ਮੋਟਰਸਾਈਕਲ ਚੋਰੀ ਕਰਨ ਵਾਲਾ ਗ੍ਰਿਫ਼ਤਾਰ
ਵਕੀਲ ਦੇ ਮੁੰਨਸ਼ੀ ਦਾ ਮੋਟਰਸਾਈਕਲ ਚੋਰੀ ਕਰਨ ਵਾਲਾ ਗ੍ਰਿਫਤਾਰ
Publish Date: Thu, 23 Apr 2026 09:23 PM (IST)
Updated Date: Thu, 23 Apr 2026 09:25 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਬਾਰਾਦਰੀ ਦੀ ਪੁਲਿਸ ਨੇ ਪਿਛਲੇ ਦਿਨੀ ਇਕ ਵਕੀਲ ਦੇ ਚੈਂਬਰ ਦੇ ਬਾਹਰੋਂ ਵਕੀਲ ਦੇ ਮੁਨਸ਼ੀ ਦਾ ਮੋਟਰਸਾਈਕਲ ਚੋਰੀ ਕਰਨ ਵਾਲੇ ਨੌਜਵਾਨ ਨੂੰ ਕਾਬੂ ਕਰਕੇ ਉਸ ਕੋਲੋਂ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤਾ ਹੈ। ਜਾਣਕਾਰੀ ਅਨੁਸਾਰ ਅੱਠ ਅਪ੍ਰੈਲ ਨੂੰ ਖੁਸ਼ਪ੍ਰੀਤ ਸਿੰਘ ਵਾਸੀ ਸਲੇਮਪੁਰ ਮੁਸਲਮਾਨਾਂ ਨੇ ਥਾਣਾ ਬਾਰਾਦਰੀ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਸੱਤ ਅਪ੍ਰੈਲ ਨੂੰ ਉਹ ਰੋਜ਼ ਵਾਂਗ ਸੁਭਾਸ਼ ਸ਼ਰਮਾ ਦੇ ਚੈਬਰ ’ਚ ਆਪਣੇ ਸਪਲੈਂਡਰ ਮੋਟਰਸਾਈਕਲ ’ਤੇ ਗਿਆ ਸੀ। ਮੋਟਰਸਾਈਕਲ ਚੈਂਬਰ ਦੇ ਬਾਹਰ ਖੜ੍ਹਾ ਕੀਤਾ ਤੇ ਖੁਦ ਅੰਦਰ ਵਕੀਲ ਸੁਭਾਸ਼ ਸ਼ਰਮਾ ਕੋਲ ਚਲਾ ਗਿਆ। ਕੁਝ ਸਮੇਂ ਬਾਅਦ ਜਦ ਉਹ ਵਾਪਸ ਆਇਆ ਤਾਂ ਮੋਟਰਸਾਈਕਲ ਗਾਇਬ ਸੀ। ਪੁਲਿਸ ਨੇ ਖੁਸ਼ਪ੍ਰੀਤ ਦੇ ਬਿਆਨਾਂ ’ਤੇ ਅਣਪਛਾਤੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਇਸ ਦੀ ਜਾਂਚ ਸ਼ੁਰੂ ਕੀਤੀ। ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਤੇ ਟੈਕਨੀਕਲ ਢੰਗ ਨਾਲ ਕੀਤੀ ਗਈ ਜਾਂਚ ਤੋਂ ਬਾਅਦ ਇਸ ਮਾਮਲੇ ’ਚ ਮੁਲਜਮ ਸ਼ਮਸ਼ੇਰ ਸਿੰਘ ਉਰਫ ਸ਼ੇਰਾਂ ਵਾਸੀ ਪਿੰਡ ਸਰਾਂ ਤਲਵੰਡੀ ਜ਼ਿਲ੍ਹਾ ਤਰਨਤਾਰਨ ਨੂੰ ਉਸ ਵੇਲੇ ਜਲੰਧਰ ’ਚੋਂ ਗ੍ਰਿਫਤਾਰ ਕਰ ਲਿਆ, ਜਦ ਉਹ ਚੋਰੀ ਦਾ ਮੋਟਰਸਾਈਕਲ ਵੇਚਣ ਦੀ ਤਾਕ ’ਚ ਘੁੰਮ ਰਿਹਾ ਸੀ। ਥਾਣਾ ਮੁਖੀ ਇੰਸਪੈਕਟਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਖਿਲਾਫ ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ’ਚ ਐਕਸਾਈਜ਼ ਐਕਟ ਦਾ ਮਾਮਲਾ ਦਰਜ ਹੈ। ਉਸ ਨੂੰ ਅਦਾਲਤ ’ਚੋਂ ਪੁਲਿਸ ਰਿਮਾਂਡ ’ਤੇ ਲੈ ਕੇ ਉਸ ਕੋਲੋਂ ਡੁੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ।