ਜਾਇਦਾਦ ਦੇ ਦਸਤਾਵੇਜ਼ਾਂ ਨੂੰ ਲੈ ਕੇ ਹੋਇਆ ਵਿਵਾਦ ਵਕੀਲ ਨੇ ਹਮਲਾ ਕਰਨ ਅਤੇ ਧਮਕੀਆਂ ਦੇਣ ਦਾ ਲਗਾਇਆ ਦੋਸ਼

-ਦੋਵਾਂ ਧਿਰਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ
ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ : ਜਾਇਦਾਦ ਦੇ ਦਸਤਾਵੇਜ਼ ਨੂੰ ਲੈ ਕੇ ਹੋਏ ਵਿਵਾਦ ਅਤੇ ਇਸ ਦੌਰਾਨ ਵਕੀਲ ਤੇ ਹਮਲਾ ਅਤੇ ਧਮਕੀਆਂ ਦੇਣ ਦੇ ਦੋਸ਼ ਨੂੰ ਲੈ ਕੇ ਬਾਰ ਐਸੋਸੀਏਸ਼ਨ ਨੇ ਬਾਰਾਦਰੀ ਪੁਲਿਸ ਸਟੇਸ਼ਨ ’ਚ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਵਿੱਚ ਮੰਗ ਕੀਤੀ ਗਈ ਹੈ ਕਿ ਤਹਿਸੀਲਦਾਰ ਦੇ ਦਫ਼ਤਰ ਦੇ ਬਾਹਰ ਜਾਇਦਾਦ ਦੇ ਦਸਤਾਵੇਜ਼ਾਂ ਅਤੇ ਰਜਿਸਟਰੀ ਨਾਲ ਸਬੰਧਤ ਕੰਮ ਨੂੰ ਲੈ ਕੇ ਉਨ੍ਹਾਂ ਦੇ ਇਕ ਵਕੀਲ 'ਤੇ ਕਥਿਤ ਹਮਲਾ ਅਤੇ ਧਮਕੀ ਦੇਣ ਵਾਲੀ ਘਟਨਾ ਹੋਈ ਤੇ ਇਸ ਮਾਮਲੇ ਚ ਧਮਕੀਆਂ ਦੇਣ ਵਾਲੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਪੀੜਤ ਐਡਵੋਕੇਟ ਰਵਿੰਦਰ ਮਨੂਜਾ ਨੇ ਦੋਸ਼ ਲਗਾਇਆ ਹੈ ਕਿ ਜਦੋਂ ਉਹ ਤਹਿਸੀਲ ਕੰਪਲੈਕਸ ਵਿੱਚ ਆਪਣੇ ਦਸਤਾਵੇਜ਼ ਤਿਆਰ ਕਰਨ ਅਤੇ ਰਜਿਸਟਰੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਪੁੱਜਾ ਤਾਂ ਮੌਕੇ 'ਤੇ ਮੌਜੂਦ ਇਕ ਠੇਕੇਦਾਰ ਜਿਸ ਨੇ ਆਪਣੀ ਪਛਾਣ ਫੋਟੋਗ੍ਰਾਫੀ ਠੇਕੇਦਾਰ ਵਜੋਂ ਕੀਤੀ ਨੇ ,ਉਸ ਨਾਲ ਬਦਸਲੂਕੀ ਕੀਤੀ, ਉਸ ਨੂੰ ਧੱਕਾ ਤੇ ਥੱਪੜ ਵੀ ਮਾਰਿਆ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਅੱਜ ਤਕਰੀਬਨ 12:00 ਵਜੇ ਆਪਣੇ ਜਾਇਦਾਦ ਦੇ ਦਸਤਾਵੇਜ਼ ਅਤੇ ਮੈਮੋਰੰਡਮ ਆਫ਼ ਡਿਪਾਜ਼ਿਟ ਆਫ਼ ਟਾਈਟਲ ਡੀਡਜ਼ ਨਾਲ ਸਬੰਧਤ ਕਾਗਜ਼ਾਤ ਤਿਆਰ ਕਰਨ ਲਈ ਕੰਪਲੈਕਸ ਗਿਆ ਸੀ। ਉੱਥੇ ਪਹਿਲਾਂ ਤੋਂ ਮੌਜੂਦ ਕੁਝ ਵਿਅਕਤੀਆਂ ਨੇ ਉਸ ਤੋਂ ਵੱਖ-ਵੱਖ ਦਸਤਾਵੇਜ਼ ਅਤੇ ਫੋਟੋਆਂ ਦੀ ਮੰਗ ਕੀਤੀ ਅਤੇ ਬਾਅਦ ਵਿੱਚ ਇਹ ਸੇਵਾਵਾਂ ਪ੍ਰਦਾਨ ਕਰਨ ਦੇ ਬਹਾਨੇ ਪੈਸਿਆਂ ਦੀ ਮੰਗ ਕੀਤੀ। ਜਦੋਂ ਉਸ ਨੇ ਪੈਸੇ ਦੇਣ ਜਾਂ ਫੋਟੋਆਂ ਖਿੱਚਣ ਤੋਂ ਇਨਕਾਰ ਕਰ ਦਿੱਤਾ, ਤਾਂ ਉਪਰੋਕਤ ਠੇਕੇਦਾਰ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਉਸ ਦੇ ਇਤਰਾਜ਼ 'ਤੇ ਠੇਕੇਦਾਰ ਨੇ ਉਸ ’ਤੇ ਹਮਲਾ ਕੀਤਾ। ਸ਼ਿਕਾਇਤ ਵਿੱਚ ਅੱਗੇ ਦੋਸ਼ ਲਾਇਆ ਗਿਆ ਹੈ ਕਿ ਮੁਲਜ਼ਮਾਂ ਨੇ ਉਸ ਨੂੰ ਧਮਕੀਆਂ ਦਿੱਤੀਆਂ ਤੇ ਭਵਿੱਖ ਵਿੱਚ ਗੰਭੀਰ ਨਤੀਜਿਆਂ ਦੀ ਚਿਤਾਵਨੀ ਦਿੱਤੀ।
ਪੀੜਤ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਉਸ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ। ਇਸ ਦੌਰਾਨ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਆਦਿਤਿਆ ਜੈਨ ਅਤੇ ਹੋਰ ਵਕੀਲ ਵੀ ਮੌਕੇ 'ਤੇ ਪੁੱਜੇ। ਪ੍ਰਧਾਨ ਆਦਿਤਿਆ ਜੈਨ ਨੇ ਪੁਲਿਸ ਤੋਂ ਮੁਲਜ਼ਮਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ ਤਹਿਸੀਲ ਕੰਪਲੈਕਸ ਦੇ ਉਕਤ ਫੋਟੋਗ੍ਰਾਫਰ ਨੇ ਵਕੀਲ ’ਤੇ ਬਦਸਲੂਕੀ ਤੇ ਜਾਤੀ-ਅਧਾਰਤ ਅਪਮਾਨਜਨਕ ਟਿੱਪਣੀਆਂ ਦੇ ਜਵਾਬੀ ਦੋਸ਼ ਲਗਾਉਂਦੇ ਹੋਏ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਆਪਣੀ ਸ਼ਿਕਾਇਤ ਵਿਚ ਰਾਮ ਲੁਭਾਇਆ ਨੇ ਕਿਹਾ ਕਿ ਉਹ ਸਾਲ 2026-27 ਲਈ ਡੀਏਸੀ ਵਿਖੇ ਪੋਲੋਰਾਇਡ ਫੋਟੋਗ੍ਰਾਫੀ ਲਈ ਟੈਂਡਰ ਧਾਰਕ ਹੈ ਤੇ ਸਬ-ਰਜਿਸਟਰਾਰ ਦਫ਼ਤਰ ਵਿੱਚ ਰਜਿਸਟਰਡ ਦਸਤਾਵੇਜ਼ਾਂ ਦੀ ਫੋਟੋ ਖਿੱਚਣ ਦਾ ਕੰਮ ਕਰਦਾ ਹੈ।
ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਅੱਜ ਐਡਵੋਕੇਟ ਰਵਿੰਦਰ ਮਨੂਜਾ ਆਪਣੇ ਮੁਵੱਕਲ ਵੱਲੋਂ ਦਸਤਾਵੇਜ਼ ਰਜਿਸਟਰ ਕਰਨ ਲਈ ਸਬ-ਰਜਿਸਟਰਾਰ ਦੇ ਦਫ਼ਤਰ ਪਹੁੰਚੇ। ਦਸਤਾਵੇਜ਼ਾਂ ਦੀ ਫੋਟੋਗ੍ਰਾਫੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਸਥਾਪਿਤ ਨਿਯਮਾਂ ਅਨੁਸਾਰ 200 ਦੀ ਫੀਸ ਅਦਾ ਕਰਨ ਲਈ ਕਿਹਾ ਗਿਆ। ਐਡਵੋਕੇਟ ਰਵਿੰਦਰ ਮਨੂਜਾ ਨੇ ਫੀਸ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਅੱਗਿਓਂ ਧਮਕੀ ਦਿੱਤੀ। ਸ਼ਿਕਾਇਤਕਰਤਾ ਨੇ ਕਿਹਾ ਕਿ ਜਦੋਂ ਉਸ ਨੇ ਨਿਮਰਤਾ ਨਾਲ ਭੁਗਤਾਨ ਦੀ ਬੇਨਤੀ ਦੁਹਰਾਈ ਤਾਂ ਵਕੀਲ ਨੇ ਉਸ ਨੂੰ ਗਾਲ੍ਹਾਂ ਕੱਢੀਆਂ ਤੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਦੇ ਹੋਏ ਜਾਤੀ ਅਧਾਰਿਤ ਟਿੱਪਣੀ ਕੀਤੀ। ਸ਼ਿਕਾਇਤਕਰਤਾ ਨੇ ਪੁਲਿਸ ਨੂੰ ਮਾਮਲੇ ਦੀ ਨਿਰਪੱਖ ਜਾਂਚ ਕਰਨ ਤੇ ਮੁਲਜ਼ਮ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਦੀ ਬੇਨਤੀ ਕੀਤੀ ਹੈ। ਫਿਲਹਾਲ ਪੁਲਿਸ ਦਰਜ ਸ਼ਿਕਾਇਤ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।