ਬੱਚਿਆਂ ਨੂੰ ਲੈ ਕੇ ਵਿਵਾਦ ’ਚ ਔਰਤ ਸਮੇਤ ਕਈ ਜ਼ਖ਼ਮੀ
ਜਾਸ, ਜਲੰਧਰ : ਬਸਤੀ
Publish Date: Fri, 01 May 2026 09:25 PM (IST)
Updated Date: Fri, 01 May 2026 09:26 PM (IST)
ਜਾਸ, ਜਲੰਧਰ : ਬਸਤੀ ਦਾਨਿਸ਼ਮੰਦਾ ਦੇ ਕੱਟੜਾ ਮੁਹੱਲੇ ’ਚ ਬੱਚਿਆਂ ਵਿਚਾਲੇ ਹੋਏ ਮਾਮੂਲੀ ਵਿਵਾਦ ’ਚ ਇਕ ਧਿਰ ਨੇ ਗੁੱਸੇ ’ਚ ਆ ਕੇ ਦੂਜੇ ਪਰਿਵਾਰ ਦੇ ਘਰ ਤੇ ਦੁਕਾਨ 'ਚ ਦਾਖਲ ਹੋ ਕੇ ਹਮਲਾ ਕਰ ਦਿੱਤਾ। ਇਸ ਘਟਨਾ ’ਚ ਇਕ ਔਰਤ ਸਮੇਤ ਉਸਦੇ ਪਰਿਵਾਰ ਦੇ ਕਈ ਮੈਂਬਰ ਗੰਭੀਰ ਤੌਰ 'ਤੇ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਜਲੰਧਰ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪੀੜਤ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਹਮਲਾਵਰਾਂ ਨੇ ਨਾ ਸਿਰਫ਼ ਘਰ ਵਿਚ ਦਾਖਲ ਹੋ ਕੇ ਭੰਨਤੋੜ ਕੀਤੀ, ਸਗੋਂ ਔਰਤ ਨਾਲ ਵੀ ਬੇਰਹਿਮੀ ਨਾਲ ਮਾਰਕੁੱਟ ਕੀਤੀ। ਔਰਤ ਨੇ ਦੱਸਿਆ ਕਿ ਹਮਲਾਵਰਾਂ ਨੇ ਉਸ ਦੇ ਵਾਲ ਫੜ ਕੇ ਘੜੀਸਿਆ ਤੇ ਕਈ ਵਾਰੀ ਹਮਲਾ ਕੀਤਾ, ਜਿਸ ਨਾਲ ਉਸ ਦੇ ਗੰਭੀਰ ਸੱਟਾਂ ਲੱਗੀਆਂ ਹਨ।
ਪੀੜਤ ਔਰਤ ਨੇ ਕਿਹਾ ਕਿ ਇਹ ਝਗੜਾ ਬੱਚਿਆਂ ’ਚ ਹੋਏ ਵਿਵਾਦ ਕਾਰਨ ਹੋਇਆ ਹੈ। ਉਨ੍ਹਾਂ ਦੇ ਪਰਿਵਾਰ ਨੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤੇ ਇਸਨੂੰ ਬੱਚਿਆਂ ਦੀ ਮਾਮੂਲੀ ਗੱਲ ਸਮਝ ਕੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਦੂਜੇ ਧਿਰ ਦੇ ਲੋਕ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹੋਏ ਤੇ ਵਿਵਾਦ ਵਧਾ ਲਿਆ। ਕੁਝ ਹੀ ਸਮੇਂ ਬਾਅਦ ਮੁਲਜ਼ਮਾਂ ਨੇ ਅਚਾਨਕ ਔਰਤ ਦੀ ਦੁਕਾਨ ਅਤੇ ਘਰ 'ਤੇ ਧਾਵਾ ਬੋਲ ਦਿੱਤਾ ਤੇ ਪਰਿਵਾਰ 'ਤੇ ਹਮਲਾ ਕਰ ਦਿੱਤਾ। ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪੁੱਜੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਹਾਂ ਧਿਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਤੇ ਜਾਂਚ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।