ਲਿਓਨ ਸਕਿਊਰਿਟੀ ਅਰਬਾਨਾ ਟੀਮ ਦੀ ਸ਼ਾਨਦਾਰ ਜਿੱਤ
ਏਜੀਆਈ ਵੀਕਲੀ ਕ੍ਰਿਕਟ ਲੀਗ ’ਚ ਲਿਓਨ ਸਿਕਿਉਰਟੀ ਅਰਬਾਨਾ ਟੀਮ ਦੀ ਸ਼ਾਨਦਾਰ ਜਿੱਤ
Publish Date: Wed, 20 May 2026 08:27 PM (IST)
Updated Date: Wed, 20 May 2026 08:31 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਏਜੀਆਈ ਵੀਕਲੀ ਕ੍ਰਿਕਟ ਲੀਗ ਚੈਂਪੀਅਨਸ਼ਿਪ ਤਹਿਤ ਖੇਡੇ ਗਏ ਰੋਮਾਂਚਕ ਮੁਕਾਬਲੇ ਵਿੱਚ ਏਜੀਆਈ ਲਿਓਨ ਸਕਿਊਰਿਟੀ ਅਰਬਾਨਾ ਕ੍ਰਿਕਟ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਏਜੀਆਈ ਡੇ ਐਂਡ ਨਾਈਟ ਸਕਿਊਰਿਟੀ ਕ੍ਰਿਕਟ ਟੀਮ ਨੂੰ 106 ਦੌੜਾਂ ਨਾਲ ਹਰਾਇਆ। ਇਹ ਮੈਚ ਜਲੰਧਰ ਹਾਈਟਸ-1, 66 ਫੁੱਟ ਰੋਡ ਸਥਿਤ ਏਜੀਆਈ ਕ੍ਰਿਕਟ ਗਰਾਊਂਡ ’ਚ ਖੇਡਿਆ ਗਿਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਏਜੀਆਈ ਲਿਓਨ ਸਕਿਊਰਿਟੀ ਅਰਬਾਨਾ ਟੀਮ ਨੇ 209 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਟੀਮ ਵੱਲੋਂ ਰੋਹਿਤ ਨੇ 57 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ ਵਿੱਚ ਪੰਜ ਛੱਕੇ ਤੇ ਚਾਰ ਚੌਕੇ ਸ਼ਾਮਲ ਰਹੇ। ਵਿਸ਼ਾਲ ਨੇ ਧਮਾਕੇਦਾਰ ਬੱਲੇਬਾਜ਼ੀ ਕਰਦਿਆਂ 53 ਦੌੜਾਂ ਬਣਾਈਆਂ, ਜਿਸ ’ਚ ਅੱਠ ਛੱਕੇ ਤੇ ਇਕ ਚੌਕਾ ਲਾਇਆ। ਸੁਖਪਾਲ ਨੇ ਵੀ 49 ਦੌੜਾਂ ਦਾ ਮਹੱਤਵਪੂਰਨ ਯੋਗਦਾਨ ਦਿੱਤਾ, ਜਦਕਿ ਬੈਂਤ ਸਿੰਘ ਨੇ 8 ਦੌੜਾਂ ਬਣਾਈਆਂ। 209 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਏਜੀਆਈ ਡੇ ਐਂਡ ਨਾਈਟ ਸਕਿਊਰਿਟੀ ਟੀਮ 103 ਦੌੜਾਂ ’ਤੇ ਹੀ ਸਿਮਟ ਗਈ। ਟੀਮ ਵੱਲੋਂ ਅੰਨੂਦੀਪ ਨੇ ਸਭ ਤੋਂ ਵੱਧ 20 ਦੌੜਾਂ ਬਣਾਈਆਂ। ਸੈਮ ਨੇ 17 ਦੌੜਾਂ, ਕਰਨ ਨੇ 12 ਦੌੜਾਂ, ਜਦਕਿ ਹੈਪੀ ਤੇ ਰਮੇਸ਼ ਨੇ 8-8 ਦੌੜਾਂ ਦਾ ਯੋਗਦਾਨ ਦਿੱਤਾ। ਲਵ ਨੇ 6 ਦੌੜਾਂ ਬਣਾਈਆਂ। ਗੇਂਦਬਾਜ਼ੀ ’ਚ ਅਵਤਾਰ ਨੇ 2 ਵਿਕਟਾਂ ਹਾਸਲ ਕਰਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਨੂੰ “ਬੈਸਟ ਬਾਲਰ ਆਫ ਦਿ ਮੈਚ” ਚੁਣਿਆ ਗਿਆ। ਇਸ ਤੋਂ ਇਲਾਵਾ ਬੈਂਤ ਸਿੰਘ, ਹੈਪੀ ਤੇ ਬਸੰਤ ਨੇ 1-1 ਵਿਕਟ ਆਪਣੇ ਨਾਂ ਕੀਤੀ। ਦੂਜੇ ਪਾਸੇ, ਰੋਹਿਤ ਨੂੰ ਉਨ੍ਹਾਂ ਦੇ ਸ਼ਾਨਦਾਰ ਆਲਰਾਊਂਡ ਪ੍ਰਦਰਸ਼ਨ ਲਈ “ਬੈਸਟ ਆਲਰਾਊਂਡਰ ਆਫ ਦਿ ਮੈਚ” ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਏਜੀਆਈ ਇੰਫਰਾਸਟ੍ਰਕਚਰ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਵਰਿੰਦਰ ਸਿੰਘ ਨੇ ਦੋਵੇਂ ਟੀਮਾਂ ਦਾ ਹੌਸਲਾ ਵਧਾਇਆ। ਉਨ੍ਹਾਂ ਕਿਹਾ ਕਿ ਏ ਜੀ ਆਈ ਵੀਕਲੀ ਕ੍ਰਿਕਟ ਲੀਗ ਦਾ ਮਕਸਦ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਲਈ ਮੰਚ ਪ੍ਰਦਾਨ ਕਰਨਾ ਹੈ। ਉਨ੍ਹਾਂ ਖਿਡਾਰੀਆਂ ਨੂੰ ਨਸ਼ਿਆਂ ਤੇ ਹੋਰ ਬੁਰੀਆਂ ਆਦਤਾਂ ਤੋਂ ਦੂਰ ਰਹਿਣ ਅਤੇ ਖੇਡਾਂ ਨਾਲ ਜੁੜੇ ਰਹਿਣ ਦੀ ਅਪੀਲ ਵੀ ਕੀਤੀ।