ਕੋਹਲੀ ਵੱਲੋਂ ਸੜਕਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Sat, 02 May 2026 09:03 PM (IST)
Updated Date: Sat, 02 May 2026 09:08 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਲਾਜਪਤ ਨਗਰ ’ਚ ਸ਼ਨਿਚਰਵਾਰ ਸੜਕਾਂ ਦੇ ਨਵੀਨੀਕਰਨ ਤੇ ਵਿਕਾਸ ਕਾਰਜਾਂ ਦਾ ਉਦਘਾਟਨ ਨਿਤਿਨ ਕੋਹਲੀ, ਹਲਕਾ ਇੰਚਾਰਜ ਜਲੰਧਰ ਸੈਂਟਰਲ ਵੱਲੋਂ ਕੀਤਾ ਗਿਆ। ਇਹ ਪ੍ਰੋਜੈਕਟ ਇਲਾਕੇ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਨਾਗਰਿਕਾਂ ਨੂੰ ਸੁਚੱਜੀਆਂ ਤੇ ਆਧੁਨਿਕ ਸੜਕ ਸਹੂਲਤਾਂ ਪ੍ਰਦਾਨ ਕਰਨ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਉਦਘਾਟਨ ਮੌਕੇ ਨਿਤਿਨ ਕੋਹਲੀ ਨੇ ਕਿਹਾ ਕਿ ਜਲੰਧਰ ਸੈਂਟਰਲ ਹਲਕੇ ਵਿੱਚ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ ਅਤੇ ਹਰ ਇਲਾਕੇ ਵਿਚ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨਾ ਉਨ੍ਹਾਂ ਦੀ ਮੁੱਖ ਤਰਜੀਹ ਹੈ। ਉਨ੍ਹਾਂ ਨੇ ਕਿਹਾ ਕਿ ਸੜਕਾਂ, ਸੀਵਰੇਜ ਅਤੇ ਹੋਰ ਜਨਤਕ ਸਹੂਲਤਾਂ ਦੇ ਕੰਮ ਜ਼ਮੀਨੀ ਪੱਧਰ ‘ਤੇ ਨਜ਼ਰ ਆਉਣ ਵਾਲੇ ਬਦਲਾਅ ਦੇ ਰੂਪ ਵਿੱਚ ਸਾਹਮਣੇ ਆ ਰਹੇ ਹਨ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਕਾਸ ਕਾਰਜ ਸਿਰਫ਼ ਐਲਾਨਾਂ ਤੱਕ ਸੀਮਤ ਨਹੀਂ ਰਹਿਣਗੇ, ਬਲਕਿ ਹਰ ਗਲੀ ਅਤੇ ਹਰ ਮੁਹੱਲੇ ’ਚ ਅਸਲੀ ਤਬਦੀਲੀ ਲਿਆਉਣਾ ਮੁੱਖ ਟੀਚਾ ਹੈ। ਲਾਜਪਤ ਨਗਰ ਦੀਆਂ ਸੜਕਾਂ ਦੇ ਸੁਧਾਰ ਨਾਲ ਆਵਾਜਾਈ ਸੁਗਮ ਹੋਵੇਗੀ ਅਤੇ ਸਥਾਨਕ ਵਪਾਰਕ ਗਤੀਵਿਧੀਆਂ ਨੂੰ ਵੀ ਉਤਸ਼ਾਹ ਮਿਲੇਗਾ। ਨਿਤਿਨ ਕੋਹਲੀ ਨੇ ਅੰਤ ’ਚ ਕਿਹਾ ਕਿ ਜਲੰਧਰ ਸੈਂਟਰਲ ਨੂੰ ਇੱਕ ਵਿਕਾਸਸ਼ੀਲ ਅਤੇ ਆਧੁਨਿਕ ਹਲਕੇ ਵਜੋਂ ਤਿਆਰ ਕਰਨ ਦੀ ਦਿਸ਼ਾ ਵਿੱਚ ਕੰਮ ਲਗਾਤਾਰ ਜਾਰੀ ਰਹੇਗਾ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਕਈ ਮਹੱਤਵਪੂਰਨ ਪ੍ਰੋਜੈਕਟ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ। ਇਸ ਮੌਕੇ ਗੋਲਡੀ ਮਰਵਾਹਾ, ਧੀਰਜ ਸੇਠ, ਅਜੈ ਚੋਪੜਾ, ਵਿੱਕੀ ਤੁਲਸੀ, ਮਨੀਸ਼ ਸ਼ਰਮਾ ਸਮੇਤ ਇਲਾਕੇ ਦੇ ਕਈ ਸਥਾਨਕ ਆਗੂ ਤੇ ਵੱਡੀ ਗਿਣਤੀ ਵਿੱਚ ਦੁਕਾਨਦਾਰ ਮੌਜੂਦ ਸਨ। ਸਥਾਨਕ ਲੋਕਾਂ ਨੇ ਵਿਕਾਸ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕੰਮ ਇਲਾਕੇ ਦੀ ਲੰਬੇ ਸਮੇਂ ਤੋਂ ਚੱਲ ਰਹੀ ਸਮੱਸਿਆ ਦਾ ਹੱਲ ਹੈ।