ਫਲੈਕਸਾਂ ’ਤੇ ਖ਼ਰਚਾ ਕਰਕੇ ਖਾਲੀ ਕੀਤਾ ਜਾ ਰਿਹੈ ਖਜ਼ਾਨਾ : ਸਿੱਧੂ/ਰਾਣਾ
ਮਾਨ ਸਰਕਾਰ ਫਲੈਕਸਾਂ ’ਤੇ ਕਰੋੜਾਂ ਖਰਚ ਕੇ ਪੰਜਾਬ ਦਾ ਕਰ ਰਹੀ ਨੁਕਸਾਨ : ਸਿੱਧੂ, ਰਾਣਾ
Publish Date: Wed, 20 May 2026 07:07 PM (IST)
Updated Date: Wed, 20 May 2026 07:10 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਸਿੱਧੂ ਅਤੇ ਹੰਸ ਰਾਜ ਰਾਣਾ ਠੇਕੇਦਾਰ ਗੜਾ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕਾਰਗੁਜ਼ਾਰੀ ’ਤੇ ਤਿੱਖੇ ਸ਼ਬਦਾਂ ਵਿੱਚ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਸਰਕਾਰ ਲੋਕ ਭਲਾਈ ਦੇ ਕੰਮ ਕਰਨ ਦੀ ਬਜਾਏ ਕਰੋੜਾਂ ਰੁਪਏ ਖਰਚ ਕਰਕੇ ਫਲੈਕਸ ਅਤੇ ਇਸ਼ਤਿਹਾਰ ਲਗਵਾ ਰਹੀ ਹੈ, ਜਿਸ ਨਾਲ ਪੰਜਾਬ ਦੇ ਖ਼ਜ਼ਾਨੇ ਨੂੰ ਨੁਕਸਾਨ ਪਹੁੰਚ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਘਰਾਂ ਵਿੱਚ ਰਾਸ਼ਨ, ਤੇਲ, ਹਲਦੀ ਅਤੇ ਹੋਰ ਸਾਮਾਨ ਮੁਹੱਈਆ ਕਰਵਾਉਣ ਦੇ ਵਾਅਦਿਆਂ ਵਾਲੇ ਫਲੈਕਸ ਲੰਮੇ ਸਮੇਂ ਤੋਂ ਲੱਗੇ ਹੋਏ ਹਨ ਪਰ ਅਜੇ ਤੱਕ ਲੋਕਾਂ ਨੂੰ ਕੋਈ ਲਾਭ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਚੋਣਾਂ ਦੌਰਾਨ ਇਹ ਵਾਅਦਾ ਕੀਤਾ ਸੀ ਤਾਂ ਔਰਤਾਂ ਦੇ ਖਾਤਿਆਂ ਵਿੱਚ ਬਕਾਇਆ ਰਕਮ ਜਮ੍ਹਾਂ ਕਰਵਾ ਕੇ ਆਪਣਾ ਵਾਅਦਾ ਨਿਭਾਏ। ਆਖਰ ’ਚ ਉਨ੍ਹਾਂ ਕਿਹਾ ਕਿ ਪੰਜਾਬ ਦੇ ਵੋਟਰ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਉਣਗੇ।