ਥਾਣਿਆਂ ’ਚ ਜ਼ਬਤ ਵਾਹਨ ਛੁਡਵਾਉਣ ਲਈ ਆਖਰੀ ਤਿੰਨ ਦਿਨ, ਬਾਅਦ ’ਚ ਨਹੀਂ ਹੋਵੇਗੀ ਸੁਣਵਾਈ
ਥਾਣਿਆਂ ’ਚ ਜ਼ਬਤ ਵਾਹਨ ਛੁਡਵਾਉਣ ਲਈ ਆਖਰੀ ਤਿੰਨ ਦਿਨ, ਬਾਅਦ ’ਚ ਨਹੀਂ ਹੋਵੇਗੀ ਸੁਣਵਾਈ
Publish Date: Wed, 20 May 2026 11:30 PM (IST)
Updated Date: Wed, 20 May 2026 11:34 PM (IST)
-ਪੁਲਿਸ ਕਮਿਸ਼ਨਰੇਟ ਨੇ ਕੀਤੀ ਅਪੀਲ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕਮਿਸ਼ਨਰੇਟ ਪੁਲਿਸ ਨੇ ਅਪੀਲ ਕਰਦਿਆਂ ਕਿਹਾ ਹੈ ਕਿ ਯਾਰਡ ’ਚ ਖੜ੍ਹੇ ਵਾਹਨਾਂ ਨੂੰ ਲੋਕ ਤਿੰਨ ਦਿਨਾਂ ’ਚ ਰਿਲੀਜ਼ ਕਰਵਾ ਲੈਣ ਨਹੀਂ ਤਾਂ ਉਨ੍ਹਾਂ ਨੂੰ ਡਿਸਪੋਜ਼ ਆਫ ਕਰ ਦਿੱਤਾ ਜਾਵੇਗਾ। ਤਿੰਨ ਦਿਨਾਂ ਤੋਂ ਬਾਅਦ ਵਾਹਨ ’ਤੇ ਦਾਅਵਾ ਕਰਨ ਵਾਲਿਆਂ ਨੂੰ ਮੰਨਿਆ ਨਹੀਂ ਜਾਵੇਗਾ, ਭਾਵੇਂ ਉਹ ਕੋਈ ਵੀ ਦਸਤਾਵੇਜ਼ ਪੇਸ਼ ਕਰਨ, ਉਹ ਪ੍ਰਵਾਨਯੋਗ ਨਹੀਂ ਹੋਣਗੇ। ਟ੍ਰੈਫਿਕ ਪੁਲਿਸ ਨੇ ਕਿਹਾ ਕਿ ਇਸ ਦੀ ਤਿਆਰੀ ਕੀਤੀ ਜਾ ਚੁੱਕੀ ਹੈ। ਅਰਜ਼ੀਕਾਰ ਪੁਲਿਸ ਲਾਈਨ ਸਥਿਤ ਐਮਰਜੈਂਸੀ ਰਿਸਪਾਂਸ ਸਿਸਟਮ ਕਮਿਸ਼ਨਰੇਟ ਦੀ ਖਿੜਕੀ ਨੰਬਰ ਪੰਜ ’ਤੇ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾ ਸਕਦੇ ਹਨ। ਥਾਣਿਆਂ ਦੇ ਬਾਹਰ ਵੱਧ ਰਹੀ ਵਾਹਨਾਂ ਦੀ ਗਿਣਤੀ ਮੁਸ਼ਕਲ ਬਣੀ ਹੋਈ ਹੈ।
ਇਸ ਸਮੱਸਿਆ ਨਾਲ ਨਜਿੱਠਣ ਲਈ ਕਮਿਸ਼ਨਰੇਟ ਪੁਲਿਸ ਨੇ ਥਾਣਿਆਂ ’ਚ ਬੰਦ ਵਾਹਨਾਂ ਨੂੰ ਰਿਲੀਜ਼ ਕਰਵਾਉਣ ਲਈ ਤਿੰਨ ਦਿਨਾਂ ਦੀ ਸਮਾਂ ਹੱਦ ਤੈਅ ਕਰ ਦਿੱਤੀ ਹੈ। ਜੇ ਵਾਹਨ ਰਿਲੀਜ਼ ਨਾ ਕਰਵਾਏ ਗਏ ਤਾਂ ਉਨ੍ਹਾਂ ਦੀ ਨਿਲਾਮੀ ਕਰ ਦਿੱਤੀ ਜਾਵੇਗੀ ਤੇ ਕਬਾੜ ਹੋ ਚੁੱਕੇ ਵਾਹਨਾਂ ਨੂੰ ਡਿਸਪੋਜ਼ ਆਫ ਕਰ ਦਿੱਤਾ ਜਾਵੇਗਾ। ਕਈ ਅਪਰਾਧਿਕ ਮਾਮਲਿਆਂ ਅਤੇ ਮੋਟਰ ਵਹੀਕਲ ਐਕਟ ਅਧੀਨ ਵਾਹਨ ਪੁਲਿਸ ਦੇ ਕਬਜ਼ੇ ’ਚ ਹਨ। ਇਸ ਤੋਂ ਪਹਿਲਾਂ ਵੀ ਕਿਹਾ ਜਾ ਚੁੱਕਾ ਹੈ ਕਿ ਗੰਭੀਰ ਅਪਰਾਧਿਕ ਮਾਮਲਿਆਂ ਤੋਂ ਇਲਾਵਾ ਟ੍ਰੈਫਿਕ ਨਿਯਮ ਤੋੜਨ ਵਾਲੇ ਆਪਣੇ ਵਾਹਨਾਂ ਦੀ ਰਿਲੀਜ਼ ਲਈ ਜੁਰਮਾਨਾ ਆਰਟੀਓ ਦਫ਼ਤਰ ’ਚ ਜਮ੍ਹਾਂ ਕਰਵਾਉਣ। ਜਿਹੜੇ ਵਾਹਨ ਅਦਾਲਤੀ ਪ੍ਰਕਿਰਿਆ ’ਚ ਹਨ, ਉਨ੍ਹਾਂ ਦੇ ਮਾਲਕ ਅਦਾਲਤੀ ਹੁਕਮ ਲੈ ਕੇ ਵਾਹਨ ਛੁਡਵਾ ਸਕਦੇ ਹਨ। ਪੁਲਿਸ ਦੇ ਇਸ ਫ਼ੈਸਲੇ ਨਾਲ ਲੋਕਾਂ ਨੂੰ ਵੀ ਰਾਹਤ ਮਿਲੇਗੀ ਤੇ ਪੁਲਿਸ ਦੀ ਸਿਰਦਰਦੀ ਵੀ ਘੱਟ ਹੋਵੇਗੀ। ਸਾਲਾਂ ਤੋਂ ਯਾਰਡਾਂ ਜਾਂ ਪੁਲਿਸ ਥਾਣਿਆਂ ਦੇ ਬਾਹਰ ਖੁੱਲ੍ਹੇ ’ਚ ਪਏ ਵਾਹਨ ਕਬਾੜ ਬਣ ਰਹੇ ਹਨ, ਜੋ ਕਿਸੇ ਕੰਮ ਦੇ ਨਹੀਂ ਰਹੇ। ਅਜਿਹੇ ਵਾਹਨਾਂ ਦੇ ਡਿਸਪੋਜ਼ ਆਫ ਹੋਣ ਨਾਲ ਥਾਣਿਆਂ ਦੀ ਸਫ਼ਾਈ ਵੀ ਹੋਵੇਗੀ।