ਸੋਢਲ ਮੇਲੇ ’ਚ ਨਿਗਮ ਨੇ ਪਲਾਸਟਿਕ ਨਾ ਵਰਤਣ ਦੀ ਕੀਤੀ ਅਪੀਲ
ਸੋਢਲ ਮੇਲੇ ਦੀਆਂ ਨਗਰ ਨਿਗਮ ਵਲੋਂ ਤਿਆਰੀਆਂ ਸ਼ੁਰੂ ਸਵੱਛਤਾ ਨੂੰ ਲੈ ਕੇ ਪਲਾਸਟਿਕ ਦੀ ਵਰਤੋਂ ਨਾ ਕਰਨ ਦੀ ਅਪੀਲ
Publish Date: Thu, 04 Sep 2025 09:22 PM (IST)
Updated Date: Thu, 04 Sep 2025 09:22 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : 6 ਸਤੰਬਰ ਨੂੰ ਸ਼ੁਰੂ ਹੋਣ ਵਾਲੇ ਸ੍ਰੀ ਸਿੱਧ ਬਾਬਾ ਸੋਢਲ ਮੇਲੇ ਦੀਆਂ ਤਿਆਰੀਆਂ ਦਾ ਕੰਮ ਨਗਰ ਨਿਗਮ ਨੇ ਸ਼ੁਰੂ ਕਰ ਦਿੱਤਾ ਹੈ ਅਤੇ ਮੇਅਰ ਵਨੀਤ ਧੀਰ ਨੇ ਇਸ ਸਬੰਧੀ ਹਦਾਇਤਾਂ ਦਿੱਤੀਆਂ ਸਨ। ਨਗਰ ਨਿਗਮ ਵੱਲੋਂ ਸਵੱਛਤਾ ਨੂੰ ਮੁੱਖ ਰੱਖਦਿਆਂ ਮੇਲੇ ਦੌਰਾਨ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ ਲਈ ਸਵੱਛਤਾ ਮੁਹਿੰਮ ਦੇ ਪੋਸਟਰ ਲਾਏ ਗਏ ਹਨ ਤੇ ਸਹਾਇਕ ਡਾ. ਸਮਿਤਾ ਅਬਰੋਲ ਦੀ ਅਗਵਾਈ ’ਚ ਨਗਰ ਨਿਗਮ ਵੱਲੋਂ ਪਲਾਸਟਿਕ ਦੀ ਵਰਤੋਂ ਨਾ ਕਰਨ ਅਤੇ ਬਿਨਾ ਪਲਾਸਟਿਕ ਵਾਲੇ ਪੱਤਲਾਂ ਤੇ ਡੂਨਿਆਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ ਹੈ। ਨਗਰ ਨਿਗਮ ਵੱਲੋਂ ਉਥੇ ਪੱਤਲਾਂ ਅਤੇ ਡੂਨਿਆਂ ਦਾ ਸਟਾਲ ਲਾਇਆ ਗਿਆ ਹੈ। ਇਸ ਤੋਂ ਇਲਾਵਾ ਦੁਕਾਨਦਾਰਾਂ ਵੱਲੋਂ ਲਗਾਏ ਜਾਣ ਵਾਲੇ ਸਟਾਲਾਂ ’ਤੇ ਪਲਾਸਟਿਕ ਵਰਤਣ ਦੀ ਮਨਾਹੀ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਹਦਾਇਤ ਕੀਤੀ ਕਿ ਗਈ ਹੈ ਕਿ ਸਾਫ ਸਫਾਈ ਦਾ ਪੂਰਾ-ਪੂਰਾ ਧਿਆਨ ਰੱਖਿਆ ਜਾਵੇ। ਨਿਗਮ ਵੱਲੋਂ ਉਥੇ ਪੀਣ ਦੇ ਪਾਣੀ ਲਈ ਟੈਂਕਰ, ਸਫਾਈ ਦੇ ਮੱਦੇਨਜ਼ਰ ਕੂੜੇਦਾਨ ਲਾਉਣ ਤੋਂ ਇਲਾਵਾ ਸੜਕਾਂ ਦੀ ਮੁਰੰਮਤ ਤੇ ਪੈਚ ਵਰਕ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਟਰੀਟ ਲਾਈਟ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਹਾਲ ਦੀ ਘੜੀ ਮੇਲੇ ’ਚ ਲੋਕਾਂ ਆਮਦ ਕਾਫੀ ਘੱਟ ਹੈ। ਸ਼ੁੱਕਰਵਾਰ ਤੋਂ ਸ਼ਰਧਾਲੂਆਂ ਦੀ ਆਵਾਜਾਈ ਸ਼ੁਰੂ ਹੋਣ ਦੀ ਸੰਭਾਵਨਾ ਹੈ।