-ਪਹਿਲਾਂ ਹੀ ਕੀਤੇ ਚਾਰ

-ਪਹਿਲਾਂ ਹੀ ਕੀਤੇ ਚਾਰ ਵਿਆਹ, ਇਕ-ਇਕ ਬੱਚਾ ਹੋਣ ਤੋਂ ਬਾਅਦ ਛੱਡਣ ਦੇ ਦੋਸ਼
- ਛੇਵੀਂ ਔਰਤ ਨਾਲ ਰਹਿ ਰਿਹਾ ਸੀ ਲਿਵ-ਇਨ ਰਿਲੇਸ਼ਨਸ਼ਿਪ ’ਚ
ਜਾਸ, ਜਲੰਧਰ : ਜਲੰਧਰ ’ਚ ਲਵ-ਜਿਹਾਦ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਇਕ ਹਿੰਦੂ ਕੁੜੀ ਨਾਲ ਵਿਆਹ ਕਰ ਕੇ ਉਸਨੂੰ ਮਾਂ ਬਣਾਇਆ ਗਿਆ ਤੇ ਫਿਰ ਉਸ ਨੂੰ ਮੁਸਲਮਾਨ ਲੜਕੇ ਨੇ ਛੱਡ ਦਿੱਤਾ। ਪੁਲਿਸ ਨੇ ਜਾਂਚ ਮਗਰੋਂ ਇਸਰਾਤ ਅਲੀ, ਜੋ ਮਲੇਰਕੋਟਲਾ ਦਾ ਰਹਿਣ ਵਾਲਾ ਹੈ, ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੀੜਤਾ ਨੇ ਦੋਸ਼ ਲਾਇਆ ਹੈ ਕਿ ਉਸ ਦੇ ਪਤੀ ਨੇ ਉਸ ਨੂੰ ਵਿਆਹ ਕਰਨ ਤੋਂ ਪਹਿਲਾਂ ਆਪਣੇ ਪਿਛਲੇ ਵਿਆਹਾਂ ਬਾਰੇ ਨਹੀਂ ਦੱਸਿਆ ਤੇ ਵਿਆਹ ਮਗਰੋਂ ਉਸ ਨੂੰ ਮਾਨਸਿਕ ਤੇ ਸ਼ਰੀਰਕ ਤੌਰ ’ਤੇ ਪਰੇਸ਼ਾਨ ਕੀਤਾ।
ਥਾਣਾ ਗੁਰਾਇਆ ਦੀ ਵਾਸੀ ਔਰਤ ਨੇ ਐੱਸਐੱਸਪੀ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਵਿਆਹ ਇਸਰਾਤ ਅਲੀ ਨਾਲ ਹੋਈ ਸੀ, ਜੋ ਕਿ ਇਕ ਪ੍ਰੇਮ ਵਿਆਹ ਸੀ। ਔਰਤ ਨੇ ਦੱਸਿਆ ਕਿ ਵਿਆਹ ਤੋਂ ਪਹਿਲਾਂ ਮੁਲਜ਼ਮ ਨੇ ਖੁਦ ਨੂੰ ਅਣਵਿਆਹਿਆ ਦੱਸਿਆ, ਜਦਕਿ ਬਾਅਦ ’ਚ ਪਤਾ ਲੱਗਾ ਕਿ ਉਹ ਪਹਿਲਾਂ ਵੀ ਕਈ ਔਰਤਾਂ ਨਾਲ ਵਿਆਹ ਕਰ ਚੁੱਕਾ ਹੈ।
ਔਰਤ ਦਾ ਦੋਸ਼ ਹੈ ਕਿ ਪਹਿਲਾਂ ਚਾਰ ਔਰਤਾਂ ਨਾਲ ਵਿਆਹ ਕੀਤਾ ਤੇ ਬੱਚਿਆਂ ਦੇ ਜਨਮ ਤੋਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ। ਉਸ ਨੇ ਦਾਅਵਾ ਕੀਤਾ ਕਿ ਇਨ੍ਹਾਂ ਸਾਰਿਆਂ ਮਾਮਲਿਆਂ ਦੀ ਜਾਣਕਾਰੀ ਉਸ ਤੋਂ ਲੁਕੋਈ ਗਈ ਤੇ ਉਸ ਨੂੰ ਪ੍ਰੇਮ ਦੇ ਜਾਲ ’ਚ ਫਸਾ ਕੇ ਵਿਆਹ ਕੀਤਾ ਗਿਆ। ਪੀੜਤਾ ਨੇ ਇਹ ਵੀ ਦੱਸਿਆ ਕਿ ਵਿਆਹ ਮਗਰੋਂ ਕੁਝ ਸਮੇਂ ਤੱਕ ਸਭ ਕੁਝ ਠੀਕ ਰਿਹਾ ਪਰ ਬਾਅਦ ’ਚ ਪਤੀ ਤੇ ਸਹੁਰਿਆਂ ਨੇ ਉਸ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਔਰਤ ਦੀ ਸ਼ਿਕਾਇਤ ਸੀ ਕਿ ਉਸ ਨੂੰ ਦਾਜ ਲਈ ਤੰਗ ਕੀਤਾ ਗਿਆ ਤੇ ਵਿਆਹ ’ਚ ਮਿਲਿਆ ਸਾਮਾਨ ਤੇ ਗਹਿਣੇ ਆਪਣੇ ਕੋਲ ਰੱਖ ਲਏ।
---
ਵਿਰੋਧ ਕਰਨ ’ਤੇ ਜਾਨੋਂ ਮਾਰਨ ਦੀ ਦਿੱਤੀ ਧਮਕੀ
ਸ਼ਿਕਾਇਤ ’ਚ ਔਰਤ ਨੇ ਇਹ ਵੀ ਦੋਸ਼ ਲਾਇਆ ਕਿ ਉਸ ਦਾ ਪਤੀ ਹੁਣ ਉਸ ਨੂੰ ਛੱਡ ਕੇ ਇਕ ਹੋਰ ਔਰਤ ਨਾਲ ਰਹਿ ਰਿਹਾ ਹੈ ਤੇ ਵਿਆਹ ਕਰਨ ਦੀ ਤਿਆਰੀ ਕਰ ਰਿਹਾ ਹੈ। ਉਹ ਇਕ ਹੋਰ ਔਰਤ ਦੇ ਨਾਲ ਲਿਵ-ਇਨ ਰਿਲੇਸ਼ਨਸ਼ਿਪ ’ਚ ਰਹਿ ਰਿਹਾ ਹੈ। ਸ਼ਿਕਾਇਤ ’ਚ ਦੱਸਿਆ ਕਿ ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਔਰਤ ਨੇ ਕਿਹਾ ਕਿ ਮੁਲਜ਼ਮ ਨੇ ਉਸ ਨੂੰ, ਉਸ ਦੇ 18 ਮਹੀਨੇ ਦੇ ਪੁੱਤਰ ਤੇ ਗਰਭ ’ਚ ਪਲ ਰਹੇ ਬੱਚੇ ਨੂੰ ਗੰਭੀਰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ, ਜਿਸ ਕਾਰਨ ਉਹ ਡਰੀ ਹੋਈ ਹੈ। ਉਸ ਨੇ ਪੁਲਿਸ ਕੋਲੋਂ ਆਪਣੀ ਤੇ ਆਪਣੇ ਬੱਚਿਆਂ ਦੀ ਸੁਰੱਖਿਆ ਦੀ ਮੰਗ ਕੀਤੀ। ਦੋਸ਼ ਹੈ ਕਿ ਪਤੀ ਨੇ ਉਸ ਨੂੰ ਗਰਭ ਅਵਸਥਾ ਦੌਰਾਨ ਹੀ ਘਰੋਂ ਕੱਢ ਦਿੱਤਾ ਤੇ ਉਸ ਦਾ ਖਰਚਾ ਚੁੱਕਣ ਤੋਂ ਵੀ ਇਨਕਾਰ ਕਰ ਦਿੱਤਾ।
---
ਅਦਾਲਤ ’ਚ ਲਾ ਰਿਹਾ ਸੀ ਤਲਾਕ ਦਾ ਕੇਸ
ਮਾਮਲੇ ਦੀ ਜਾਂਚ ਵੂਮਨ ਸੈੱਲ ਜਲੰਦਰ ਦਿਹਾਤ ਵੱਲੋਂ ਕੀਤੀ ਗਈ। ਜਾਂਚ ’ਚ ਸਾਹਮਣੇ ਆਇਆ ਕਿ ਦੋਵਾਂ ਦਾ ਵਿਆਹ ਹੋਇਆ ਸੀ ਤੇ ਉਨ੍ਹਾਂ ਵਿਚਾਲੇ ਵਿਵਾਦ ਮਗਰੋਂ ਔਰਤ ਆਪਣੇ ਪੇਕੇ ਘਰ ਰਹਿ ਰਹੀ ਹੈ। ਪਤੀ ਨੇ ਫੈਮਲੀ ਕੋਰਟ ’ਚ ਤਲਾਕ ਦੀ ਅਰਜ਼ੀ ਦਾਖਲ ਕਰ ਰੱਖੀ ਹੈ। ਔਰਤ ਦੇ ਲਾਏ ਕੁਝ ਦੋਸ਼ ਗਲਤ ਹਨ।
ਇਸੇ ਆਧਾਰ 'ਤੇ ਜਾਂਚ ਅਧਿਕਾਰੀ ਨੇ ਮੁਲਜ਼ਮ ਇਸਰਾਤ ਅਲੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ 22 ਅਪ੍ਰੈਲ 2026 ਨੂੰ ਐੱਫਆਈਆਰ ਦਰਜ ਕਰ ਲਈ ਤੇ ਮਾਮਲੇ ਦੀ ਅਗਲੀ ਜਾਂਚ ਏਐੱਸਆਈ ਅਵਤਾਰ ਸਿੰਘ ਨੂੰ ਸੌਂਪ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਜੇ ਕਿਸੇ ਹੋਰ ਵਿਅਕਤੀ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।