ਨਸ਼ੀਲੀਆਂ ਗੋਲੀਆਂ, ਡਰੱਗ ਮਨੀ ਸਮੇਤ ਕੀਤੇ ਦੋ ਕਾਬੂ
ਮਲਸੀਆਂ ਪੁਲਿਸ ਨੇ 110 ਨਸ਼ੀਲੀਆਂ ਗੋਲੀਆਂ, ਡਰੱਗ ਮਨੀ ਸਮੇਤ ਕੀਤੇ ਦੋ ਕਾਬੂ
Publish Date: Thu, 23 Apr 2026 10:44 PM (IST)
Updated Date: Thu, 23 Apr 2026 10:46 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਥਾਣਾ ਸ਼ਾਹਕੋਟ ਅਧੀਨ ਆਉਂਦੀ ਪੁਲਿਸ ਚੌਕੀ ਮਲਸੀਆਂ ਦੀ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਦੋ ਨੌਜਵਾਨਾਂ ਨੂੰ ਨਸ਼ੀਲੀਆਂ ਗੋਲੀਆਂ ਤੇ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਚੌਕੀ ਇੰਚਾਰਜ ਮਲਸੀਆਂ ਜਗਤਾਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨਾਲ ਇਲਾਕੇ ਅੰਦਰ ਗਸ਼ਤ ਕਰ ਰਹੇ ਸਨ। ਜਦੋਂ ਪਿੰਡ ਬਿੱਲੀ ਚੁਹਾਰਮੀ ਤੋਂ ਨਵਾਂ ਕਿਲ੍ਹਾ ਰੋਡ ਵੱਲ ਜਾ ਰਹੇ ਸਨ ਤਾਂ ਸਾਹਮਣੇ ਤੋਂ ਇੱਕ ਕਾਲੇ ਰੰਗ ਦੇ ਮੋਟਰਸਾਈਕਲ ਤੇ ਦੋ ਨੌਜਵਾਨ ਆਉਂਦੇ ਦਿਖਾਈ ਦਿੱਤੇ। ਪੁਲਿਸ ਨੂੰ ਦੇਖ ਕੇ ਮੋਟਰਸਾਈਕਲ ਪਿੱਛੇ ਮੋੜਨ ਦੀ ਕੋਸ਼ਿਸ਼ ਕੀਤੀ ਪਰ ਮੋਟਰਸਾਈਕਲ ਬੰਦ ਹੋ ਗਿਆ। ਪੁਲਿਸ ਨੇ ਸ਼ੱਕ ਦੇ ਆਧਾਰ ਤੇ ਦੋਵਾਂ ਨੂੰ ਮੌਕੇ ਤੇ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਮੋਟਰਸਾਈਕਲ ਚਾਲਕ ਨੇ ਆਪਣੀ ਪਛਾਣ ਪ੍ਰਦੀਪ ਕੁਮਾਰ ਵਾਸੀ ਧੋਬੀ ਕਲੋਨੀ (ਮਲਸੀਆਂ) ਤੇ ਪਿੱਛੇ ਬੈਠੇ ਨੌਜਵਾਨ ਨੇ ਆਪਣੀ ਪਛਾਣ ਵਿਜੈ ਕੁਮਾਰ ਵਾਸੀ ਪੱਤੀ ਸ਼ਾਹਲਾ ਨਗਰ ਵਜੋਂ ਦੱਸੀ। ਤਲਾਸ਼ੀ ਦੌਰਾਨ ਮੋਟਰਸਾਈਕਲ ਦੀ ਹੈੱਡਲਾਈਟ ਕੋਲੋਂ ਇੱਕ ਲਿਫਾਫੇ ਵਿੱਚੋਂ 110 ਚਿੱਟੇ ਰੰਗ ਦੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਇਸ ਤੋਂ ਇਲਾਵਾ ਮੁਲਜ਼ਮ ਦੀ ਜੇਬ ਵਿੱਚੋਂ 13,000 ਰੁਪਏ ਬਰਾਮਦ ਹੋਏ, ਜਿਨ੍ਹਾਂ ਨੂੰ ਪੁਲਿਸ ਨੇ ਡਰੱਗ ਮਨੀ ਵਜੋਂ ਕਬਜ਼ੇ ਵਿੱਚ ਲਿਆ ਹੈ। ਮੁਲਜ਼ਮਾਂ ਕੋਲੋਂ ਮੋਟਰਸਾਈਕਲ ਦੇ ਵੀ ਕੋਈ ਕਾਗਜ਼ਾਤ ਨਹੀਂ ਮਿਲੇ, ਜਿਸ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।