ਦਿਨ-ਦਿਹਾੜੇ ਮੈਡੀਕਲ ਸਟੋਰ ’ਤੇ ਲੁੱਟ, ਹਮਲਾ ਕਰ ਕੇ ਖੋਹੀ ਚੇਨ
-ਭਗਵਾਨ ਵਾਲਮੀਕਿ ਚੌਕ ਨੇੜੇ
Publish Date: Sat, 02 May 2026 10:29 PM (IST)
Updated Date: Sat, 02 May 2026 10:32 PM (IST)
-ਭਗਵਾਨ ਵਾਲਮੀਕਿ ਚੌਕ ਨੇੜੇ ਵਾਰਦਾਤ, ਗੰਭੀਰ ਜ਼ਖਮੀ ਔਰਤ ਹਸਪਤਾਲ ’ਚ ਦਾਖ਼ਲ
- ਪੁਲਿਸ ਸੀਸੀਟੀਵੀ ਰਾਹੀਂ ਮੁਲਜ਼ਮਾਂ ਦੀ ਪਛਾਣ ਕਰਨ ਦੀ ਕਰ ਰਹੀ ਹੈ ਕੋਸ਼ਿਸ਼
ਜਾਸ, ਜਲੰਧਰ : ਭਗਵਾਨ ਵਾਲਮੀਕਿ ਚੌਕ ਨੇੜੇ ਸਥਿਤ ਇਕ ਮੈਡੀਕਲ ਸਟੋਰ ’ਤੇ ਦਿਨ ਦਿਹਾੜੇ ਲੁਟੇਰਿਆਂ ਨੇ ਇਕ ਔਰਤ ’ਤੇ ਦਾਤਰ ਨਾਲ ਹਮਲਾ ਕਰਕੇ ਸੋਨੇ ਦੀ ਚੇਨ ਲੁੱਟ ਲਈ। ਇਸ ਹਮਲੇ ’ਚ ਔਰਤ ਗੰਭੀਰ ਤੌਰ 'ਤੇ ਜ਼ਖਮੀ ਹੋ ਗਈ, ਜਿਸ ਨੂੰ ਤੁਰੰਤ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ, ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਇਲਾਕੇ ਦੀ ਰੇਕੀ ਕੀਤੀ ਸੀ। ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਮੁਲਜ਼ਮ ਕੁਝ ਸਮੇਂ ਤੱਕ ਆਸ-ਪਾਸ ਘੁੰਮਦੇ ਰਹੇ ਤੇ ਫਿਰ ਗਾਹਕ ਬਣ ਕੇ ਮੈਡੀਕਲ ਸਟੋਰ ’ਚ ਦਾਖਲ ਹੋ ਗਏ। ਉਸ ਸਮੇਂ ਦੁਕਾਨ 'ਤੇ ਆਸ਼ਾ ਰਾਣੀ ਨਾਂ ਦੀ ਔਰਤ ਮੌਜੂਦ ਸੀ। ਜਿਵੇਂ ਹੀ ਮੁਲਜ਼ਮਾਂ ਨੂੰ ਮੌਕਾ ਮਿਲਿਆ, ਉਨ੍ਹਾਂ ਨੇ ਲੁੱਟ-ਖੋਹ ਸ਼ੁਰੂ ਕਰ ਦਿੱਤੀ। ਜਦੋਂ ਆਸ਼ਾ ਰਾਣੀ ਨੇ ਹਿੰਮਤ ਦਿਖਾਉਂਦਿਆਂ ਵਿਰੋਧ ਕੀਤਾ ਤੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਨੇ ਦਾਤਰ ਨਾਲ ਹਮਲਾ ਕਰ ਦਿੱਤਾ। ਹਮਲੇ ’ਚ ਉਨ੍ਹਾਂ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਹਨ ਤੇ ਉਹ ਖੂਨ ਨਾਲ ਲੱਥਪੱਥ ਹੋ ਕੇ ਓਥੇ ਹੀ ਡਿੱਗ ਪਈ। ਇਸ ਤੋਂ ਬਾਅਦ ਮੁਲਜ਼ਮ ਗਲੇ ’ਚੋਂ ਸੋਨੇ ਦੀ ਚੇਨ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਮਗਰੋਂ ਬਾਅਦ ਲੋਕਾਂ ਨੇ ਜ਼ਖਮੀ ਔਰਤ ਨੂੰ ਹਸਪਤਾਲ ਪਹੁੰਚਾਇਆ। ਜਾਣਕਾਰੀ ਮਿਲਦਿਆਂ ਹੀ ਥਾਣਾ-4 ਦੀ ਪੁਲਿਸ ਟੀਮ ਮੌਕੇ 'ਤੇ ਪੁੱਜੀ ਤੇ ਘਟਨਾ ਵਾਲੀ ਥਾਂ ’ਤੇ ਜਾਂਚ ਕੀਤੀ। ਪੁਲਿਸ ਨੇ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਤੇ ਪੀੜਤ ਦੇ ਬਿਆਨ ਵੀ ਦਰਜ ਕੀਤੇ ਗਏ ਹਨ। ਥਾਣਾ-4 ਦੀ ਇੰਚਾਰਜ ਅਨੂ ਪਲਿਆਲ ਨੇ ਦੱਸਿਆ ਕਿ ਕੰਟਰੋਲ ਰੂਮ ਤੋਂ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪੁੱਜ ਗਈ। ਫਿਲਹਾਲ ਮੈਡੀਕਲ ਸਟੋਰ ਅਤੇ ਆਸ-ਪਾਸ ਦੀਆਂ ਗਲੀਆਂ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਦੀ ਪਛਾਣ ਤੇ ਉਨ੍ਹਾਂ ਦੇ ਭੱਜਣ ਦੇ ਰਸਤੇ ਦਾ ਪਤਾ ਲਾਇਆ ਜਾ ਸਕੇ। ਪੁਲਿਸ ਦਾ ਦਾਅਵਾ ਹੈ ਕਿ ਜਲਦੀ ਹੀ ਮੁਲਜ਼ਮਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।