ਭਗਵਾਨ ਪਰਸ਼ੂਰਾਮ ਜਨਮ ਉਤਸਵ ਤੇ ਮਾਤਾ ਬਗਲਾਮੁਖੀ ਮੂਰਤੀ ਸਥਾਪਨਾ ਸਮਾਰੋਹ ਸ਼ਰਧਾ ਨਾਲ ਸੰਪੰਨ

ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਯੁਵਾ ਬ੍ਰਾਹਮਣ ਸਭਾ, ਆਦਮਪੁਰ ਵੱਲੋਂ ਸਮੂਹ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਭਗਵਾਨ ਪਰਸ਼ੂਰਾਮ ਮਹਾਰਾਜ ਦੇ ਜਨਮ ਉਤਸਵ ਤੇ ਮਾਤਾ ਬਗਲਾਮੁਖੀ ਮੂਰਤੀ ਸਥਾਪਨਾ ਸਮਾਗਮ ਮਨਾਇਆ ਗਿਆ। ਇਹ ਸਮਾਗਮ ਸਭਾ ਦੇ ਪ੍ਰਧਾਨ ਰਾਹੁਲ ਸ਼ਰਮਾ ਦੀ ਅਗਵਾਈ ਅਤੇ ਸੰਤ ਇੰਦਰਦਾਸ ਮੇਘਵਾਲ ਦੇ ਆਸ਼ੀਰਵਾਦ ਹੇਠ ਕਰਵਾਇਆ। ਸਮਾਗਮ ਦੀ ਸ਼ੁਰੂਆਤ ਮੂਰਤੀ ਸਨਾਨ, ਹਵਨ ਯੱਗ ਅਤੇ ਭਗਵਾਨ ਪਰਸ਼ੂਰਾਮ ਮਹਾਰਾਜ ਦੇ ਜਨਮ ਦਿਵਸ ਮੌਕੇ ਵਿਸ਼ਾਲ ਭੰਡਾਰੇ ਨਾਲ ਹੋਈ। ਪੂਰਾ ਦਿਨ ਭਗਤੀਮਈ ਮਾਹੌਲ ਨਾਲ ਗੂੰਜਦਾ ਰਿਹਾ ਤੇ ਜੈਕਾਰਿਆਂ ਨਾਲ ਮੰਦਰ ਦੇ ਵਿਹੜੇ ’ਚ ਰੌਣਕਾਂ ਲੱਗੀਆਂ ਰਹੀਆਂ। ਮਾਤਾ ਬਗਲਾਮੁਖੀ ਮੂਰਤੀ ਸਥਾਪਨਾ ਸਮਾਗਮ ਤਿੰਨ ਦਿਨ ਤੱਕ ਚੱਲਿਆ।
ਪਹਿਲੇ ਦਿਨ ਵਿਧੀਵਤ ਪੂਜਾ ਤੇ ਅਨਾਧਿਵਾਸ ਕਰਵਾਇਆ ਗਿਆ। ਦੂਜੇ ਦਿਨ ਜਲ ਅਤੇ ਫਲ ਅਰਪਿਤ ਕਰਨ ਤੋਂ ਬਾਅਦ ਮਾਤਾ ਜੀ ਦੀ ਸ਼ੋਭਾ ਯਾਤਰਾ ਸ਼ਹਿਰ ’ਚ ਕੱਢੀ ਗਈ। ਭਗਤੀ ਗੀਤਾਂ ਤੇ ਮੰਤਰ ਉਚਾਰਨ ਦੇ ਨਾਲ ਨਿਕਲੀ ਇਸ ਯਾਤਰਾ ਦੌਰਾਨ ਵੱਖ-ਵੱਖ ਥਾਵਾਂ ’ਤੇ ਸ਼ਰਧਾਲੂਆਂ ਅਤੇ ਸਮਾਜਿਕ ਸੰਗਠਨਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਮਾਤਾ ਜੀ ਦਾ ਸਵਾਗਤ ਕੀਤਾ ਗਿਆ। ਕਈ ਸਥਾਨਾਂ ’ਤੇ ਲੰਗਰ ਅਤੇ ਠੰਡੇ ਪਾਣੀ ਦੀ ਵੀ ਵਿਵਸਥਾ ਕੀਤੀ ਗਈ। ਸਮਾਗਮ ਦੌਰਾਨ ਪ੍ਰਸਿੱਧ ਭਜਨ ਗਾਇਕ ਲੱਕੀ ਕੱਕੜ ਨੇ ਮਾਤਾ ਬਗਲਾਮੁਖੀ ਦੀ ਮਹਿਮਾ ਦਾ ਗੁਣਗਾਨ ਕਰਦੇ ਭਜਨ ਪੇਸ਼ ਕੀਤੇ। ਦੇਰ ਰਾਤ ਤੱਕ ਚੱਲੀ ਭਜਨ ਸੰਧਿਆ ਨੇ ਮਾਹੌਲ ਨੂੰ ਹੋਰ ਵੀ ਭਗਤੀਮਈ ਬਣਾ ਦਿੱਤਾ। ਤੀਜੇ ਤੇ ਆਖਰੀ ਦਿਨ ਮਾਤਾ ਬਗਲਾਮੁਖੀ ਜੀ ਦਾ ਵਿਧੀਵਤ ਅਭਿਸ਼ੇਕ, ਵੇਦਿਕ ਮੰਤ ਉਚਾਰਨ ਅਤੇ ਧਾਰਮਿਕ ਰਸਮਾਂ ਨਾਲ ਸੰਪੰਨ ਕੀਤਾ ਗਿਆ। ਹਵਨ ਯੱਗ ਵਿੱਚ ਸ਼ਰਧਾਲੂਆਂ ਨੇ ਆਹੁਤੀਆਂ ਪਾ ਕੇ ਪਰਿਵਾਰ ਅਤੇ ਸਮਾਜ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ। ਅੰਤ ਲੰਗਰ ਲਾਇਆ ਗਿਆ।
ਇਸ ਮੌਕੇ ਪ੍ਰਧਾਨ ਰਾਹੁਲ ਸ਼ਰਮਾ, ਇਵੈਂਟ ਇੰਚਾਰਜ ਅੰਕੁਸ਼ ਕੁੰਡੀ, ਪੰਡਿਤ ਦੁਲੀ ਚੰਦ, ਜੁਗਲ ਕਿਸ਼ੋਰ ਵਾਸੂਦੇਵ, ਹਰੀਸ਼ ਸ਼ਰਮਾ, ਕੁਲਵੰਤ ਭਗਤ, ਦੀਪਕ ਸਹੋਤਾ, ਰਿਸ਼ਭ ਸ਼ਰਮਾ, ਹਨੀ ਭਗਤ, ਪਰਵੀਨ ਸੈਂਗਰ, ਹਰਪ੍ਰੀਤ ਸੰਧੂ, ਮਨੂ ਭਗਤ ਅਤੇ ਅਰੁਣ ਸ਼ਰਮਾ ਸਮੇਤ ਹੋਰ ਮੈਂਬਰਾਂ ਨੇ ਸਾਰੇ ਸ਼ਰਧਾਲੂਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਸਭਾ ਦੇ ਅਹੁਦੇਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਵੱਲੋਂ ਜਲਦ ਹੀ ਵੱਖ-ਵੱਖ ਥਾਵਾਂ ’ਤੇ ਮੈਡੀਕਲ ਕੈਂਪ ਲਗਾ ਕੇ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 24 ਮਈ ਨੂੰ ਭਗਵਾਨ ਪਰਸ਼ੂਰਾਮ ਜੀ ਦੇ ਜਨਮ ਸਥਾਨ ਖਾਟੀ ਧਾਮ ਲਈ ਖਾਸ ਯਾਤਰਾ ਕਰਵਾਈ ਜਾਵੇਗੀ, ਜਿਸ ਲਈ ਸ਼ਰਧਾਲੂਆਂ ਨੂੰ ਬੱਸ ਸੇਵਾ ਦੀ ਸੁਵਿਧਾ ਦਿੱਤੀ ਜਾਵੇਗੀ। ਇਸ ਮੌਕੇ ਸੁਸ਼ੀਲ ਡੋਗਰਾ, ਸੁਰਿੰਦਰ ਸ਼ਰਮਾ, ਜਗਦੀਸ਼ ਵਾਸੂਦੇਵ, ਮਨਮੀਤ ਵਿੱਕੀ, ਪਰਮਿੰਦਰ ਰਾਣਾ, ਅਮਿਤ ਭੱਲਾ, ਧਰਮਵੀਰ ਸ਼ਰਮਾ, ਹਰੀਸ਼ ਚੰਦਰ, ਮਹਿੰਦਰ ਪਾਲ ਜੱਗੀ, ਪੰਡਿਤ ਕਮਲ ਦੇਵ, ਸੁਦਾਮਾ ਭਗਤ, ਲਵਦੀਪ ਸ਼ਾਰਦਾ, ਰਾਜੀਵ ਸਿੰਗਲਾ, ਪਰਵੀਨ ਟੰਡਨ, ਰਾਜ ਕੁਮਾਰ ਪਾਲ, ਚਰਨਜੀਤ ਸ਼ੈਰੀ, ਸੰਜੀਵ ਮਹਿਤਾ, ਰਾਜ ਕੁਮਾਰ ਤਨਦੀਪ, ਸੰਜੀਵ ਗਾਂਧੀ, ਅਰੁਣ ਕੁਮਾਰ ਤੇ ਹੋਰ ਹਾਜ਼ਰ ਸਨ।