ਮਣੀਪੁਰ ’ਚ ਹਜ਼ਾਰਾਂ ਲੋਕ ਸੜਕਾਂ ’ਤੇ ਉਤਰੇ, ਸੁਰੱਖਿਆ ਦਸਤਿਆਂ ਨਾਲ ਭਿੜੇ
ਬੱਚਿਆਂ ਦੀ ਹੱਤਿਆ ਦੇ
Publish Date: Fri, 17 Apr 2026 08:56 PM (IST)
Updated Date: Fri, 17 Apr 2026 09:00 PM (IST)
ਬੱਚਿਆਂ ਦੀ ਹੱਤਿਆ ਦੇ ਵਿਰੋਧ ’ਚ ਕੀਤਾ ਪ੍ਰਦਰਸ਼ਨ
ਲਾਠੀਚਾਰਜ ਤੋਂ ਬਾਅਦ ਤਣਾਅ ਹੋਰ ਵਧਿਆ
ਇੰਫਾਲ (ਪੀਟੀਆਈ) : ਮਣੀਪੁਰ ਇਕ ਵਾਰ ਫਿਰ ਤਣਾਅ ਦੀ ਲਪੇਟ ’ਚ ਆ ਗਿਆ, ਜਦ ਹਜ਼ਾਰਾਂ ਲੋਕ ਬੱਚਿਆਂ ਦੀ ਮੌਤ ਦੇ ਵਿਰੋਧ ’ਚ ਸੜਕਾਂ ’ਤੇ ਉੱਤਰ ਆਏ। ਇੰਫਾਲ ਪੂਰਬੀ ਜ਼ਿਲ੍ਹੇ ’ਚ ਲੱਗੀਆਂ ਪਾਬੰਦੀਆਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਵੀਰਵਾਰ ਸ਼ਾਮ ਲੋਕਾਂ ਨੇ ਮਸ਼ਾਲ ਰੈਲੀ ਕੱਢੀ। ਇਸ ਦੌਰਾਨ ਇਹ ਲੋਕ ਭੜਕ ਗਏ ਤੇ ਸੁਰੱਖਿਆ ਦਸਤਿਆਂ ਨਾਲ ਝੜਪਨ ਲੱਗ ਪਏ। ਇਹ ਪ੍ਰਦਰਸ਼ਨ ਸੱਤ ਅਪ੍ਰੈਲ ਨੂੰ ਬਿਸ਼ਨੂਪੁਰ ਜ਼ਿਲ੍ਹੇ ’ਚ ਹੋਏ ਬੰਬ ਧਮਾਕੇ ਦੇ ਵਿਰੋਧ ’ਚ ਸੀ, ਜਿਸ ’ਚ ਦੋ ਮਾਸੂਮ ਬੱਚਿਆਂ ਦੀ ਮੌਤ ਹੋ ਗਈ ਸੀ। ਵੀਰਵਾਰ ਸ਼ਾਮ ਤੋਂ ਸ਼ੁਰੂ ਹੋਈ ਇਹ ਰੈਲੀ ਵਧਦੇ ਹੋਏ ਮੁੱਖ ਮੰਤਰੀ ਨਿਵਾਸ, ਪੁਲਿਸ ਹੈੱਡਕੁਆਰਟਰ ਤੇ ਲੋਕ ਭਵਨ ਦੇ ਨੇੜੇ ਪਹੁੰਚੀ। ਪ੍ਰਦਰਸ਼ਨਕਾਰੀਆਂ ਦੀ ਗਿਣਤੀ ਇੰਨੀ ਜ਼ਿਆਦਾ ਸੀ ਕਿ ਮੌਕੇ ’ਤੇ ਤਾਇਨਾਤ ਸੁਰੱਖਿਆ ਦਸਤੇ ਉਨ੍ਹਾਂ ਨੂੰ ਰੋਕਨ ਲਈ ਕਮਜ਼ੋਰ ਸਾਬਿਤ ਹੋਏ। ਹਾਲਾਤ ਉਦੋਂ ਵਿਗੜ ਗਏ ਜਦ ਸੁਰੱਖਿਆ ਦਸਤਿਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵਧਣ ਤੋਂ ਰੋਕਿਆ ਤੇ ਵਾਪਸ ਜਾਣ ਲਈ ਕਿਹਾ, ਕਿਉਂਕਿ ਖੇਤਰ ’ਚ ਪਾਬੰਦੀ ਲਾਗੂ ਸੀ। ਇਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਤਿੱਖੀ ਝੜਪ ਸ਼ੁਰੂ ਹੋ ਗਈ। ਹਾਲਾਤ ਕਾਬੂ ਤੋਂ ਬਾਹਰ ਹੁੰਦੇ ਦੇਖ ਸੁਰੱਖਿਆ ਦਸਤਿਆਂ ਨੇ ਹੰਝੂ ਗੈਸ ਦੇ ਗੋਲੇ ਛੱਡੇ ਤੇ ਲਾਠੀਚਾਰਜ ਕੀਤਾ। ਜਵਾਬ ’ਚ ਕੁਝ ਨੌਜਵਾਨਾਂ ਨੇ ਪਥਰਾਅ ਕੀਤਾ, ਜਿਸ ਨਾਲ ਤਣਾਅ ਹੋਰ ਵਧ ਗਿਆ।