਾਈ ਸੋਢੀ ਸ਼ਾਹ, ਗੋਪਾਲ ਕਲੋਨੀ, ਨੂਰਮਹਿਲ ਰੋਡ ਫਿਲੌਰ ਵਿਖੇ ਕਰਵਾਈ ਗਈ। ਮੀਟਿੰਗ ਦੀ ਅਗਵਾਈ ਦਰਬਾਰ ਦੇ ਮੁੱਖ ਸੇਵਾਦਾਰ ਸਾਈ ਰਮੇਸ਼ ਅਲੀ ਚਿਸਤੀ ਸਾਬਰੀ ਅਤੇ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਰਜਿਸਟਰਡ ਪੰਜਾਬ ਦੇ ਅਹੁਦੇਦਾਰਾਂ ਵੱਲੋਂ ਕੀਤੀ ਗਈ। ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ 2 ਜੂਨ ਨੂੰ ਸ਼ਾਮ 6 ਵਜੇ ਚਿਰਾਗ ਰੋਸ਼ਨ ਦੀ ਰਸਮ ਅਤੇ ਸ਼ਾਮ 7 ਵਜੇ ਮਹਿੰਦੀ ਦੀ ਰਸਮ ਅਦਾ ਕੀਤੀ ਜਾਵੇਗੀ। 3 ਜੂਨ ਨੂੰ ਸਵੇਰੇ 11 ਵਜੇ ਝੰਡੇ ਦੀ ਰਸਮ ਹੋਵੇਗੀ, ਜਿਸ ਤੋਂ ਬਾਅਦ ਦੁਪਹਿਰ 1 ਵਜੇ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰਾਤ 8 ਵਜੇ ਮਹਿਫ਼ਲ-ਏ-ਕੱਵਾਲੀ ਕਰਵਾਈ ਜਾਵੇਗੀ, ਜਿਸ ਵਿੱਚ ਮੁਨੱਵਰ ਅਲੀ ਕਵਾਲ ਅਤੇ ਕਰਾਮਤ ਅਲੀ ਵੱਲੋਂ ਦਾਤਾ ਜੀ ਦਾ ਗੁਣਗਾਨ ਕੀਤਾ ਜਾਵੇਗਾ। ਉਰਸ ਸਮਾਗਮ ਵਿੱਚ ਵੱਖ-ਵੱਖ ਡੇਰਿਆਂ ਤੋਂ ਮਹਾਂਪੁਰਸ਼ ਵੀ ਸ਼ਿਰਕਤ ਕਰਕੇ ਸੰਗਤਾਂ ਨੂੰ ਅਸ਼ੀਰਵਾਦ ਦੇਣਗੇ।