ਮੇਅਰ ਤੇ ਕਮਿਸ਼ਨਰ ਨੇ ਮੰਗਾਂ ਮੰਨਣ ਦਾ ਦਿੱਤਾ ਭਰੋਸਾ
ਡਰਾਈਵਰ ਤੇ ਜੇਸੀਬੀ ਅਪ੍ਰੇਟਰ ਯੂਨੀਅਨ ਨੂੰ ਮੰਗਾਂ ਸਬੰਧੀ ਮੇਅਰ ਤੇ ਕਮਿਸ਼ਨਰ ਨੇ ਦਿੱਤਾ ਭਰੋਸਾ
Publish Date: Wed, 20 May 2026 09:05 PM (IST)
Updated Date: Wed, 20 May 2026 09:07 PM (IST)
ਬੁੱਧਵਾਰ ਨੂੰ ਕੂੜੇ ਦੀ ਢੁਆਈ ਦਾ ਕੰਮ ਯੂਨੀਅਨ ਰੱਖਿਆ ਸੀ ਬੰਦ
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਿਗਮ ਦੀ ਹੈਲਥ ਬਰਾਂਚ ’ਚ ਅਕਾਊਂਟਸ ਬਰਾਂਚ ਵਿਚ ਨਿਗਮ ਕਮਿਸ਼ਨਰ ਵੱਲੋਂ ਕੀਤੇ ਗਏ ਤਬਾਦਲਿਆਂ ਨੂੰ ਲੈ ਕੇ ਨਿਗਮ ਯੂਨੀਅਨਾਂ ਨੇ ਇਤਰਾਜ਼ ਕੀਤਾ ਤੇ ਚਿਤਾਵਨੀ ਦਿੱਤੀ ਕਿ ਜੇ ਇਹ ਹੁਕਮ ਵਾਪਸ ਨਾ ਲਿਆ ਤਾਂ ਵੀਰਵਾਰ ਤੋਂ ਕੂੜੇ ਦੀ ਢੁਆਈ ਬੰਦ ਕਰ ਦਿੱਤੀ ਜਾਵੇਗੀ। ਇਸ ਮਗਰੋਂ ਮੇਅਰ ਤੇ ਕਮਿਸ਼ਨਰ ਨੇ ਆਗੂਆਂ ਨਾਲ ਮੀਟਿੰਗ ਕਰਕੇ ਤਬਾਦਲਿਆਂ ਦੇ ਨਾਲ-ਨਾਲ ਬਾਕੀ ਮੰਗਾਂ ’ਤੇ ਵਿਚਾਰ ਕਰਨ ਦਾ ਭਰੋਸਾ ਦਿੱਤੇ ਜਾਣ ਮਗਰੋਂ ਕੰਮ ਬਹਾਲ ਰੱਖਣ ਦਾ ਭਰੋਸਾ ਦਿੱਤਾ। ਇਸ ਮਗਰੋਂ ਹਾਲਾਤ ਆਮ ਵਰਗੇ ਹੋਏ। ਇਸ ਦੌਰਾਨ ਨਗਰ ਨਿਗਮ ਦੀ ਡਰਾਈਵਰ ਤੇ ਜੇਸੀਬੀ ਆਪ੍ਰੇਟਰ ਯੂਨੀਅਨ ਨੇ ਆਪਣੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਜਿਥੇ ਬੁੱਧਵਾਰ ਨੂੰ ਕੂੜੇ ਦੀ ਢੁਆਈ ਦਾ ਕੰਮ ਬੰਦ ਰੱਖਿਆ ਸੀ, ਨੂੰ ਬਹਾਲ ਕਰ ਦਿੱਤਾ ਤੇ ਕਿਹਾ ਕਿ ਵੀਰਵਾਰ ਤੋਂ ਬਕਾਇਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਯੂਨੀਅਨ ਦੇ ਪ੍ਰਧਾਨ ਅਨਿਲ ਸੱਭਰਵਾਲ ਦੱਸਿਆ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ’ਚ ਸੀਨੀਅਰ ਡਰਾਈਵਰਾਂ ਦੀ ਤਰੱਕੀ, ਬਿੱਲ ਕਲਰਕ ਬਦਲਣ ਆਦਿ ਸ਼ਾਮਲ ਸਨ, ਜਿਨ੍ਹਾਂ ਨੂੰ ਲੈ ਕੇ ਨਿਗਮ ਟਾਲ ਮਟੋਲ ਕਰ ਰਿਹਾ ਸੀ। ਦੂਜੇ ਪਾਸੇ ਡਰਾਈਵਰ ਤੇ ਟੈਕਨੀਕਲ ਅਤੇ ਹੈਲਥ ਬਰਾਂਚ ਦੇ ਪ੍ਰਧਾਨ ਸ਼ੰਮੀ ਲੂਥਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਜਥੇਬੰਦੀ ਵੱਲੋਂ ਕੂੜੇ ਦੀ ਢੁਆਈ ਜਾਰੀ ਰੱਖੀ। ਬਾਅਦ ਦੁਪਹਿਰ ਉਕਤ ਦੋਵਾਂ ਜਥੇਬੰਦੀਆਂ ਦੀ ਮੇਅਰ ਵਨੀਤ ਧੀਰ ਅਤੇ ਕਮਿਸ਼ਨਰ ਸੰਦੀਪ ਰਿਸ਼ੀ ਨਾਲ ਮੀਟਿੰਗ ਹੋਈ, ਜਿਸ ’ਚ ਪੰਜਾਬੀ ਸਫਾਈ ਕਮਿਸ਼ਨ ਦੇ ਚੇਅਰਮੈਨ ਵੀ ਮੌਜੂਦ ਸਨ ਤੇ ਇਸ ਦੌਰਾਨ ਯੂਨੀਅਨ ਆਗੂਆਂ ਨੂੰ ਭਰੋਸਾ ਦਿੱਤਾ ਗਿਆ ਕਿ ਜਿਹੜੀਆਂ ਵੀ ਮੰਗਾਂ ਅਤੇ ਸਮੱਸਿਆਵਾਂ ਹਨ, ਦਾ ਹੱਲ ਛੇਤੀ ਕੀਤਾ ਜਾਵੇਗਾ। ਇਸ ਮਗਰੋਂ ਉਕਤ ਯੂਨੀਅਨਾਂ ਨੇ ਭਲਕੇ ਕੰਮ ਸ਼ੁਰੂ ਕਰਨ ਦਾ ਐਲਾਨ ਕੀਤਾ।