ਹੁਸ਼ਿਆਰਪੁਰ ਪੁਲਿਸ ਦੀ ਵੱਡੀ ਕਾਰਵਾਈ: ਨਸ਼ੀਲੀਆਂ ਗੋਲੀਆਂ ਤੇ ਸਿਲਵਰ ਫੁਆਇਲ ਸਮੇਤ 3 ਤਸਕਰ ਗ੍ਰਿਫ਼ਤਾਰ
ਜ਼ਿਲ੍ਹੇ ਵਿੱਚ ਨਸ਼ਾ ਤਸਕਰਾਂ ਅਤੇ ਜਨਤਕ ਥਾਵਾਂ 'ਤੇ ਨਸ਼ੇ ਦਾ ਸੇਵਨ ਕਰਨ ਵਾਲਿਆਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਚੈਕਿੰਗ ਮੁਹਿੰਮ ਦੌਰਾਨ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਫੜੇ ਗਏ ਮੁਲਜ਼ਮਾਂ ਕੋਲੋਂ ਨਸ਼ੀਲੀਆਂ ਗੋਲੀਆਂ ਅਤੇ ਨਸ਼ਾ ਕਰਨ ਲਈ ਵਰਤਿਆ ਜਾਣ ਵਾਲਾ ਸਾਮਾਨ ਬਰਾਮਦ ਹੋਇਆ ਹੈ। ਪੁਲਿਸ ਨੇ ਸਾਰੇ ਮੁਲਜ਼ਮਾਂ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲੇ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
Publish Date: Fri, 22 May 2026 11:41 AM (IST)
Updated Date: Fri, 22 May 2026 11:44 AM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹੇ ਵਿੱਚ ਨਸ਼ਾ ਤਸਕਰਾਂ ਅਤੇ ਜਨਤਕ ਥਾਵਾਂ 'ਤੇ ਨਸ਼ੇ ਦਾ ਸੇਵਨ ਕਰਨ ਵਾਲਿਆਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਚੈਕਿੰਗ ਮੁਹਿੰਮ ਦੌਰਾਨ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਫੜੇ ਗਏ ਮੁਲਜ਼ਮਾਂ ਕੋਲੋਂ ਨਸ਼ੀਲੀਆਂ ਗੋਲੀਆਂ ਅਤੇ ਨਸ਼ਾ ਕਰਨ ਲਈ ਵਰਤਿਆ ਜਾਣ ਵਾਲਾ ਸਾਮਾਨ ਬਰਾਮਦ ਹੋਇਆ ਹੈ। ਪੁਲਿਸ ਨੇ ਸਾਰੇ ਮੁਲਜ਼ਮਾਂ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲੇ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਭੰਗੀ ਚੋਅ ਦੇ ਕੱਚੇ ਰਸਤੇ 'ਤੇ ਪੁਲਿਸ ਨੂੰ ਦੇਖ ਸੁੱਟਿਆ ਲਿਫਾਫਾ; 47 ਨਸ਼ੀਲੀਆਂ ਗੋਲੀਆਂ ਸਣੇ ਗ੍ਰਿਫ਼ਤਾਰ
ਪੁਲਿਸ ਮੁਤਾਬਕ ਥਾਣਾ ਮਾਡਲ ਟਾਊਨ ਦੇ ਏ.ਐੱਸ.ਆਈ. ਪਰਮਿੰਦਰ ਸਿੰਘ ਆਪਣੀ ਟੀਮ ਸਮੇਤ ਇੱਕ ਨਿੱਜੀ ਗੱਡੀ ਵਿੱਚ ਇਲਾਕੇ 'ਚ ਗਸ਼ਤ 'ਤੇ ਸਨ। ਪੁਲਿਸ ਮੁਤਾਬਕ ਜਦੋਂ ਟੀਮ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਕਰਦਿਆਂ ਭੰਗੀ ਚੋਅ ਦੇ ਨਾਲ-ਨਾਲ ਬੱਸੀ ਜਾਨਾ ਤੋਂ ਪਿੰਡ ਹਰਦੋਖਾਨਪੁਰ ਵੱਲ ਜਾ ਰਹੀ ਸੀ, ਤਾਂ ਸਾਹਮਣੇ ਤੋਂ ਇੱਕ ਮੋਨਾ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ।
ਪੁਲਿਸ ਨੇ ਦੱਸਿਆ ਕਿ ਜਿਵੇਂ ਹੀ ਉਕਤ ਨੌਜਵਾਨ ਦੀ ਨਜ਼ਰ ਪੁਲਿਸ ਪਾਰਟੀ 'ਤੇ ਪਈ, ਤਾਂ ਉਹ ਘਬਰਾ ਗਿਆ। ਉਸ ਨੇ ਆਪਣੇ ਸੱਜੇ ਹੱਥ ਵਿੱਚ ਫੜਿਆ ਇੱਕ ਕਾਲੇ ਰੰਗ ਦਾ ਮੋਮੀ ਲਿਫਾਫਾ ਤੁਰੰਤ ਝਾੜੀਆਂ ਵੱਲ ਸੁੱਟ ਦਿੱਤਾ ਅਤੇ ਪਿੱਛੇ ਨੂੰ ਦੌੜਨ ਦੀ ਕੋਸ਼ਿਸ਼ ਕੀਤੀ। ਪਰ ਮੁਸਤੈਦ ਮੁਲਾਜ਼ਮਾਂ ਨੇ ਘੇਰਾਬੰਦੀ ਕਰਕੇ ਉਸ ਨੂੰ ਮੌਕੇ 'ਤੇ ਹੀ ਦਬੋਚ ਲਿਆ।
ਫੜੇ ਗਏ ਨੌਜਵਾਨ ਨੇ ਪੁੱਛਗਿੱਛ ਦੌਰਾਨ ਆਪਣੀ ਪਛਾਣ ਰਜਿੰਦਰ ਸਿੰਘ ਉਰਫ ਗੁਗੂ ਪੁੱਤਰ ਗੁਰਚਰਨ ਸਿੰਘ (ਵਾਸੀ ਬੱਸੀ ਖਵਾਜੂ, ਹੁਸ਼ਿਆਰਪੁਰ) ਵਜੋਂ ਦੱਸੀ। ਜਦੋਂ ਪੁਲਿਸ ਨੇ ਉਸ ਵੱਲੋਂ ਸੁੱਟੇ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਕਥਿਤ ਤੌਰ ’ਤੇ 47 ਚਿੱਟੇ ਰੰਗ ਦੀਆਂ ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।
ਸੈਸ਼ਨ ਚੌਕ ਦੀ ਕਾਰ ਪਾਰਕਿੰਗ 'ਚ ਕੰਧ ਦੇ ਉਹਲੇ ਨਸ਼ਾ ਕਰਦਾ ਕਾਬੂ
ਥਾਣਾ ਸਿਟੀ ਹੁਸ਼ਿਆਰਪੁਰ ਦੇ ਏ.ਐੱਸ.ਆਈ. ਨਾਨਕ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਸ਼ੱਕੀ ਅਨਸਰਾਂ ਦੀ ਭਾਲ ਵਿੱਚ ਸੈਸ਼ਨ ਚੌਕ ਨੇੜੇ ਮੌਜੂਦ ਲੇਬਰ ਸ਼ੈਡ ਦੀ ਬੈਕਸਾਈਡ ਕਾਰ ਪਾਰਕਿੰਗ ਵਿੱਚੋਂ ਲੰਘ ਰਹੀ ਸੀ। ਪੁਲਿਸ ਨੇ ਖ਼ੁਲਾਸਾ ਕੀਤਾ ਕਿ ਜਦੋਂ ਟੀਮ ਪਾਰਕਿੰਗ ਦੇ ਕੋਲ ਪੁੱਜੀ ਤਾਂ ਕੰਧ ਦੇ ਓਹਲੇ ਇੱਕ ਸਰਦਾਰ ਨੌਜਵਾਨ ਸ਼ੱਕੀ ਹਾਲਤ ਵਿੱਚ ਬੈਠਾ ਦਿਖਾਈ ਦਿੱਤਾ, ਜੋ ਕਥਿਤ ਤੌਰ 'ਤੇ ਉੱਥੇ ਬੈਠ ਕੇ ਨਸ਼ੇ ਦਾ ਸੇਵਨ ਕਰ ਰਿਹਾ ਸੀ। ਪੁਲਿਸ ਕਰਮਚਾਰੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਨੂੰ ਘੇਰ ਲਿਆ।
ਫੜੇ ਗਏ ਮੁਲਜ਼ਮ ਦੀ ਪਛਾਣ ਇੰਦਰਜੀਤ ਸਿੰਘ ਪੁੱਤਰ ਗੁਰਨਾਮ ਸਿੰਘ (ਵਾਸੀ ਸੰਤ ਭਾਗ ਸਿੰਘ ਨਗਰ, ਹੁਸ਼ਿਆਰਪੁਰ) ਵਜੋਂ ਹੋਈ ਹੈ। ਪੁਲਿਸ ਅਨੁਸਾਰ ਤਲਾਸ਼ੀ ਦੌਰਾਨ ਉਸ ਦੇ ਕੋਲੋਂ ਇੱਕ ਲਾਈਟਰ, ਨਸ਼ੀਲਾ ਪਦਾਰਥ ਲੱਗੀ ਹੋਈ ਸਿਲਵਰ ਪੰਨੀ (ਫੁਆਇਲ) ਅਤੇ ਨਸ਼ੇ ਦੇ ਧੂੰਏਂ ਨੂੰ ਖਿੱਚਣ ਲਈ ਰੋਲ ਕੀਤਾ ਹੋਇਆ 10 ਰੁਪਏ ਦਾ ਨੋਟ ਕਥਿਤ ਤੌਰ 'ਤੇ ਬਰਾਮਦ ਹੋਇਆ।
ਖਾਲੀ ਪਲਾਟ ਵਿੱਚ ਲਾਈਟਰ ਨਾਲ ਸਿਲਵਰ ਪੰਨੀ ਤਪਾ ਕੇ ਧੂੰਆਂ ਖਿੱਚਦਾ ਕਾਬੂ
ਇੱਕ ਹੋਰ ਮਾਮਲੇ ਵਿੱਚ ਇੰਡਸਟਰੀਅਲ ਫੋਕਲ ਪੁਆਇੰਟ ਪੁਰਹੀਰਾਂ ਪੁਲਿਸ ਚੌਕੀ ਦੇ ਮੁੱਖ ਸਿਪਾਹੀ ਰਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਸਰਕਾਰੀ ਗੱਡੀ ਵਿੱਚ ਜਹੁਰ ਰੋਡ ਵੱਲ ਗਸ਼ਤ 'ਤੇ ਸੀ। ਜਦੋਂ ਪੁਲਿਸ ਪਾਰਟੀ ਰਾਮ ਨਗਰ ਦੇ ਅੱਗੇ ਇੱਕ ਖਾਲੀ ਪਲਾਟ ਕੋਲ ਪਹੁੰਚੀ ਤਾਂ ਉੱਥੇ ਇੱਕ ਹੈਰਾਨ ਕਰਨ ਵਾਲਾ ਮੰਜ਼ਰ ਦੇਖਣ ਨੂੰ ਮਿਲਿਆ।
ਪੁਲਿਸ ਨੇ ਦੱਸਿਆ ਕਿ ਖਾਲੀ ਪਲਾਟ ਦੇ ਅੰਦਰ ਇੱਕ ਵਿਅਕਤੀ ਬੈਠਾ ਹੋਇਆ ਸੀ, ਜੋ ਅੱਗ ਲਗਾਉਣ ਵਾਲੇ ਲਾਈਟਰ ਨਾਲ ਇੱਕ ਸਿਲਵਰ ਵਰਕ ਦੀ ਬਣੀ ਪੰਨੀ ਦੇ ਹੇਠਾਂ ਅੱਗ ਬਾਲ ਕੇ ਉਸ ਨੂੰ ਤਪਾ ਰਿਹਾ ਸੀ। ਉਹ 10 ਰੁਪਏ ਦੇ ਨੋਟ ਨੂੰ ਪਾਈਪ ਵਾਂਗ ਰੋਲ ਕਰਕੇ, ਉਸ ਸਿਲਵਰ ਪੰਨੀ ਦੇ ਉੱਪਰੋਂ ਉੱਡ ਰਹੇ ਨਸ਼ੀਲੇ ਧੂੰਏਂ ਨੂੰ ਕਥਿਤ ਤੌਰ 'ਤੇ ਆਪਣੇ ਨੱਕ ਰਾਹੀਂ ਅੰਦਰ ਖਿੱਚ ਰਿਹਾ ਸੀ।
ਪੁਲਿਸ ਨੇ ਉਸ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ, ਜਿਸ ਦੀ ਪਛਾਣ ਵਿਕਰਮ ਸਿੰਘ ਪੁੱਤਰ ਸ਼ਮਸ਼ੇਰ ਸਿੰਘ (ਵਾਸੀ ਨਿਊ ਫਤਿਹਗੜ੍ਹ, ਹੁਸ਼ਿਆਰਪੁਰ) ਵਜੋਂ ਹੋਈ ਹੈ। ਉਸ ਦੇ ਕਬਜ਼ੇ ਵਿੱਚੋਂ ਵੀ ਨਸ਼ੇੜੀ ਕਿੱਟ (ਸਿਲਵਰ ਪੰਨੀ, ਲਾਈਟਰ ਅਤੇ ਰੋਲ ਕੀਤਾ 10 ਰੁਪਏ ਦਾ ਨੋਟ) ਬਰਾਮਦ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ।