ਦੀਪ ਨਗਰ ’ਚ ਵਿਆਹੁਤਾ ਨੇ ਫਾਹਾ ਲਗਾ ਕੇ ਕੀਤੀ ਆਤਮਹੱਤਿਆ
ਦੀਪ ਨਗਰ ’ਚ ਵਿਆਹੁਤਾ ਨੇ ਫਾਹਾ ਲਗਾ ਕੇ ਕੀਤੀ ਆਤਮਹੱਤਿਆ
Publish Date: Sat, 13 Dec 2025 09:46 PM (IST)
Updated Date: Sat, 13 Dec 2025 09:48 PM (IST)

--ਮਾਨਸਿਕ ਤਣਾਅ ਨਾਲ ਜੂਝ ਰਹੀ ਸੀ 31 ਸਾਲਾ ਡੌਲੀ ਚੰਦਰਾ, ਦੋ ਮਾਸੂ ਬੱਚਿਆਂ ਦੀ ਸੀ ਮਾਂ ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਜਲੰਧਰ ਕੈਂਟ ਦੇ ਦੀਪ ਨਗਰ ਇਲਾਕੇ ਚ ਸ਼ਨਿਚਰਵਾਰ ਸਵੇਰੇ ਇਕ ਵਿਆਹੁਤਾ ਨੇ ਆਪਣੇ ਹੀ ਘਰ ’ਚ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕਾ ਦੀ ਪਛਾਣ 31 ਸਾਲਾ ਡੌਲੀ ਚੰਦਰਾ ਪਤਨੀ ਅਨੰਤ ਚੰਦਰਾ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰ ਚ ਹਾਹਾਕਾਰ ਮੱਚ ਗਿਆ ਤੇ ਪੂਰੇ ਇਲਾਕੇ ’ਚ ਸੋਗ ਦਾ ਮਾਹੌਲ ਛਾ ਗਿਆ। ਮ੍ਰਿਤਕ ਡੌਲੀ ਚੰਦਰਾ ਦੋ ਛੋਟੇ ਬੱਚਿਆਂ ਦੀ ਮਾਂ ਸੀ। ਘਟਨਾ ਦੀ ਜਾਣਕਾਰੀ ਸ਼ਨਿਚਰਵਾਰ ਸਵੇਰੇ 10 ਵਜੇ ਦੇ ਕਰੀਬ ਉਸ ਵੇਲੇ ਲੱਗੀ ਜਦੋਂ ਉਸਦੀ ਬੇਟੀ ਵੱਲੋਂ ਬਾਰ-ਬਾਰ ਦਰਵਾਜ਼ਾ ਖੜਕਾਉਣ ਤੋਂ ਬਾਅਦ ਵੀ ਜਦ ਦਰਵਾਜ਼ਾ ਨਹੀਂ ਖੋਲਿਆ ਗਿਆ ਤਾਂ ਬੱਚੀ ਨੇ ਇਸ ਦੀ ਜਾਣਕਾਰੀ ਆਪਣੀ ਦਾਦੀ ਨੂੰ ਦਿੱਤੀ ਜਿਸ ਤੋਂ ਬਾਅਦ ਦਾਦੀ ਤੇ ਮ੍ਰਿਤਕਾ ਦੇ ਪਤੀ ਅਨੰਤ ਚੰਦਰਾ ਨੇ ਕਮਰੇ ਦੀ ਖਿੜਕੀ ਰਾਹੀਂ ਅੰਦਰ ਝਾਕ ਕੇ ਵੇਖਿਆ ਤਾਂ ਮ੍ਰਿਤਕਾ ਡੌਲੀ ਚੰਦਰਾ ਕਮਰੇ ’ਚ ਪੱਖੇ ਨਾਲ ਲਟਕੀ ਹੋਈ ਸੀ। ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ ਤੇ ਮੌਕੇ ਤੇ ਪਰਾਗਪੁਰ ਚੌਕੀ ਦੇ ਏਐੱਸਆਈ ਗੁਰਦਿਆਲ ਹੀਰਾ ਪੁਲਿਸ ਪਾਰਟੀ ਨਾਲ ਪਹੁੰਚੇ ਤੇ ਘਟਨਾ ਦਾ ਜਾਇਜ਼ਾ ਲਿਆ। ਪੁਲਿਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ’ਚ ਪੋਸਟਮਾਰਟਮ ਕਰਵਾਉਣ ਲਈ ਰਖਵਾ ਦਿੱਤਾ ਹੈ। ਜਾਣਕਾਰੀ ਮੁਤਾਬਿਕ ਮ੍ਰਿਤਕ ਦੇਹ ਦਾ ਫਿਲਹਾਲ ਪੋਸਟਮਾਰਟਮ ਨਹੀਂ ਕਰਵਾਇਆ ਗਿਆ ਕਿਉਂਕਿ ਮ੍ਰਿਤਕਾ ਦੇ ਪੇਕੇ ਪਰਿਵਾਰ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਮ੍ਰਿਤਕਾ ਦੇ ਪਤੀ ਅਨੰਤ ਚੰਦਰਾ ਨੇ ਪੁਲਿਸ ਨੂੰ ਦਿੱਤੇ ਬਿਆਨ ’ਚ ਦੱਸਿਆ ਹੈ ਕਿ ਉਸਦੀ ਪਤਨੀ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਪਰੇਸ਼ਾਨੀ ਨਾਲ ਪੀੜਤ ਸੀ ਤੇ ਡਿਪਰੈਸ਼ਨ ਨਾਲ ਜੂਝ ਰਹੀ ਸੀ ਜਿਸ ਦਾ ਇਲਾਜ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਘਟਣਾ ਦੇ ਸਮੇਂ ਉਨ੍ਹਾਂ ਦੀ ਮਾਂ ਦੂਜੀ ਮੰਜ਼ਿਲ ਤੇ ਪੂਜਾ ਪਾਠ ਕਰ ਰਹੀ ਸੀ ਜਿਸ ਕਾਰਨ ਇਸ ਘਟਨਾ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਲੱਗ ਸਕੀ। ਜਾਣਕਾਰੀ ਮੁਤਾਬਿਕ ਮ੍ਰਿਤਕਾ ਦੇ ਪੇਕੇ ਪਰਿਵਾਰ ਇਲਾਹਾਬਾਦ ’ਚ ਰਹਿੰਦੇ ਹਨ ਤੇ ਉਨਾਂ ਦੇ ਜਲੰਧਰ ਪਹੁੰਚਣ ਤੋਂ ਬਾਅਦ ਹੀ ਉਨ੍ਹਾਂ ਦੇ ਬਿਆਨਾਂ ਦੇ ਆਧਾਰ ਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਸਾਰੇ ਤੱਥਾਂ ਨੂੰ ਧਿਆਨ ’ਚ ਰੱਖਦੇ ਹੋਏ ਹੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਪ੍ਰਸ਼ਾਸਨ ਮੁਤਾਬਕ ਇਸ ਘਟਨਾ ’ਚ ਕਿਸੇ ਵੀ ਤਰ੍ਹਾਂ ਦੀ ਜ਼ੋਰ ਜ਼ਬਰਦਸਤੀ ਦੇ ਕੋਈ ਵੀ ਸੰਕੇਤ ਨਹੀਂ ਮਿਲੇ ਹਨ। ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਸਾਰੇ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਦੋ ਛੋਟੇ ਬੱਚਿਆਂ ਦੇ ਸਿਰ ਤੋਂ ਮਾਂ ਦਾ ਸਾਇਆ ਉੱਠ ਗਿਆ ਹੈ ਜਿਸ ਕਾਰਨ ਪੂਰੇ ਇਲਾਕੇ ’ਚ ਵੀ ਸੋਗ ਦਾ ਮਾਹੌਲ ਹੈ।