ਰਸੂਲਪੁਰ ਕਲਾਂ ਨੇੜੇ ਤੀਜੇ ਦਿਨ ਲੁੱਟ-ਖੋਹ
ਰਸੂਲਪੁਰ ਕਲਾਂ ਦੇ ਆਲੇ ਦੁਆਲੇ ਲਗਾਤਾਰ ਤੀਸਰੇ ਦਿਨ ਲੁੱਟ ਖੋਹ ਦਾ ਸਿਲਸਿਲਾ ਜਾਰੀ
Publish Date: Thu, 23 Apr 2026 10:08 PM (IST)
Updated Date: Thu, 23 Apr 2026 10:10 PM (IST)
-ਦੋ ਔਰਤਾਂ ਤੇ ਇਕ ਬਜ਼ੁਰਗ ਜੋੜੇ ਨਾਲ ਵਾਪਰੀ ਘਟਨਾ
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਇਲਾਕੇ ਅੰਦਰ ਪਿਛਲੇ ਤਿੰਨ ਚਾਰ ਦਿਨਾਂ ਤੋਂ ਲਗਾਤਾਰ ਲੁੱਟ ਦੀਆਂ ਵਾਰਦਾਤਾਂ ਦਾ ਸਿਲਸਿਲਾ ਜਾਰੀ ਹੈ। ਅੱਜ ਸਵੇਰੇ 10 ਵਜੇ ਦੇ ਕਰੀਬ ਰਸੂਲਪੁਰ ਤੋਂ ਚਿੱਟੀ ਰੋਡ ਉਪਰ ਸਕਟੂਰ ’ਤੇ ਆ ਰਹੀਆਂ ਦੋ ਔਰਤਾਂ ਵੀ ਲੁੱਟ ਦਾ ਸ਼ਿਕਾਰ ਹੋ ਗਈਆਂ। ਇਹ ਜਲੰਧਰ ਤੋਂ ਵਾਇਆ ਚਿੱਟੀ ਹੋ ਕੇ ਰਸੂਲਪੁਰ ਨੂੰ ਆ ਰਹੀਆਂ ਸਨ ਤਾਂ ਰਸੂਲਪੁਰ ਤੋਂ ਥੋੜ੍ਹਾ ਪਿੱਛੇ ਹੀ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਨ੍ਹਾਂ ਨੂੰ ਦਾਤਰ ਦੇ ਜ਼ੋਰ ’ਤੇ ਘੇਰ ਲਿਆ ਤੇ ਉਨ੍ਹਾਂ ਦੇ ਸਕੂਟਰ ਦੇ ਅੱਗੇ ਪਿਆ ਬੈਗ ਲੈ ਕੇ ਫਰਾਰ ਹੋ ਗਏ। ਬੈਗ ’ਚ ਮੋਬਾਈਲ ਕੁਝ ਨਗਦੀ ਤੇ ਜ਼ਰੂਰੀ ਕਾਗਜ਼ਾਤ ਸਨ। ਇਸ ਘਟਨਾ ਦੀ ਸੂਚਨਾ ਵੀ ਪੁਲਿਸ ਚੌਕੀ ਉੱਗੀ ਨੂੰ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵੀ ਦੋ ਵਾਰਦਾਤਾਂ ਦੀ ਸੂਚਨਾ ਪੁਲਿਸ ਚੌਕੀ ਉੱਗੀ ਨੂੰ ਕੀਤੀ ਗਈ ਸੀ ਪਰ ਪੁਲਿਸ ਵੱਲੋਂ ਕੋਈ ਵੀ ਸੁਰੱਖਿਆ ਦੇ ਕਦਮ ਨਹੀਂ ਚੁੱਕੇ ਗਏ ਅਤੇ ਨਾ ਹੀ ਪੁਲਿਸ ਦੀ ਗਸ਼ਤ ਵਧਾਈ ਗਈ ਹੈ ਤੇ ਨਾ ਹੀ ਕਿਤੇ ਕੋਈ ਨਾਕਾ ਦਿਖਾਈ ਦਿੱਤਾ ਹੈ। ਇਸੇ ਤਰ੍ਹਾਂ ਦੂਜੀ ਘਟਨਾ 3 ਵਜੇ ਦੇ ਕਰੀਬ ਨਕੋਦਰ ਮੱਲੀਆਂ ਕਲਾਂ ਮੁੱਖ ਮਾਰਗ ’ਤੇ ਅੱਡਾ ਟੁੱਟ ਕਲਾਂ ਦੇ ਨਜ਼ਦੀਕ ਪੈਟਰੋਲ ਪੰਪ ਤੋਂ ਅੱਗੇ ਇੱਕ ਬਜ਼ੁਰਗ ਜੋੜਾ ਲੁੱਟਿਆ ਗਿਆ। ਉਹ ਵੀ ਬਜ਼ੁਰਗ ਜੋੜਾ ਮੋਟਰਸਾਈਕਲ ’ਤੇ ਆ ਰਿਹਾ ਸੀ ਤਾਂ ਮੋਟਰਸਾਈਕਲ ’ਤੇ ਸਵਾਰ ਲੁਟੇਰਿਆਂ ਨੇ ਪਿੱਛੇ ਬੈਠੀ ਬਜ਼ੁਰਗ ਔਰਤ ਦੀਆਂ ਵਾਲੀਆਂ ਖਿੱਚ ਲਈਆਂ ਤੇ ਜਿਸ ਕਾਰਨ ਉਹ ਡਿੱਗ ਪਈ ਤੇ ਸੱਟਾਂ ਲੱਗੀਆਂ। ਲੁਟੇਰੇ ਮੌਕੇ ਤੋਂ ਵਾਲੀਆਂ ਖੋਹ ਕੇ ਫਰਾਰ ਹੋ ਗਏ। ਇਸ ਸਬੰਧੀ ਜਦੋਂ ਥਾਣਾ ਸਦਰ ਨਕੋਦਰ ਦੇ ਐੱਸਐੱਚਓ ਪਲਵਿੰਦਰ ਸਿੰਘ ਨਾਲ ਫੋਨ ’ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਇਨ੍ਹਾਂ ਵਾਰਦਾਤਾਂ ਦੇ ਮੱਦੇਨਜ਼ਰ ਪੁਲਿਸ ਦੀ ਪੈਟਰੋਲਿੰਗ ਪਾਰਟੀ ਨਿਯੁਕਤ ਕਰ ਦਿੱਤੀ ਗਈ ਹੈ ਤੇ ਪੁਲਿਸ ਦੀ ਗਸ਼ਤ ਵੀ ਵਧਾ ਦਿੱਤੀ ਗਈ ਹੈ। ਛੇਤੀ ਹੀ ਲੁਟੇਰਿਆਂ ਨੂੰ ਨੱਥ ਪਾਈ ਜਾਵੇਗੀ।