ਮਹਿੰਦਰ ਭਗਤ ਨੇ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਵਾਹਨ ਰਵਾਨਾ ਕੀਤਾ
ਜਾਗਰਣ ਸੰਵਾਦਦਾਤਾ, ਜਲੰਧਰ :
Publish Date: Fri, 08 May 2026 10:22 PM (IST)
Updated Date: Fri, 08 May 2026 11:14 PM (IST)
ਜਾਗਰਣ ਸੰਵਾਦਦਾਤਾ, ਜਲੰਧਰ : ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਤਹਿਤ, ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਸ਼ੁੱਕਰਵਾਰ ਨੂੰ ਬਸਤੀ ਨੌ ਤੋਂ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਵਾਹਨ ਨੂੰ ਰਵਾਨਾ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਅਨੁਸਾਰ, ਨਸ਼ਾ ਮੁਕਤੀ ਮੋਰਚਾ ਵੱਲੋਂ ਇਸ ਜਾਗਰੂਕਤਾ ਵਾਹਨ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਜ਼ਰੀਏ ਦੋ ਦਿਨਾਂ ’ਚ ਵਿਧਾਨ ਸਭਾ ਹਲਕੇ ਵੈਸਟ ਦੇ ਹਰ ਵਾਰਡ ’ਚ ਜਾ ਕੇ ਲੋਕਾਂ ਨੂੰ ਨਸ਼ੇ ਦੀ ਲਾਹਨਤ ਖ਼ਿਲਾਫ਼ ਇਕੱਠਾ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ੇ ਨੂੰ ਜੜ੍ਹੋਂ ਖਤਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਇਸੇ ਵਚਨਬੱਧਤਾ ਤਹਿਤ ਨਸ਼ੇ ਦੇ ਧੰਦੇ ਕਰਨ ਵਾਲਿਆਂ ਖ਼ਿਲਾਫ਼ ਵੱਡੇ ਪੱਧਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਨੇ ਜਿੱਥੇ ਬਹੁਤ ਸਾਰੇ ਨਸ਼ਾ ਤਸਕਰਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਿਆ ਹੈ, ਉਥੇ ਹੀ ਨਸ਼ੇ ਦੀ ਦਲਦਲ ’ਚ ਫਸੇ ਨੌਜਵਾਨਾਂ ਦੇ ਪੁਨਰਵਾਸ ਲਈ ਵੱਡੇ ਪੱਧਰ 'ਤੇ ਉਪਾਅ ਕੀਤੇ ਗਏ ਹਨ।
ਭਗਤ ਨੇ ਕਿਹਾ ਕਿ ਨਸ਼ਿਆਂ ਦੇ ਪੂਰਨ ਖਾਤਮੇ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਲੋਕਾਂ ਦੇ ਸਹਿਯੋਗ ਨਾਲ ਇਕ ਲੋਕ ਲਹਿਰ ਬਣ ਰਹੀ ਹੈ ਤੇ ਇਸ ਸ਼ਰਾਪ ਨੂੰ ਖਤਮ ਕਰਨ ਲਈ ਲੋਕ ਖ਼ੁਦ ਅੱਗੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ਾ ਇਕ ਸਮਾਜਿਕ ਬੁਰਾਈ ਹੈ, ਜਿਸ ਨੂੰ ਸਮਾਜ ਦੇ ਹਰ ਵਰਗ ਦੇ ਸਹਿਯੋਗ ਨਾਲ ਜੜ੍ਹ ਤੋਂ ਖਤਮ ਕੀਤਾ ਜਾਵੇਗਾ।
ਇਸ ਮੌਕੇ 'ਤੇ ਏਸੀਪੀ ਜਲੰਧਰ ਵੈਸਟ ਆਤਿਸ਼ ਭਾਟੀਆ, ਨਾਇਬ ਤਹਿਸੀਲਦਾਰ ਗੁਰਸਿਮਰਨ ਸਿੰਘ, ਦੋਆਬਾ ਇੰਚਾਰਜ ਨਸ਼ਾ ਮੁਕਤੀ ਮੋਰਚਾ ਅਤੀਨ ਅਗਨੀਹੋਤਰੀ, ਸੰਜੀਵ ਭਗਤ, ਸੰਗਠਨ ਇੰਚਾਰਜ ਵੈਸਟ ਹਰਚਰਨ ਸਿੰਘ ਸੰਧੂ, ਕੌਂਸਲਰ ਹਰਜਿੰਦਰ ਲਾਡਾ, ਵਾਇਸ ਪ੍ਰਧਾਨ ਨਸ਼ਾ ਮੁਕਤੀ ਮੋਰਚਾ ਸ਼ੈਂਕੀ ਭਗਤ, ਚਾਹਤ ਕੌਰ, ਕੁਮਕੁਮ, ਨੀਰਜ ਸ਼ਰਮਾ, ਮੋਨੂੰ ਭਗਤ, ਕੁਲਦੀਪ ਭਗਤ, ਵਰੁਨ ਸੱਜਨ ਬਲਾਕ ਪ੍ਰਧਾਨ, ਜੈਰਥ ਕਾਕਾ ਤੇ ਇਲਾਕਾ ਵਾਸੀ ਵੀ ਹਾਜ਼ਰ ਸਨ।