ਵਿਗਿਆਪਨ ਦਾ ਠੇਕਾ ਨਾ ਲੱਗਣ ’ਤੇ ਨਿਗਮ ਨੂੰ 100 ਕਰੋੜ ਤੋਂ ਵੱਧ ਦਾ ਨੁਕਸਾਨ
ਜਾਸ, ਜਲੰਧਰ :
Publish Date: Wed, 05 Nov 2025 09:53 PM (IST)
Updated Date: Wed, 05 Nov 2025 09:55 PM (IST)

ਜਾਸ, ਜਲੰਧਰ : ਸਰਕਾਰੀ ਫਾਈਲਾਂ ’ਚ ਸਿਰਫ ਜਨਤਾ ਦੇ ਕੰਮ ਹੀ ਨਹੀਂ ਰੁਕਦੇ, ਸਰਕਾਰੀ ਕੰਮ ਵੀ ਫਸ ਜਾਂਦੇ ਹਨ। ਸ਼ਹਿਰ ਵਿਚ ਵਿਗਿਆਪਨ ਠੇਕੇ ਦੀ ਫਾਈਲ ਲਗਪਗ 10 ਸਾਲਾਂ ਤੋਂ ਲਟਕੀ ਹੋਈ ਹੈ। ਇਸ ਕਾਰਨ ਨਗਰ ਨਿਗਮ ਨੂੰ ਹੁਣ ਤੱਕ 100 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਚੁੱਕਾ ਹੈ। ਇਸ ਫਾਈਲ ਨੂੰ ਕਲੀਅਰ ਕਰਨ ਲਈ ਸਰਕਾਰੀ ਪੱਧਰ ’ਤੇ ਕੋਈ ਗੰਭੀਰਤਾ ਨਹੀਂ ਦਿਖਾਈ ਗਈ। ਕਦੇ ਪੰਜਾਬ ਪੱਧਰ ’ਤੇ ਨਵੀਂ ਨੀਤੀ ਤਾਂ ਕਦੇ ਸਥਾਨਕ ਪੱਧਰ ’ਤੇ ਟੈਂਡਰ ਪ੍ਰਕਿਰਿਆ ’ਚ ਵਾਰ-ਵਾਰ ਬਦਲਾਅ ਕਰ ਕੇ 10 ਸਾਲਾਂ ਤੋਂ ਵੱਧ ਦਾ ਸਮਾਂ ਨਗਰ ਨਿਗਮ ਨੇ ਗੁਆ ਲਿਆ। ਨਗਰ ਨਿਗਮ ਵਿੱਤ ਹਮੇਸ਼ਾ ਆਰਥਿਕ ਸੰਕਟ ਵਿਚ ਫਸਿਆ ਰਹਿੰਦਾ ਹੈ ਪਰ ਕਿਸੇ ਨੇ ਵੀ ਵਿਗਿਆਪਨ ਠੇਕੇ ਨਾਲ ਨਗਰ ਦੇ ਮਾਲੀਏ ਨੂੰ ਵਧਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਸ਼ਹਿਰ ’ਚ ਬਿਨਾਂ ਮਨਜ਼ੂਰੀ ਦੇ ਵਿਗਿਆਪਨ ਲਾਏ ਜਾ ਰਹੇ ਹਨ ਪਰ ਨਗਰ ਨਿਗਮ ਦੇ ਖਾਤੇ ਵਿਚ ਕੁਝ ਨਹੀਂ ਆ ਰਿਹਾ। ਹੁਣ ਮੇਅਰ ਵਨੀਤ ਧੀਰ ਨੇ ਸਰਕਾਰ ਤੋਂ ਟੈਂਡਰ ਲਈ ਨਵੇਂ ਸਿਰੇ ਤੋਂ ਮਨਜ਼ੂਰੀ ਲੈ ਲਈ ਹੈ। ਮੇਅਰ ਅਹੁਦਾ ਸੰਭਾਲਣ ਤੋਂ ਬਾਅਦ ਹੀ ਉਨ੍ਹਾਂ ਨੇ ਵਿਗਿਆਪਨ ਠੇਕੇ ਦੇ ਟੈਂਡਰ ’ਤੇ ਕੰਮ ਸ਼ੁਰੂ ਕਰ ਦਿੱਤਾ ਸੀ। ਸਰਕਾਰ ਨੇ ਟੈਂਡਰ ਰਕਮ ਵਧਾ ਕੇ 18 ਕਰੋੜ ਕਰ ਦਿੱਤੀ ਸੀ ਪਰ ਹੁਣ ਮੇਅਰ ਨੇ ਸਰਕਾਰ ਤੋਂ ਟੈਂਡਰ ਰਕਮ ਘਟਾਉਣ ਦੀ ਪ੍ਰਵਾਨਗੀ ਲੈ ਲਈ ਹੈ। ਸਰਕਾਰ ਨੇ 15 ਤੋਂ 25 ਫ਼ੀਸਦੀ ਰਕਮ ਘਟਾਉਣ ਦੀ ਪ੍ਰਵਾਨਗੀ ਦਿੱਤੀ ਹੈ। ਨਵੀਂ ਤਜਵੀਜ਼ ਨੂੰ ਹਾਊਸ ’ਚ ਪਾਸ ਕਰ ਕੇ ਟੈਂਡਰ ਲਾਇਆ ਜਾਵੇਗਾ। ਮੇਅਰ ਨੂੰ ਉਮੀਦ ਹੈ ਕਿ ਇਹ ਟੈਂਡਰ ਸਿਰੇ ਚੜ੍ਹ ਜਾਵੇਗਾ ਤੇ ਨਗਰ ਨਿਗਮ ਨੂੰ ਹਰ ਸਾਲ ਲਗਪਗ 15 ਕਰੋੜ ਰੁਪਏ ਦੀ ਆਮਦਨ ਹੋਵੇਗੀ। ਨਗਰ ਨਿਗਮ ਇਸ ਸਮੇਂ ਸਿਰਫ ਮਾਡਲ ਟਾਊਨ ਜ਼ੋਨ ਵਿਚ 59 ਯੂਨੀਪੋਲ ਸਾਈਟਾਂ ਦੀ ਆਨਲਾਈਨ ਬੁਕਿੰਗ ਕਰ ਰਿਹਾ ਹੈ। ਇਹ ਸਾਈਟਾਂ ਕਾਫੀ ਮੰਗ ’ਚ ਰਹਿੰਦੀਆਂ ਹਨ। ਸ਼ਹਿਰ ’ਚ ਨਵੇਂ ਠੇਕੇ ਵਿਚ ਲਗਪਗ 250 ਯੂਨੀਪੋਲ ਸਾਈਟਾਂ ਹੋਣਗੀਆਂ, ਜਿਸ ਵਿਚ ਪੁਰਾਣੇ ਠੇਕੇ ਦੇ 59 ਯੂਨੀਪੋਲ ਵੀ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਬੱਸ ਕਿਊ ਸ਼ੈਲਟਰ, ਪਬਲਿਕ ਟਾਇਲਟਸ ਸਮੇਤ ਕਈ ਹੋਰ ਸਾਈਟਾਂ ਤੇ ਵੀ ਵਿਗਿਆਪਨ ਲਾਉਣ ਦੀ ਮਨਜ਼ੂਰੀ ਹੋਵੇਗੀ।