ਵਕੀਲਾਂ ਨੇ ਰੱਖਿਆ ‘ਨੋ ਵਰਕ ਡੇਅ’
ਵਕੀਲਾਂ ਨੇ ‘ਨੋ ਵਰਕ ਡੇਅ’ ਦੌਰਾਨ ਅੱਜ ਵੀ ਕੰਮਕਾਜ ਰੱਖਿਆ ਠੱਪ
Publish Date: Fri, 01 May 2026 07:35 PM (IST)
Updated Date: Fri, 01 May 2026 07:38 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਵਕੀਲ ਮਨੀ ਮਹਾਜਨ ਵੱਲੋਂ ਸੈਂਟਰਲ ਟਾਊਨ ਵਿਖੇ ਕੀਤੀ ਜਾ ਰਹੀ ਇਕ ਉਸਾਰੀ ਨੂੰ ਲੈ ਕੇ ਉਨ੍ਹਾਂ ਖ਼ਿਲਾਫ਼ ਇਲਾਕੇ ਦੇ ਕੁੱਝ ਲੋਕਾਂ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਵਿਰੋਧ ’ਚ ਅੱਜ ਦੂਜੇ ਦਿਨ ਵੀ ਕੰਮਕਾਜ ਠੱਪ ਰੱਖਿਆ ਤੇ ਕੋਈ ਵੀ ਵਕੀਲ ਅਦਾਲਤਾਂ ’ਚ ਨਹੀਂ ਗਿਆ। ਕਾਰਜਕਾਰੀ ਪ੍ਰਧਾਨ ਰਾਮ ਛਾਬੜਾ, ਸਕੱਤਰ ਰੋਹਿਤ ਗੰਭੀਰ, ਸਾਬਕਾ ਪ੍ਰਧਾਨ ਰਾਜ ਕੁਮਾਰ ਭੱਲਾ ਨੇ ਦੱਸਿਆ ਕਿ ਇਸ ਸਬੰਧੀ ਸਬੰਧਤ ਥਾਣੇ ਵੀ ਸ਼ਿਕਾਇਤ ਦਿੱਤੀ ਗਈ ਹੈ ਪਰ ਇਸ ਦੇ ਬਾਅਦ ਵੀ ਪੁਲਿਸ ਉਨ੍ਹਾਂ ਲੋਕਾਂ ਜਿਨ੍ਹਾਂ ਨੇ ਵਕੀਲ ਮਨੀ ਮਹਾਜਨ ਨਾਲ ਧੱਕੇਸ਼ਾਹੀ ਕੀਤੀ ਤੇ ਉਨ੍ਹਾਂ ਨਾਲ ਗਾਲੀ ਗਲੋਚ ਕੀਤਾ, ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕਰ ਰਹੀ ਹੈ। ਇਸ ਕਰਕੇ ਸਾਰੇ ਵਕੀਲਾਂ ’ਚ ਕਾਫੀ ਰੋਸ ਹੈ। ਵਕੀਲਾਂ ਦੇ ਕਹਿਣਾ ਹੈ ਕਿ ਜੇਕਰ ਇਸ ਤੋਂ ਬਾਅਦ ਵੀ ਪੁਲਿਸ ਨੇ ਉਨ੍ਹਾਂ ਲੋਕਾਂ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਧਰਨੇ ਪ੍ਰਦਰਸ਼ਨਾਂ ਨੂੰ ਮਜਬੂਰ ਹੋਣਗੇ ਤੇ ਇਸ ਦੀ ਜ਼ਿੰਮੇਵਾਰੀ ਜਲੰਧਰ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਹੋਰ ਵਕੀਲਾਂ ’ਚ ਬਲਵਿੰਦਰ ਸਿੰਘ ਲੱਕੀ, ਅਮਰਿੰਦਰ ਸਿੰਘ ਥਿੰਦ, ਰਤਨ ਦੂਆ, ਵਿਨੇ ਸ਼ਰਮਾ, ਰਾਕੇਸ਼ ਧੀਰ, ਬਰਜੇਸ਼ ਸ਼ਰਮਾ, ਗੁਰਮੇਲ ਸਿੰਘ ਲਿੱਧੜ, ਸਾਹਿਲ ਮਲਹੋਤਰਾ ਸਮੇਤ ਵੱਡੀ ਗਿਣਤੀ ’ਚ ਵਕੀਲ ਮੈਂਬਰ ਮੌਜੂਦ ਸਨ।