-ਮਕਸੂਦਾਂ, ਫਗਵਾੜਾ ਲਿੰਕ ਰੋਡ

-ਮਕਸੂਦਾਂ, ਫਗਵਾੜਾ ਲਿੰਕ ਰੋਡ ਤੇ ਅਰਬਨ ਅਸਟੇਟ ’ਚ ਕਈ ਦਰਦਨਾਕ ਘਟਨਾਵਾਂ
- ਸਮਾਜ ਸੇਵਕਾਂ ਨੇ ਕਿਹਾ, ਪ੍ਰਸ਼ਾਸਨ ਤੇ ਜਨਤਾ ਨੂੰ ਉਠਾਉਣੇ ਪੈਣਗੇ ਕਦਮ
ਸੁਕਰਾਂਤ, ਜਲੰਧਰ : ਸ਼ਹਿਰ ਦੀਆਂ ਸੜਕਾਂ ’ਤੇ ਲਾਵਾਰਿਸ ਪਸ਼ੂਆਂ ਦਾ ਦਹਿਸ਼ਤ ਲਗਾਤਾਰ ਵੱਧ ਰਹੀ ਹੈ। ਗਾਵਾਂ, ਸਾਂਢ ਤੇ ਵੱਛੜੇ ਰਾਤ ਵੇਲੇ ਝੁੰਡ ’ਚ ਘੁੰਮਦੇ ਹਨ, ਜਿਸ ਕਾਰਨ ਵਾਹਨ ਚਾਲਕਾਂ ਨੂੰ ਅਕਸਰ ਹਾਦਸਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿਛਲੇ ਦੋ ਤੋਂ ਤਿੰਨ ਸਾਲਾਂ ’ਚ ਜਲੰਧਰ ’ਚ ਅਜਿਹੇ ਕਈ ਹਾਦਸੇ ਵਾਪਰ ਚੁੱਕੇ ਹਨ, ਜਿਨ੍ਹਾਂ ਵਿਚ ਕਈ ਲੋਕਾਂ ਦੀਆਂ ਜਾਨਾਂ ਗਈਆਂ। ਸਤੰਬਰ 2024 ’ਚ ਮਕਸੂਦਾਂ ਇਲਾਕੇ ’ਚ 27 ਸਾਲਾ ਜਸਵਿੰਦਰ ਸਿੰਘ ਦੀ ਮੌਤ ਉਸ ਵੇਲੇ ਹੋਈ ਜਦੋਂ ਉਨ੍ਹਾਂ ਦੀ ਬਾਈਕ ਅਚਾਨਕ ਸੜਕ ’ਤੇ ਆਏ ਪਸ਼ੂਆਂ ਨਾਲ ਟਕਰਾਈ। ਜ਼ਖਮੀ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਪਹਿਲਾਂ ਨਵੰਬਰ 2022 ’ਚ ਫਗਵਾੜਾ ਲਿੰਕ ਰੋਡ ਦੇ ਹਾਰਦੋ ਸ਼ੇਖ ਪਿੰਡ ’ਚ ਵੀ ਅਜਿਹਾ ਹੀ ਹਾਦਸਾ ਵਾਪਰਿਆ ਸੀ। ਬਾਈਕ ਸਵਾਰ ਨੌਜਵਾਨ ਨੇ ਝੁੰਡ ’ਚ ਖੜ੍ਹੇ ਪਸ਼ੂਆਂ ਤੋਂ ਬਚਣ ਦੀ ਕੋਸ਼ਿਸ਼ ’ਚ ਸੰਤੁਲਨ ਗੁਆ ਲਿਆ ਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਇਸ ਤਰ੍ਹਾਂ ਜਲੰਧਰ ’ਚ ਪਿਛਲੇ ਦੋ ਸਾਲਾਂ ਵਿਚ ਦਰਜਨ ਦੇ ਕਰੀਬ ਅਜਿਹੇ ਹਾਦਸੇ ਵਾਪਰ ਚੁੱਕੇ ਹਨ, ਜਿਨ੍ਹਾਂ ’ਚ ਲਾਵਾਰਿਸ ਪਸ਼ੂਆਂ ਨਾਲ ਟਕਰਾਉਣ ਕਾਰਨ 12 ਤੋਂ ਵੱਧ ਵਾਹਨ ਚਾਲਕ ਜ਼ਖਮੀ ਹੋਏ ਹਨ।
---
ਹਾਈਵੇ ’ਤੇ ਵੀ ਵੱਧ ਰਿਹਾ ਖਤਰਾ
ਹਾਈਵੇ 'ਤੇ ਵੀ ਲਾਵਾਰਿਸ ਪਸ਼ੂਆਂ ਦੀ ਮੌਜੂਦਗੀ ਵਾਹਨ ਚਾਲਕਾਂ ਲਈ ਖ਼ਤਰਾ ਬਣ ਚੁੱਕੀ ਹੈ। 2022 ’ਚ ਜਲੰਧਰ-ਫਗਵਾੜਾ ਮਾਰਗ ’ਤੇ ਦੋ ਨੌਜਵਾਨਾਂ ਦੀ ਮੌਤ ਉਸ ਵੇਲੇ ਹੋਈ ਜਦੋਂ ਉਨ੍ਹਾਂ ਦੀ ਐੱਸਯੂਵੀ ਅਚਾਨਕ ਸੜਕ ਪਾਰ ਕਰਦੇ ਪਸ਼ੂ ਤੋਂ ਬਚਣ ਲਈ ਡਿਵਾਈਡਰ ਨਾਲ ਟਕਰਾ ਗਈ।
---
ਸ਼ਹਿਰ ਦੇ ਅੰਦਰੂਨੀ ਇਲਾਕਿਆਂ ’ਚ ਹਾਲਾਤ ਗੰਭੀਰ
ਅਰਬਨ ਅਸਟੇਟ ਫੇਜ਼-2, ਮਾਡਲ ਟਾਊਨ ਤੇ ਬਸੰਤ ਨਗਰ ਵਰਗੇ ਇਲਾਕਿਆਂ ’ਚ ਦਿਨ-ਰਾਤ ਲਾਵਾਰਿਸ ਪਸ਼ੂ ਘੁੰਮਦੇ ਨਜ਼ਰ ਆਉਂਦੇ ਹਨ। ਪਸ਼ੂ ਅਕਸਰ ਸੜਕਾਂ ’ਤੇ ਬੈਠ ਜਾਂਦੇ ਹਨ, ਜਿਸ ਕਾਰਨ ਟ੍ਰੈਫਿਕ ਜਾਮ ਤੇ ਹਾਦਸੇ ਆਮ ਹੋ ਚੁੱਕੇ ਹਨ। ਵਾਹਨ ਚਾਲਕਾਂ ਦਾ ਕਹਿਣਾ ਹੈ ਕਿ ਰਾਤ ਵੇਲੇ ਇਨ੍ਹਾਂ ਪਸ਼ੂਆਂ ਨੂੰ ਪਛਾਣਨਾ ਮੁਸ਼ਕਲ ਹੁੰਦਾ ਹੈ ਤੇ ਹਾਦਸੇ ਦਾ ਖ਼ਤਰਾ ਵੱਧ ਜਾਂਦਾ ਹੈ।
ਪੰਜਾਬ ਸਰਕਾਰ ਨੇ ਹਾਲ ਹੀ ਵਿਚ ਸੂਬੇ ਭਰ ’ਚ ਲਾਵਾਰਿਸ ਪਸ਼ੂਆਂ ਦੇ ਸਾਂਭ-ਸੰਭਾਲ ਲਈ ਨਵੀਂ ਰਣਨੀਤੀ ਬਣਾਉਣ ਦਾ ਐਲਾਨ ਕੀਤਾ ਹੈ। ਇਸ ਤਹਿਤ ਬਹੁ-ਵਿਭਾਗੀ ਟੀਮ ਬਣਾ ਕੇ ਸਥਾਨਕ ਪੱਧਰ ’ਤੇ ਪਸ਼ੂ-ਫੜਨ ਮੁਹਿੰਮ ਚਲਾਉਣ ਦੀ ਯੋਜਨਾ ਹੈ। ਇਸ ਸਮੇਂ ਜਲੰਧਰ ਦੇ ਲੋਕ ਉਮੀਦ ਕਰ ਰਹੇ ਹਨ ਕਿ ਪ੍ਰਸ਼ਾਸਨ ਇਸ ਦਿਸ਼ਾ ’ਚ ਕਦਮ ਉਠਾਏਗਾ ਤਾਂ ਜੋ ਸੜਕਾਂ ’ਤੇ ਜਾਨ ਬਚਾਉਣ ਲਈ ਲੋਕਾਂ ਨੂੰ ਹਰ ਦਿਨ ਡਰ ਦੇ ਸਾਏ ’ਚ ਨਾ ਜਿਊਣਾ ਪਵੇ। ਲੋਕਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਤੇ ਪ੍ਰਸ਼ਾਸਨ ਨੇ ਪਸ਼ੂ ਕੰਟਰੋਲ ਦੀ ਜ਼ਿੰਮੇਵਾਰੀ ਨਿਭਾਉਣ ’ਚ ਲਾਪਰਵਾਹੀ ਵਰਤੀ ਹੈ। ਸੜਕ ’ਤੇ ਘੁੰਮਦੇ ਸਾਂਢ ਕਿਸੇ ਦੀ ਜਾਨ ਲੈ ਸਕਦੇ ਹਨ ਪਰ ਕੋਈ ਜ਼ਿੰਮੇਵਾਰੀ ਲੈਣ ਲਈ ਤਿਆਰ ਨਹੀਂ। ਗਊਸ਼ਾਲਾਵਾਂ ਦੀ ਗਿਣਤੀ ਸੀਮਤ ਹੈ ਤੇ ਨਿਗਮ ਦਾ ਰੈਸਕਿਊ ਸਟਾਫ ਨਾਕਾਫ਼ੀ ਹੈ। ਪ੍ਰਸ਼ਾਸਨ ਨੂੰ ਪਸ਼ੂ ਮਾਲਕਾਂ ’ਤੇ ਸਖਤ ਜੁਰਮਾਨਾ ਲਾਉਣਾ ਚਾਹੀਦਾ ਹੈ। ਕਈ ਵਾਰੀ ਮਾਲਕ ਦੁੱਧ ਚੋਣ ਤੋਂ ਬਾਅਦ ਪਸ਼ੂ ਛੱਡ ਦਿੰਦੇ ਹਨ। ਇਹ ਅਣਮਨੁੱਖੀ ਤੇ ਖਤਰਨਾਕ ਵੀ ਹੈ।
---
ਲਾਵਾਰਿਸ ਪਸ਼ੂਆਂ ਦੀ ਸੰਭਾਲ ਨੂੰ ਲੈ ਕੇ ਵਿਆਪਕ ਯਤਨਾਂ ਦੀ ਲੋੜ
ਸ਼ਹਿਰ ਦੀਆਂ ਸਮਾਜਿਕ ਸੰਸਥਾਵਾਂ ਨੇ ਲਾਵਾਰਿਸ ਪਸ਼ੂਆਂ ਦੀ ਸੰਭਾਲ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਅਲਾਇੰਸ ਕਲੱਬ 126ਐੱਨ ਦੇ ਉਪ-ਗਵਰਨਰ ਐੱਨਕੇ ਮਹਿੰਦਰੂ ਨੇ ਕਿਹਾ ਕਿ ਸੜਕਾਂ ’ਤੇ ਘੁੰਮ ਰਹੇ ਲਾਵਾਰਿਸ ਜਾਨਵਰ ਅਕਸਰ ਹਾਦਸਿਆਂ ਦਾ ਕਾਰਨ ਬਣਦੇ ਹਨ। ਇਸ ਸੰਦਰਭ ’ਚ ਪ੍ਰਸ਼ਾਸਨ ਨੂੰ ਉਨ੍ਹਾਂ ਦੀ ਸਾਂਭ-ਸੰਭਾਲ ਲਈ ਵਿਆਪਕ ਯਤਨ ਆਰੰਭਣ ਦੀ ਲੋੜ ਹੈ।
ਇਸੇ ਤਰ੍ਹਾਂ, ਅਲਾਇੰਸ ਕਲੱਬ ਦੇ ਰੀਜਨ ਚੇਅਰਮੈਨ ਕੁਲਵਿੰਦਰ ਫੁੱਲ ਨੇ ਕਿਹਾ ਕਿ ਦੇਸ਼ ਵਾਸੀ ਵੱਖ-ਵੱਖ ਕਿਸਮ ਦੇ ਟੈਕਸਾਂ ਦੀ ਅਦਾਇਗੀ ਕਰਦੀ ਹੈ, ਜਿਸ ’ਚ ਗਊ ਸੈੱਸ ਵੀ ਸ਼ਾਮਲ ਹੈ। ਇਸ ਲਈ, ਲਾਵਾਰਿਸ ਪਸ਼ੂਆਂ ਦੀ ਸੰਭਾਲ ਲਈ ਵੀ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ।
ਅਲਾਇੰਸ ਕਲੱਬ ਦੇ ਸੀਨੀਅਰ ਅਹੁਦੇਦਾਰ ਜੀਡੀ ਕੁੰਦਰ ਨੇ ਵੀ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸੜਕਾਂ ’ਤੇ ਘੁੰਮ ਰਹੇ ਲਾਵਾਰਿਸ ਪਸ਼ੂ ਕਈ ਵਾਰੀ ਆਪਸ ’ਚ ਟਕਰਾਉਂਦੇ ਹਨ, ਜਿਸ ਨਾਲ ਹੋਰ ਲੋਕਾਂ ਲਈ ਹਾਦਸਿਆਂ ਦਾ ਕਾਰਨ ਬਣ ਸਕਦੇ ਹਨ। ਇਸ ਲਈ ਉਨ੍ਹਾਂ ਦੀ ਸੰਭਾਲ ਨੂੰ ਯਕੀਨੀ ਬਣਾਉਣ ਦੀ ਜ਼ਰੂਰਤ ਹੈ।
ਲਾਇਨਜ਼ ਕਲੱਬ 321-ਡੀ ਦੇ ਸਾਬਕਾ ਗਵਰਨਰ ਤੇ ਉਦਯੋਗਪਤੀ ਪਰਮਜੀਤ ਸਿੰਘ ਚਾਵਲਾ ਨੇ ਵੀ ਕਿਹਾ ਕਿ ਪ੍ਰਸ਼ਾਸਨ ਨੂੰ ਲਾਵਾਰਿਸ ਜਾਨਵਰਾਂ ਲਈ ਸ਼ੈਲਟਰ ਹੋਮ ਬਣਾਉਣੇ ਚਾਹੀਦੇ ਹਨ, ਜਿੱਥੇ ਉਨ੍ਹਾਂ ਨੂੰ ਸ਼ਿਫਟ ਕਾਰਨ ਆਮ ਜਨਤਾ ਨੂੰ ਰਾਹਤ ਮਿਲ ਸਕਦੀ ਹੈ।
---
ਸੰਭਾਵਿਤ ਹੱਲ
ਨਿਯਮ ਤੇ ਜਾਗਰੂਕਤਾ ਦੋਵੇਂ ਜ਼ਰੂਰੀ ਹਨ। ਸਮਾਜ ਸੇਵਕਾਂ ਦਾ ਮੰਨਣਾ ਹੈ ਕਿ ਸਮੱਸਿਆ ਦੇ ਹੱਲ ਲਈ ਦੁਵੱਲੀ ਰਣਨੀਤੀ ਜ਼ਰੂਰੀ ਹੈ।
1. ਨਗਰ ਨਿਗਮ ਨੂੰ ਨਾਈਟ-ਪੈਟਰੋਲਿੰਗ ਵਧਾਉਣੀ ਚਾਹੀਦੀ ਹੈ ਤੇ ਹਰ ਵਾਰਡ ’ਚ ਪਸ਼ੂ ਫੜਨ ਵਾਲੀਆਂ ਟੀਮਾਂ ਸਰਗਰਮ ਕਰਨੀਆਂ ਚਾਹੀਦੀਆਂ ਹਨ।
2. ਗਊਸ਼ਾਲਾਵਾਂ ਦੀ ਸਮਰੱਥਾ ਵਧਾਈ ਜਾਵੇ ਤਾਂ ਜੋ ਫੜੇ ਗਏ ਪਸ਼ੂਆਂ ਨੂੰ ਸੁਰੱਖਿਅਤ ਥਾਂ ਮਿਲ ਸਕੇ।
3. ਪਸ਼ੂਆਂ ਨੂੰ ਸੜਕਾਂ ’ਤੇ ਛੱਡਣ ਵਾਲੇ ਮਾਲਕਾਂ ’ਤੇ ਜੁਰਮਾਨੇ ਤੇ ਚਲਾਨ ਦੇ ਪ੍ਰਬੰਧ ਕੀਤੇ ਜਾਣ।
4. ਸੜਕਾਂ ’ਤੇ ਚਿਤਾਵਨੀ ਬੋਰਡ, ਹਾਈਵੇ ’ਤੇ ਰੋਸ਼ਨੀ ਤੇ ਸੀਮਤ ਰਫ਼ਤਾਰ ਵਰਗੇ ਉਪਾਅ ਲਾਜ਼ਮੀ ਹੋਣ।