ਅਣਪਛਾਤੇ ਵਾਹਨ ਦੀ ਟੱਕਰ ਨਾਲ ਮੌਤ
ਅਣਪਛਾਤੇ ਵਾਹਨ ਦੀ ਟੱਕਰ ਨਾਲ ਵਿਅਕਤੀ ਦੀ ਮੌਤ
Publish Date: Wed, 06 May 2026 06:54 PM (IST)
Updated Date: Wed, 06 May 2026 06:56 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਬੀਤੀ ਰਾਤ ਨੈਸ਼ਨਲ ਹਾਈਵੇ ’ਤੇ ਇਕ ਅਣਪਛਾਤੇ ਵਿਅਕਤੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਕਿਸੇ ਅਣਪਛਾਤੇ ਵਾਹਨ ਨੇ ਉਸ ਵਿਅਕਤੀ ਨੂੰ ਟੱਕਰ ਮਾਰੀ ਤੇ ਮੌਕੇ ’ਤੇ ਹੀ ਉਸਦੀ ਮੌਤ ਹੋ ਗਈ। ਐੱਸਐੱਸਐੱਫ ਟੀਮ ਦੇ ਇੰਚਾਰਜ ਥਾਣੇਦਾਰ ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਲ ਰਾਹੀਂ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਨੂੰ ਵਾਹਨ ਨੇ ਟੱਕਰ ਮਾਰੀ ਹੈ ਤੇ ਉਸਦੀ ਲਾਸ਼ ਸੜਕ ਵਿਚਾਲੇ ਪਈ ਹੈ। ਸੂਚਨਾ ਮਿਲਣ ’ਤੇ ਟੀਮ ਤੁਰੰਤ ਮੌਕੇ ’ਤੇ ਪਹੁੰਚੀ ਤੇ ਸੁਰੱਖਿਆ ਇੰਤਜ਼ਾਮ ਕਰਦੇ ਹੋਏ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਇਆ। ਐੱਸਐੱਸਐੱਫ ਟੀਮ ਵੱਲੋਂ ਇਸ ਘਟਨਾ ਬਾਰੇ ਥਾਣਾ ਫਿਲੌਰ ਨੂੰ ਸੂਚਿਤ ਕੀਤਾ ਗਿਆ, ਜਿਸ ’ਤੇ ਨਾਈਟ ਮੁਨਸ਼ੀ ਮਨੀਸ਼ ਕੁਮਾਰ ਨੇ ਈਆਰਵੀ-37 ਨੂੰ ਮੌਕੇ ’ਤੇ ਭੇਜਿਆ। ਬਾਅਦ ’ਚ ਪ੍ਰਾਈਵੇਟ ਐਂਬੂਲੈਂਸ ਰਾਹੀਂ ਲਾਸ਼ ਨੂੰ ਸਿਵਲ ਹਸਪਤਾਲ ਫਿਲੌਰ ਭੇਜ ਦਿੱਤਾ ਗਿਆ। ਥਾਣਾ ਫਿਲੌਰ ਦੇ ਡਿਊਟੀ ਅਫਸਰ ਸਬ-ਇੰਸਪੈਕਟਰ ਗੋਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ। ਲਾਸ਼ ਸਿਵਲ ਹਸਪਤਾਲ ਦੀ ਮੋਰਚਰੀ ’ਚ ਰੱਖੀ ਗਈ ਹੈ। ਮ੍ਰਿਤਕ ਨੇ ਚਿੱਟੀ ਕਮੀਜ਼ ਤੇ ਕਾਲੀ ਪੈਂਟ ਪਹਿਨੀ ਹੋਈ ਹੈ। ਪਛਾਣ ਲਈ ਲਾਸ਼ ਨੂੰ 72 ਘੰਟਿਆਂ ਤੱਕ ਰੱਖਿਆ ਜਾਵੇਗਾ।