ਲੇਬਨਾਨ ’ਚ ਸੰਯੁਕਤ ਰਾਸ਼ਟਰ ਮਿਸ਼ਨ ’ਤੇ ਹਮਲਾ, ਫ੍ਰਾਂਸਿਸੀ ਸੈਨਿਕ ਦੀ ਮੌਤ
ਮੈਕ੍ਰੋਂ ਨੇ ਹਿਜ਼ਬੁੱਲਾ ਨੂੰ
Publish Date: Sun, 19 Apr 2026 12:36 AM (IST)
Updated Date: Sun, 19 Apr 2026 12:39 AM (IST)

ਮੈਕ੍ਰੋਂ ਨੇ ਹਿਜ਼ਬੁੱਲਾ ਨੂੰ ਠਹਿਰਆਇਆ ਜ਼ਿੰਮੇਵਾਰ, ਅੱਤਵਾਦੀ ਸੰਗਠਨ ਨੇ ਦੋਸ਼ਾਂ ਨੂੰ ਨਕਾਰਿਆ ਪੈਰਿਸ (ਰਾਇਟਰ) : ਦੱਖਣੀ ਲੇਬਨਾਨ ’ਚ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨ ’ਤੇ ਹੋਏ ਹਮਲੇ ’ਚ ਇਕ ਫ੍ਰਾਂਸਿਸੀ ਸੈਨਿਕ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਫ੍ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਨੇ ਸ਼ਨੀਵਾਰ ਨੂੰ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਸ਼ੁਰੂਆਤੀ ਸਬੂਤ ਈਰਾਨ ਦਾ ਸਮਰਥਨ ਹਾਸਲ ਸੰਗਠਨ ਹਿਜ਼ਬੁੱਲਾ ਦੀ ਸ਼ਮੂਲੀਅਤ ਵੱਲ ਇਸ਼ਾਰਾ ਕਰਦੇ ਹਨ। ਹਾਲਾਂਕਿ ਹਿਜ਼ਬੁੱਲਾ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਘਟਨਾ ’ਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਹੈ। ਉੱਧਰ ਲੇਬਨਾਨ ਨੇ ਮਾਮਲੇ ਦੀ ਜਾਂਚ ਦੀ ਗੱਲ ਕਹੀ ਹੈ। ਮੈਕ੍ਰੋਂ ਨੇ ਇਕ ਜਾਰੀ ਬਿਆਨ ’ਚ ਕਿਹਾ ਕਿ ਜ਼ਖ਼ਮੀਆਂ ਨੂੰ ਸੁਰੱਖਿਅਤ ਸਥਾਨਾਂ ’ਤੇ ਪਹੁੰਚਾ ਦਿੱਤਾ ਗਿਆ ਹੈ ਤੇ ਲੇਬਨਾਨ ਸਰਕਾਰ ਨੂੰ ਇਸ ਹਮਲੇ ਦੇ ਜ਼ਿੰਮੇਵਾਰ ਲੋਕਾਂ ਦੇ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਨੇ ਇਸ ਨੂੰ ਸ਼ਾਂਤੀ ਮਿਸ਼ਨ ’ਤੇ ਗੰਭੀਰ ਹਮਲਾ ਦੱਸਦੇ ਹੋਏ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਕਰਾਰ ਦਿੱਤਾ। ਉੱਧਰ ਲੇਬਨਾਨ ਦੇ ਵਿਦੇਸ਼ ਮੰਤਰਾਲਾ ਨੇ ਹਮਲੇ ਦੀ ਸਖ਼ਤ ਨਿੰਦਾ ਕਰਦੇ ਹੋਏ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ’ਚ ਲਿਆਉਣ ਦਾ ਭਰੋਸਾ ਦਿੱਤਾ ਹੈ। ਮੰਤਰਾਲਾ ਨੇ ਕਿਹਾ ਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੌਰਾਨ ਇਜ਼ਰਾਇਲੀ ਫੌਜ ਨੇ ਵੀ ਦੱਖਣੀ ਲੇਬਨਾਨ ’ਚ ਹਵਾਈ ਕਾਰਵਾਈ ਦੀ ਪੁਸ਼ਟੀ ਕੀਤੀ ਹੈ•। ਇਜ਼ਰਾਈਲ ਡਿਫੈਂਸ ਫੋਰਸ ਅਨੁਸਾਰ ਉਸ ਦੀ ਹਵਾਈ ਫੌਜ ਨੇ ਇਕ ਅੱਤਵਾਦੀ ਸੈੱਲ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸ ਨੂੰ ਖ਼ਤਮ ਕਰ ਦਿੱਤਾ, ਜੋ ਸਰਹੱਦ ਕੋਲ ਉਸ ਦੇ ਫੌਜੀਆਂ ਲਈ ਖ਼ਤਰਾ ਬਣ ਰਿਹਾ ਸੀ। ਫੌਜ ਦਾ ਕਹਿਣਾ ਹੈ ਕਿ ਇਹ ਕਾਰਵਾਈ ਜੰਗਬੰਦੀ ਦੇ ਬਾਵਜੂਦ ਸੰਭਾਵੀ ਹਮਲਿਆਂ ਨੂੰ ਰੋਕਨ ਲਈ ਕੀਤੀ ਗਈ।