ਮਾਨ ਸਰਕਾਰ ਸੂਬੇ ਦੇ ਖੇਡ ਮਾਹੌਲ ਨੂੰ ਬਦਲਣ ਲਈ ਵਚਨਬੱਧ : ਸੁਖਾਨੰਦ
ਮਾਨ ਸਰਕਾਰ ਸੂਬੇ ਦੇ ਖੇਡ ਮਾਹੌਲ ਨੂੰ ਬਦਲਣ ਲਈ ਵਚਨਬੱਧ : ਵਿਧਾਇਕ ਸੁਖਾਨੰਦ
Publish Date: Tue, 19 May 2026 07:23 PM (IST)
Updated Date: Tue, 19 May 2026 07:25 PM (IST)

-ਜਲੰਧਰ ’ਚ 4 ਦਿਨਾਂ ਸਬ-ਜੂਨੀਅਰ ਸਟੇਟ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ ਦੀ ਸ਼ੁਰੂਆਤ -400 ਖਿਡਾਰੀ ਲੈਣਗੇ ਹਿੱਸਾ, 22 ਮਈ ਨੂੰ ਹੋਣਗੇ ਫਾਈਨਲ -ਅੰਤਰਰਾਸ਼ਟਰੀ ਖਿਡਾਰਨ ਮਾਨਿਆ ਰਲਹਾਣ ਨੂੰ ਐਸੋਸੀਏਸ਼ਨ ਵੱਲੋਂ ਸਨਮਾਨਿਤ ਕੀਤਾ ਗਿਆ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਰਾਇਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਵਿੱਚ 4 ਦਿਨਾਂ ਪੰਜਾਬ ਸਟੇਟ ਸਬ-ਜੂਨੀਅਰ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ ਦੀ ਮੰਗਲਵਾਰ ਨੂੰ ਸ਼ੁਰੂਆਤ ਹੋਈ। ਇਹ ਮੁਕਾਬਲੇ 22 ਮਈ 2026 ਤੱਕ ਚੱਲਣਗੇ। ਟੂਰਨਾਮੈਂਟ ਦਾ ਉਦਘਾਟਨ ਮੁੱਖ ਮਹਿਮਾਨ ਵਿਧਾਇਕ ਤੇ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਕੀਤਾ। ਇਸ ਮੌਕੇ ਵਿਧਾਇਕ ਸੁਖਾਨੰਦ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਖੇਡ ਮਾਹੌਲ ਨੂੰ ਬਦਲਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸਰਕਾਰ ਦਾ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਅਤੇ ਹੋਰ ਰਚਨਾਤਮਕ ਗਤੀਵਿਧੀਆਂ ਵੱਲ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਖੇਡ ਬਜਟ ਨੂੰ 350 ਕਰੋੜ ਰੁਪਏ ਤੋਂ ਵਧਾ ਕੇ 1791 ਕਰੋੜ ਰੁਪਏ ਕੀਤਾ ਗਿਆ ਹੈ, ਜੋ ਖੇਡਾਂ ਦੇ ਵਿਕਾਸ ਪ੍ਰਤੀ ਸਰਕਾਰ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਸੂਬੇ ਵਿੱਚ ਜ਼ਮੀਨੀ ਪੱਧਰ ’ਤੇ ਬੈਡਮਿੰਟਨ ਨੂੰ ਉਤਸ਼ਾਹਿਤ ਕਰਨ ਲਈ ਐਸੋਸੀਏਸ਼ਨ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਰਿਤਿਨ ਖੰਨਾ ਨੇ ਦੱਸਿਆ ਕਿ ਟੂਰਨਾਮੈਂਟ ਨੂੰ ਖਿਡਾਰੀਆਂ ਵੱਲੋਂ ਸ਼ਾਨਦਾਰ ਹੁੰਗਾਰਾ ਮਿਲਿਆ ਹੈ। ਸੂਬੇ ਦੇ 23 ਜ਼ਿਲ੍ਹਿਆਂ ਤੋਂ ਕਰੀਬ 400 ਖਿਡਾਰੀਆਂ ਦੀਆਂ 600 ਤੋਂ ਵੱਧ ਐਂਟਰੀਆਂ ਪ੍ਰਾਪਤ ਹੋਈਆਂ ਹਨ। ਅੰਡਰ-15 ਅਤੇ ਅੰਡਰ-17 ਵਰਗ ਵਿੱਚ ਲੜਕਿਆਂ ਅਤੇ ਲੜਕੀਆਂ ਦੇ ਕੁੱਲ 10 ਈਵੈਂਟ ਕਰਵਾਏ ਜਾ ਰਹੇ ਹਨ। ਅਗਲੇ 4 ਦਿਨਾਂ ਵਿੱਚ ਕਰੀਬ 500 ਮੈਚ ਖੇਡੇ ਜਾਣਗੇ। ਫਾਈਨਲ ਮੁਕਾਬਲੇ 22 ਮਈ ਨੂੰ ਹੋਣਗੇ ਅਤੇ ਜੇਤੂਆਂ ਨੂੰ ਨਕਦ ਇਨਾਮ ਅਤੇ ਹੋਰ ਆਕਰਸ਼ਕ ਇਨਾਮ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਖਿਡਾਰੀਆਂ ਅਤੇ ਕੋਚਾਂ ਦੀ ਸੁਵਿਧਾ ਲਈ ਖਾਣ-ਪੀਣ ਅਤੇ ਰਿਫਰੈੱਸ਼ਮੈਂਟ ਦੇ ਵਿਸ਼ੇਸ਼ ਪ੍ਰਬੰਧ ਵੀ ਕੀਤੇ ਗਏ ਹਨ। ਇਸ ਦੌਰਾਨ ਐਸੋਸੀਏਸ਼ਨ ਵੱਲੋਂ ਸੂਬੇ ਦੇ ਦੋ ਹੋਣਹਾਰ ਬੈਡਮਿੰਟਨ ਖਿਡਾਰੀਆਂ ਸਵ. ਮਯੰਕ ਸ਼ਰਮਾ ਤੇ ਸਾਹਿਬ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ, ਜਿਨ੍ਹਾਂ ਦੀ ਵੱਖ-ਵੱਖ ਸੜਕ ਹਾਦਸਿਆਂ ’ਚ ਦੁੱਖਦਾਈ ਮੌਤ ਹੋ ਗਈ ਸੀ। ਉਨ੍ਹਾਂ ਦੀ ਯਾਦ ਵਿੱਚ ਅੰਡਰ-15 ਅਤੇ ਅੰਡਰ-17 ਵਰਗ ਵਿੱਚ ਦੋ ਵਿਸ਼ੇਸ਼ ਟਰਾਫੀਆਂ ਸ਼ੁਰੂ ਕੀਤੀਆਂ ਗਈਆਂ ਹਨ। ਜਲੰਧਰ ਦੀ ਅੰਤਰਰਾਸ਼ਟਰੀ ਬੈਡਮਿੰਟਨ ਖਿਡਾਰਨ ਮਾਨਿਆ ਰਲ੍ਹਣ ਨੂੰ ਫਰਾਂਸ ਵਿੱਚ ਹੋਏ ਸੈਂਟ ਡੇਨਿਸ ਓਪਨ ਵਿੱਚ ਕਾਂਸੇ ਦਾ ਤਗਮਾ ਜਿੱਤਣ ’ਤੇ ਮੁੱਖ ਮਹਿਮਾਨ ਵੱਲੋਂ 31,000 ਰੁਪਏ ਦੀ ਨਕਦ ਰਕਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡੀਬੀਏ ਦੇ ਖਜ਼ਾਨਚੀ ਪਲਵਿੰਦਰ ਜੁਨੇਜਾ, ਹਰਪ੍ਰੀਤ ਸਿੰਘ, ਜਸਵੰਤ ਸਿੰਘ, ਪੰਜਾਬ ਮਸੀਹ, ਧੀਰਜ ਸ਼ਰਮਾ, ਸਚਿਨ ਰੱਤੀ, ਵਰੁਣ ਕੁਮਾਰ ਸਮੇਤ ਬੈਡਮਿੰਟਨ ਜਗਤ ਦੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਸਨ।