ਬਾਰ ਐਸੋਸੀਏਸ਼ਨ ਦੀਆਂ ਚੋਣਾਂ ਨੂੰ ਲੈ ਕੇ ਵਕੀਲਾਂ ਨੇ ਕਸੀਆਂ ਤਿਆਰੀਆਂ

-ਚੋਣਾਂ ਦੀ ਤਰੀਕ ਤੈਅ ਨਾ ਹੋਣ ਦੇ ਬਾਵਜੂਦ ਸੋਸ਼ਲ ਸਾਈਟਾਂ 'ਤੇ ਸ਼ੁਰੂ ਕੀਤਾ ਪ੍ਰਚਾਰ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਹਰ ਸਾਲ ਮਾਰਚ ਅਪ੍ਰੈਲ 'ਚ ਹੋਣ ਵਾਲੀਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਜੋ ਕਿ ਇਸ ਵਾਰ ਦੇਰੀ ਨਾਲ ਹੋਣ ਦੀ ਉਮੀਦ ਹੈ ਤੇ ਇਸ ਸਬੰਧੀ ਅਜੇ ਕੋਈ ਵੀ ਤਰੀਕ ਵੀ ਜਾਰੀ ਨਹੀਂ ਹੋਈ ਹੈ ਤੇ ਇਸ ਦੇ ਬਾਵਜੂਦ ਇਨ੍ਹਾਂ ਚੋਣਾਂ 'ਚ ਖੜ੍ਹੇ ਹੋਣ ਦੇ ਚਾਹਵਾਨ ਵਕੀਲ ਉਮੀਦਵਾਰਾਂ ਵਲੋਂ ਤਿਆਰੀਆਂ ਕਸ ਲਈਆਂ ਗਈਆਂ ਹਨ ਤੇ ਸੋਸ਼ਲ ਸਾਈਟਾਂ 'ਤੇ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਪ੍ਰਧਾਨ ਦੇ ਅਹੁਦੇ ਲਈ ਖੜ੍ਹੇ ਹੋਣ ਵਾਲੇ ਉਮੀਦਵਾਰ ਰਤਨ ਦੂਆ ਨੇ ਸਭ ਤੋਂ ਪਹਿਲਾਂ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਤੇ ਉਹ ਸੋਸ਼ਲ ਸਾਈਟਾਂ 'ਤੇ ਰੱਜ ਕੇ ਆਪਣੇ ਵਕੀਲ ਸਾਥੀਆਂ ਦਾ ਸਮਰਥਨ ਹਾਸਲ ਕਰ ਰਹੇ ਹਨ। ਦੂਜੇ ਪਾਸੇ ਵਕੀਲਾਂ ਦਾ ਕਹਿਣਾ ਹੈ ਕਿ ਅਜੇ ਪਹਿਲਾਂ ਬਾਰ ਕੌਂਸਲ ਲਈ ਪਈਆਂ ਵੋਟਾਂ ਦੇ ਨਤੀਜੇ ਆਉਣਗੇ ਤੇ ਬਾਅਦ 'ਚ ਇਸ ਸਬੰਧੀ ਤਰੀਕ ਦਾ ਐਲਾਨ ਕੀਤਾ ਜਾਵੇਗਾ ਤੇ ਅਜੇ ਤੱਕ ਬਾਰ ਕੌਂਸਲ ਦੀਆਂ ਪਈਆਂ ਵੋਟਾਂ ਦੇ ਨਤੀਜੇ ਨਹੀਂ ਆਏ ਹਨ ਤੇ ਇਸ ਸਬੰਧੀ ਗਿਣਤੀ ਚੱਲ ਰਹੀ ਹੈ ਤੇ ਇਸ ਦੇ ਨਤੀਜੇ ਅਪ੍ਰੈਲ ਅਖੀਰ ਤੱਕ ਆ ਜਾਣ ਦੀ ਉਮੀਦ ਹੈ। ਇਸ ਸਬੰਧੀ ਬਾਰ ਦੇ ਪ੍ਰਧਾਨ ਰਾਮ ਛਾਬੜਾ ਅਤੇ ਸਾਬਕਾ ਪ੍ਰਧਾਨ ਰਾਜ ਕੁਮਾਰ ਭੱਲਾ ਦਾ ਕਹਿਣਾ ਹੈ ਕਿ ਅਜੇ ਬਾਰ ਦੀਆਂ ਚੋਣਾਂ ਨੂੰ ਲੈ ਕੇ ਕੋਈ ਤਰੀਕ ਤੈਅ ਨਹੀਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਇਕ ਵਾਰ ਪੱਤਰ ਜਾਰੀ ਹੋਇਆ ਸੀ, ਜਿਸ 'ਚ 15 ਮਈ ਦੀ ਤਰੀਕ ਸੀ ਪਰ ਬਾਅਦ 'ਚ ਸਾਰੇ ਵਕੀਲ ਬਾਰ ਕੌਂਸਲ ਦੀਆਂ ਚੋਣਾਂ 'ਚ ਰੁਝ ਗਏ ਤੇ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਇਸ ਕਰ ਕੇ ਅੱਗੇ ਪਾ ਦਿੱਤੀਆਂ ਪਰ ਇਸ ਸਬੰਧੀ ਕੋਈ ਵੀ ਤਰੀਕ ਜਾਰੀ ਨਹੀਂ ਕੀਤੀ ਗਈ ਤੇ ਅਜੇ ਤੱਕ ਵੀ ਸਿਰਫ ਉਮੀਦ ਹੀ ਹੈ ਕਿ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਜੁਲਾਈ ਮਹੀਨੇ ਹੋ ਸਕਦੀਆਂ ਹਨ ਪਰ ਇਸ ਤੋਂ ਇਲਾਵਾ ਇਹ ਵੀ ਚਰਚਾ ਹੈ ਕਿ ਜੁਲਾਈ 'ਚ ਮੌਸਮ ਕਾਫੀ ਗਰਮ ਹੁੰਦਾ ਹੈ ਤੇ ਹੋ ਸਕਦਾ ਹੈ ਕਿ ਜੁਲਾਈ ਤੋਂ ਇਨ੍ਹਾਂ ਚੋਣਾਂ ਨੂੰ ਅਗਸਤ ਮਹੀਨੇ ਕਰ ਦਿੱਤਾ ਜਾਵੇ ਪਰ ਇਹ ਸਿਰਫ ਚਰਚਾਵਾਂ ਤੱਕ ਹੀ ਸਿਮਤ ਹੈ। ਇਸ ਮਗਰੋਂ ਵੀ ਕੁੱਝ ਵਕੀਲ ਮੈਂਬਰਾਂ ਜੋ ਇਨ੍ਹਾਂ ਚੋਣਾਂ ਨੂੰ ਲੜਣ ਦੇ ਚਾਹਵਾਨ ਹਨ, ਉਨ੍ਹਾਂ ਵੱਲੋਂ ਆਪਣੇ ਅਹੁਦੇ 'ਤੇ ਖੜ੍ਹੇ ਹੋਣ ਬਾਰੇ ਦੱਸ ਕੇ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਤੇ ਪੋਸਟਰ ਵੀ ਲਾ ਦਿੱਤੇ ਗਏ ਹਨ ਤੇ ਸੋਸ਼ਲ ਸਾਈਟਾਂ 'ਤੇ ਵੀ ਖੂਬ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕੁੱਝ ਵਕੀਲਾਂ ਨੇ ਡੋਰ ਟੂ ਡੋਰ ਪ੍ਰਚਾਰ ਵੀ ਆਰੰਭ ਕਰ ਦਿੱਤਾ ਹੈ ਤੇ ਵਕੀਲਾਂ ਦੇ ਚੈਂਬਰਾਂ 'ਚ ਜਾ ਕੇ ਤਾਲਮੇਲ ਕਰ ਰਹੇ ਹਨ ਤੇ ਸਮਰਥਨ ਦੀ ਮੰਗ ਕਰ ਰਹੇ ਹਨ। ਖੈਰ ਇਹ ਚੋਣਾਂ ਕਦੋਂ ਹੁੰਦੀਆਂ ਹਨ ਉਮੀਦ ਹੈ ਕਿ ਬਾਰ ਕੌਂਸਲ ਦੇ ਨਤੀਜਿਆਂ ਤੋਂ ਬਾਅਦ ਇਸ ਦਾ ਵੀ ਛੇਤੀ ਹੀ ਪਤਾ ਲੱਗ ਜਾਵੇਗਾ।