ਰਾਤ ਦੇ 10 ਵੱਜਣ ਤੋਂ ਬਾਅਦ ਸ਼ਹਿਰ ਦੇ ਬਹੁਤੇ ਚੌਕ ਤੇ ਫੈਕਟਰੀਆਂ ਵਾਲੇ ਇਲਾਕੇ ‘ਰੱਬ ਆਸਰੇ’ ਹੀ ਹੁੰਦੇ ਹਨ। ਲੋਕ ਲੁੱਟੇ ਪੁੱਟੇ ਜਾਂਦੇ ਹਨ ਤੇ ਫੇਰ ਕੁਝ ਦਿਨ ਖ਼ਬਰਾਂ ਲੱਗਣ ਸਦਕਾ ਪੀਸੀਆਰ ਦੀ ਗਸ਼ਤ ਸ਼ੁਰੂ ਹੋ ਜਾਂਦੀ ਹੈ, ਫੇਰ ਗਸ਼ਤ ਢਿੱਲੀ ਪੈ ਜਾਂਦੀ ਹੈ ਤੇ ਲੁਟੇਰੇ ਮੁੜ ਕੇ ਸਿਰ ਚੁੱਕ ਲੈਂਦੇ ਹਨ।

ਯਾਦਵਿੰਦਰ, ਜਲੰਧਰ : ਰਾਤ ਦੇ 10 ਵੱਜਣ ਤੋਂ ਬਾਅਦ ਸ਼ਹਿਰ ਦੇ ਬਹੁਤੇ ਚੌਕ ਤੇ ਫੈਕਟਰੀਆਂ ਵਾਲੇ ਇਲਾਕੇ ‘ਰੱਬ ਆਸਰੇ’ ਹੀ ਹੁੰਦੇ ਹਨ। ਲੋਕ ਲੁੱਟੇ ਪੁੱਟੇ ਜਾਂਦੇ ਹਨ ਤੇ ਫੇਰ ਕੁਝ ਦਿਨ ਖ਼ਬਰਾਂ ਲੱਗਣ ਸਦਕਾ ਪੀਸੀਆਰ ਦੀ ਗਸ਼ਤ ਸ਼ੁਰੂ ਹੋ ਜਾਂਦੀ ਹੈ, ਫੇਰ ਗਸ਼ਤ ਢਿੱਲੀ ਪੈ ਜਾਂਦੀ ਹੈ ਤੇ ਲੁਟੇਰੇ ਮੁੜ ਕੇ ਸਿਰ ਚੁੱਕ ਲੈਂਦੇ ਹਨ। ਕੁਝ ਦਿਨ ਪਹਿਲਾਂ ਜਲੰਧਰ ਵਿਚ ਸ਼ੁਕਲਾ ਨਾਂ ਦੇ ਮਜ਼ਦੂਰ ਨੂੰ ਸਿਰਫ਼ ਇਸ ਕਰ ਕੇ ਲੁਟੇਰਿਆਂ ਨੇ ਮਾਰ ਦਿੱਤਾ ਸੀ ਕਿਉਂਕਿ ਉਹ 300 ਰੁਪਏ ਦੀ ਬੱਚਤ ਦੇਣ ਲਈ ਤਿਆਰ ਨਹੀਂ ਹੋਇਆ ਸੀ। ਹਾਲਤ ਇਹ ਹੈ ਕਿ ਕਾਰਖ਼ਾਨਾਦਾਰ ਨਵੇਂ ਮਜ਼ਦੂਰਾਂ ਲਈ ਤਰਸ ਰਹੇ ਹਨ। ਸੂਰਤ-ਏ-ਹਾਲ ਇਹ ਹੈ ਕਿ ਜਲੰਧਰ ਫੋਕਲ ਪੁਆਇੰਟ ਐਕਸਟੈਂਸ਼ਨ ਲਾਗੇ ਸੈਂਕੜੇ ਕਾਰਖ਼ਾਨੇ ਤੇ ਅਖ਼ਬਾਰਾਂ ਦੇ ਮੁੱਖ ਦਫ਼ਤਰ ਹੋਣ ਦੇ ਬਾਵਜੂਦ ਪੀਸੀਆਰ ਤੇ ਪੁਲਿਸ ਮੁਲਾਜ਼ਮਾਂ ਦੀ ਗਸ਼ਤ ਤੇ ਸਖ਼ਤੀ ਉਸ ਪੈਮਾਨੇ ’ਤੇ ਵੇਖਣ ਨੂੁੰ ਨਹੀਂ ਮਿਲਦੀ, ਜਿੰਨੀ ਕਿ ਸਮੇਂ ਦੀ ਜ਼ਰੂਰਤ ਹੈ। ਜਿਵੇਂ ਸੋਮਾਲੀਆ ਮੁਲਕ ਵਿਚ ਲੁੱਟਾਂ ਖੋਹਾਂ ਬਾਰੇ ਸੁਣਿਆ ਜਾਂਦਾ ਸੀ, ਉਹੀ ਮਾਹੌਲ ਜਲੰਧਰ ਵਿਚ ਮਹਿਸੂਸ ਕੀਤਾ ਜਾ ਰਿਹਾ ਹੈ। ਫੋਕਲ ਪੁਆਇੰਟ ਐਕਸਟੈਂਸ਼ਨ ਦੀਆਂ ਗਲੀਆਂ ਵਿਚ ਫਿਰਦੇ ਕਿਰਤੀ-ਕਾਮੇ ਤੇ ਖ਼ਬਰਨਵੀਸ ਰਾਤ ਨੂੰ 10 ਵਜੇ ਤੋਂ ਬਾਅਦ ਦਿਨ ਚੜ੍ਹਨ ਤਕ ‘ਉੱਪਰ ਵਾਲੇ ਦੇ ਆਸਰੇ’ ਹੁੰਦੇ ਹਨ। ਰਾਹਗੀਰਾਂ ਤੇ ਦੋ ਪਹੀਆ ਚਾਲਕਾਂ ਨਾਲ ਲੁੱਟਮਾਰ ਦੀਆਂ ਅਨੇਕ ਵਾਰਦਾਤਾਂ ਵਾਪਰ ਚੁੱਕੀਆਂ ਹਨ, ਲਾਗੇ ਹੀ ਪੁਲਿਸ ਥਾਣਾ ਪੈਂਦਾ ਹੈ ਤੇ ਕਾਰਵਾਈ ਕੁਲ ਮਿਲਾ ਕੇ ਤਸੱਲੀਬਖ਼ਸ਼ ਨਹੀਂ ਹੈ।
ਹਰ ਪਾਸੇ ‘ਹਨੇਰੇ’ ਦਾ ਹੁੰਦੈ ਰਾਜ
ਫੋਕਲ ਪੁਆਇੰਟ ਤੋਂ ਮਕਸੂਦਾ ਵੱਲ ਜਾਈਏ ਤਾਂ ਸੜਕਾਂ ’ਤੇ ਸੁੰਨ-ਮਸਾਣ ਛਾਈ ਹੁੰਦੀ ਹੈ। ਫੋਕਲ ਪੁਆਇੰਟ ਤੋਂ ਪਠਾਨਕੋਟ ਚੌਕ ਵੱਲ ਜਾਣਾ ਹੋਵੇ ਤਾਂ ਸਭ ਤੋਂ ਖ਼ਤਰਨਾਕ ਥਾਂ ‘ਟਰਾਂਸਪੋਰਟ ਨਗਰ ਦਾ ਚੌਕ’ ਹੁੰਦੀ ਹੈ ਜਿੱਥੇ ਕਿ ਫਲਾਈਓਵਰਕ ਹੇਠ ਬਣੀਆਂ ਪੁਲੀਆਂ ਹੇਠਾਂ ਅਣਪਛਾਤੇ ਤੇ ਮਾੜੇ ਅਨਸਰ ਬਾਈਕ ’ਤੇ ਸਵਾਰੀ ਕਰਦੇ ਤੇ ਅਵਾਰਾਗਰਦੀ ਕਰਦੇ ਨਜ਼ਰ ਆਉਂਦੇ ਰਹਿੰਦੇ ਹਨ। ਸੂਤਰ ਦੱਸਦੇ ਹਨ ਕਿ ਇਹ ਲੁਟੇਰੇ ਤੇ ਮਾੜੇ ਅਨਸਰ ਬਾਈਪਾਸ ’ਤੇ ਸਬਜ਼ੀ ਮੰਡੀ ਲੱਗਣ ਮਗਰੋਂ ਮੰਡੀ ਵਿਚ ਲੁਕਦੇ ਹਨ। ਸੜਕਾਂ ’ਤੇ ਰਾਤ ਨੂੰ ਲੂਰ-ਲੂਰ ਫਿਰ ਕੇ ‘ਸ਼ਿਕਾਰ’ ਲੱਭ ਕੇ ਵਾਰਦਾਤ ਕਰਦੇ ਹਨ। ਇੱਕੋ ਬਾਈਕ ’ਤੇ 3 ਜਾਂ 4 ਜਣੇ ਚੜ੍ਹੇ ਹੁੰਦੇ ਹਨ। ਕੁਝ ਦਰਜਨ ਨਸ਼ੇੜੀ ਲੁਟੇਰਿਆਂ ਨੇ ਪੂਰੇ ਸ਼ਹਿਰ ਨੂੰ ਸੁੱਕਣੇ ਪਾਇਆ ਹੋਇਆ ਹੈ।
ਪੇਂਡੂ ਅਬਾਦੀਆਂ ’ਚ ਗਸ਼ਤ ਨਦਾਰਦ
ਇਵੇਂ ਹੀ ਰੇਰੂ ਪਠਾਨਕੋਟ ਚੌਕ ਤੋਂ ਬੁਲੰਦਪੁਰ, ਰਾਊਵਾਲੀ, ਪੰਜਾਬੀ ਬਾਗ, ਕਾਨ੍ਹਪੁਰ ਅਬਾਦੀ, ਰਾਏਪੁਰ ਰਸੂਲਪੁਰ, ਬੱਲਾਂ ਤੋਂ ਕਿਸ਼ਨਗੜ੍ਹ ਤਕ ਮਾੜੇ ਅਨਸਰ ਰਾਤ ਨੂੰ ਬਾਈਕ ’ਤੇ ਸਵਾਰੀ ਕਰਦੇ ਹੋਏ ਲੂਰ-ਲੂਰ ਫਿਰਦੇ ਨਜ਼ਰ ਆਉਣਗੇ। ਇੰਝ ਹੀ ਜੇ ਪਠਾਨਕੋਟ ਬਾਈਪਾਸ ਚੌਕ ਤੋਂ ਸ਼ਹਿਰ ਨੂੰ ਜਾਈਏ ਤਾਂ ਕੰਨਿਆ ਮਹਾ ਵਿਦਿਆਲਾ ਰੋਡ, ਕਿਸ਼ਨਪੁਰਾ ਚੌਕ, ਜੌੜੇ ਪੁਲ (ਦੋਮੋਰੀਆ ਪੁਲ) ਤਕ ਸੁੰਨਸਾਨ ਹੁੰਦੀ ਹੈ। ਇਵੇਂ ਹੀ ਇਕਹਿਰੀ ਪੁਲੀ, ਕੋਟ ਕਿਸ਼ਨਚੰਦ ਵਾਲੀ ਸੜਕ, ਟਾਂਡਾ ਰੋਡ ਫਾਟਕ, ਪੰਜਪੀਰ ਚੌਕ, ਸ਼ਹੀਦ ਭਗਤ ਸਿੰਘ ਚੌਕ, ਮਿਲਾਪ ਚੌਕ, ਪੀਐੱਨਬੀ ਚੌਕ, ਡਾ. ਅੰਬੇਡਕਰ ਚੌਕ ਤੋਂ ਅੱਗੇ ਜਿੱਥੇ ਮਰਜ਼ੀ ਚਲੇ ਜਾਓ, ਕਿਤੇ ਵੀ ਪੁਲਿਸ ਮੁਲਾਜ਼ਮਾਂ ਦੀ ਮੌਜੂਦਗੀ ਨਜ਼ਰ ਨਹੀਂ ਆਵੇਗੀ। ਸੂਤਰਾਂ ਮੁਤਾਬਕ ਜਦੋਂ ਕੁਝ ਦਲੇਰ ਲੋਕਾਂ ਨੇ ਲੁਟੇਰੇ ਪੈਣ ਮਗਰੋਂ ਇਨ੍ਹਾਂ ਦਾ ਮੁਕਾਬਲਾ ਕੀਤਾ, ਲੁਟੇਰਿਆਂ ਨੂੰ ਤਾਉਣੀ ਚਾੜ੍ਹੀ ਤਾਂ ਲੁਟੇਰੇ ਵੀ ਪੁਲਿਸ ਕੋਲ ਰਿਪੋਰਟ ਨਹੀਂ ਕਰਦੇ।
ਬੱਸ ਅੱਡੇ ਦੇ ਨੇੜੇ-ਤੇੜੇ ਨਹੀਂ ਹੁੰਦੀ ਗਸ਼ਤ
ਸ਼ਹਿਰ ਦੇ ਬੱਸ ਸਟੈਂਡ ਦੇ ਨਾਲ ਲੱਗਦੇ ਪੌਸ਼ ਮੁਹੱਲੇ ਵੀ ਪੁਲਿਸ ਦੀ ਪੈਟਰੋਲਿੰਗ ਜਾਂ ਨਿਗਰਾਨੀ ਤੋਂ ਸੱਖਣੇ ਹਨ। ਇਵੇਂ ਹੀ ਬੀਐੱਸਐੱਫ ਚੌਕ ਤੋਂ ਕੀਰਤੀ ਨਗਰ, ਸਹਿਗਲ ਕਾਲੋਨੀ, ਮਦਨ ਫਲੌਰ ਮਿੱਲ, ਰੇਲਵੇ ਰੋਡ ਤੋਂ ਹੇਠਾਂ ਉਤਰ ਕੇ ਨਸ਼ਿਆਂ ਦੇ ਗੜ੍ਹ ਕਾਜ਼ੀ ਮੰਡੀ, ਕਾਲੀ ਸੜਕ ਤੇ ਨਾਲ ਲੱਗਦੀਆਂ ਹੋਰ ਬਸਤੀਆਂ ਵਿਚ ਰਾਤ 10 ਵਜੇ ਤੋਂ ਬਾਅਦ ‘ਬੰਦਾ ਨਾ ਬੰਦੇ ਦੀ ਜ਼ਾਤ’ ਵਾਲੇ ਹਾਲਾਤ ਪ੍ਰਤੱਖ ਹੁੰਦੇ ਹਨ। ਫੇਰ ਵੀ, ਬਾਈਕ ’ਤੇ ਆਵਾਰਾਗਰਦੀ ਕਰਦੇ 3-3 ਜਾਂ 4-4 ਸ਼ੱਕੀ ਅਨਸਰ ਨਜ਼ਰ ਆਉਣਗੇ।
ਰੇਲਵੇ ਸਟੇਸ਼ਨ ਨੇੜੇ ਗਸ਼ਤ ਹੈ ਥੋੜ੍ਹੀ
ਸ਼ਹਿਰ ਦੀ ਤ੍ਰਾਸਦੀ ਇਹ ਹੈ ਕਿ ਰੇਲਵੇ ਸਟੇਸ਼ਨ ’ਤੇ ਰੇਲਵੇ ਰੋਡ ਤੋਂ ਮੁਹੱਲਾ ਗੋਬਿੰਦਗੜ੍ਹ ਤੇ ਹੋਰ ਨੇੜੇ ਪੈਂਦੀਆਂ ਸੜਕਾਂ ’ਤੇ ਰਾਤ ਨੂੁੰ ਲੱਗਣ ਵਾਲੀਆਂ ਰੇਹੜੀਆਂ ਹੁਣ ਮੁਸਾਫ਼ਰਾਂ ਲਈ ਘੱਟ ਤੇ ਆਵਾਰਾਗਰਦ ਬਾਈਕ ਸਵਾਰ ਸ਼ੱਕੀ ਅਨਸਰਾਂ ਦੀ ਠਾਹਰ ਵੱਧ ਬਣ ਰਹੀਆਂ ਹਨ। ਰਾਤ ਨੂੰ ਰੇਲਵੇ ਸਟੇਸ਼ਨ ਤੋਂ 40 ਕੁਆਰਟਰ, ਰੇਲਵੇ ਕਾਲੋਨੀ, ਕਿਰਤੀ ਨਗਰ, ਸੰਤ ਨਗਰ ਵਗੈਰਾ ਅਬਾਦੀਆਂ ਵੱਲ ਨਿਹੱਥੇ ਜਾਂ ਪੈਦਲ ਤੁਰ ਕੇ ਜਾਣਾ ਆਪਣੀ ਜਾਨ ਨੂੰ ਖ਼ਤਰੇ ਵਿਚ ਪਾਉਣ ਦੇ ਤੁੱਲ ਹੈ। ਨਸ਼ੇੜੀ ਲੁਟੇਰੇ ਗਿਰੋਹਾਂ ਨੇ ਰਾਤ 10 ਵਜੇ ਤੋਂ ਬਾਅਦ ਦਿਨ ਦਾ ਪਹੁ-ਫੁਟਾਲਾ ਹੋਣ ਤਕ ਜ਼ਿੰਦਗੀ ਜਾਮ ਕੀਤੀ ਹੋਈ ਹੈ। ਜਲੰਧਰ ਸ਼ਹਿਰ ਵਿਚ ਰਾਤ ਦੀ ਸ਼ਿਫਟ ਵਿਚ ਕੰਮ ਕਰਨ ਵਾਲੇ ਕਾਰਖ਼ਾਨਾ ਕਿਰਤੀ ਤੇ ਮੀਡੀਆ ਹਾਊਸਾਂ ਦੇ ਮੁਲਾਜ਼ਮ, ਖੋਜੀ ਪੱਤਰਕਾਰ, ਨੌਕਰੀ ਲਈ ਅੱਪਡਾਊਨ ਕਰਨ ਵਾਲੇ ਰੇਲਵੇ ਮੁਸਾਫ਼ਰ ਤ੍ਰਾਹ ਤ੍ਰਾਹ ਕਰਦੇ ਪਏ ਹਨ। ਜਲੰਧਰ ਜਿਸ ਨੂੁੰ ‘ਮੀਡੀਆ ਦਾ ਗੜ੍ਹ’ ਮੰਨਿਆ ਜਾਂਦਾ ਹੈ ਹੁਣ ‘ਲੁਟੇਰੇ ਗਿਰੋਹਾਂ ਦਾ ਗੜ੍ਹ’ ਬਣਦਾ ਜਾ ਰਿਹਾ ਹੈ। ਦੱਸਣਯੋਗ ਹੈ ਇਸ ਸਬੰਧ ਵਿਚ ਪੁਲਿਸ ਕਮਿਸ਼ਨਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਫੋਨ ’ਤੇ ਰਾਬਤਾ ਨਹੀਂ ਹੋ ਸਕਿਆ।